
ਕਿਸਾਨਾਂ ਨੂੰ ਫ਼ਸਲ ਦੀ ਲਾਗਤ ਦਾ ਘੱਟੋ-ਘੱਟ ਡੇਢ ਗੁਣਾ ਭਾਅ ਦਿਵਾਉਣ ਦੇ ਵਾਅਦੇ ਨੂੰ ਪੂਰਾ ਕਰਨ ਦੀ ਦਿਸ਼ਾ ਵਿਚ ਕਦਮ ਚੁਕਦਿਆਂ ਸਰਕਾਰ ਨੇ.......
ਨਵੀਂ ਦਿੱਲੀ : ਕਿਸਾਨਾਂ ਨੂੰ ਫ਼ਸਲ ਦੀ ਲਾਗਤ ਦਾ ਘੱਟੋ-ਘੱਟ ਡੇਢ ਗੁਣਾ ਭਾਅ ਦਿਵਾਉਣ ਦੇ ਵਾਅਦੇ ਨੂੰ ਪੂਰਾ ਕਰਨ ਦੀ ਦਿਸ਼ਾ ਵਿਚ ਕਦਮ ਚੁਕਦਿਆਂ ਸਰਕਾਰ ਨੇ ਝੋਨੇ ਦਾ ਘੱਟੋ ਘੱਟ ਸਮਰਥਨ ਮੁਲ (ਐਮਐਸਪੀ) 200 ਰੁਪਏ ਪ੍ਰਤੀ ਕੁਇੰਟਲ ਵਧਾ ਦਿਤਾ ਹੈ। ਸਰਕਾਰ ਨੇ ਇਹ ਫ਼ੈਸਲਾ ਅਜਿਹੇ ਸਮੇਂ ਲਿਆ ਹੈ ਕਿ ਜਦ ਖੇਤੀ ਉਪਜਾਂ ਦੇ ਮੁਲ ਡਿੱਗਣ ਤੋਂ ਕਿਸਾਨ ਪਰੇਸ਼ਾਨ ਹੈ ਅਤੇ ਇਕ ਸਾਲ ਅੰਦਰ ਆਮ ਚੋਣਾਂ ਹੋਣੀਆਂ ਹਨ। ਝੋਨੇ ਦਾ ਮੁਲ 200 ਰੁਪਏ ਵਧਾ ਕੇ 1750 ਰੁਪਏ ਪ੍ਰਤੀ ਕੁਇੰਟਲ ਅਤੇ ਝੋਨਾ ਗ੍ਰੇਡ ਏ ਦਾ ਘੱਟੋ ਘੱਟ ਸਮਰਥਨ ਮੁਲ 160 ਰੁਪਏ ਵਧਾ ਕੇ 1750 ਰੁਪਏ ਪ੍ਰਤੀ ਕੁਇੰਟਲ ਕਰ ਦਿਤਾ ਗਿਆ ਹੈ।
ਭਾਰਤੀ ਜਨਤਾ ਪਾਰਟੀ ਨੇ 2014 ਵਿਚ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਕਿਸਾਨਾਂ ਨੂੰ ਉਨ੍ਹਾਂ ਦੀ ਲਾਗਤ ਦਾ ਡੇਢ ਗੁਣਾਂ ਮੁਲ ਦਿਵਾਏਗੀ। ਇਸ ਨੂੰ ਪੂਰਾ ਕਰਨ ਲਈ ਸਰਕਾਰ ਨੇ ਇਸ ਸਾਲ ਪਹਿਲੀ ਫ਼ਰਵਰੀ ਨੂੰ ਪੇਸ਼ ਕੀਤੇ ਗਏ ਅਪਣੇ ਆਖ਼ਰੀ ਮੁਕੰਮਲ ਬਜਟ ਵਿਚ ਇਸ ਵਾਅਦੇ ਨੂੰ ਪੂਰਾ ਕਰਨ ਦਾ ਐਲਾਨ ਕੀਤਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਕੇਂਦਰੀ ਵਜ਼ਾਰਤ ਦੀ ਆਰਥਕ ਮਾਮਲਿਆਂ ਦੀ ਕਮੇਟੀ ਨੇ ਸਾਉਣੀ ਦੀਆਂ 14 ਫ਼ਸਲਾਂ ਦੀਆਂ ਐਮਐਸਪੀ ਤਜਵੀਜ਼ਾਂ ਨੂੰ ਪ੍ਰਵਾਨ ਕੀਤਾ।
Narendra Modi
ਕਪਾਹ (ਦਰਮਿਆਨੇ ਆਕਾਰ ਦਾ ਰੇਸ਼ਾ) ਦਾ ਐਮਐਸਪੀ 4020 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 5150 ਰੁਪਏ ਪ੍ਰਤੀ ਕੁਇੰਟਲ ਅਤੇ ਕਪਾਹ ਲੰਮਾ ਰੇਸ਼ਾ ਦਾ ਐਮਐਸਪੀ 4320 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 5450 ਰੁਪਏ ਪ੍ਰਤੀ ਕੁਇੰਟਲ ਕਰ ਦਿਤਾ ਗਿਆ ਹੈ। ਅਰਹਰ ਦਾ ਐਮਐਸਪੀ 5450 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 5675 ਰੁਪਏ, ਮੂੰਗ ਦਾ 5575 ਤੋਂ ਵਧਾ ਕੇ 6975 ਰੁਪਏ ਅਤੇ ਮਸਰ ਦਾ ਮੁਲ 5400 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 5600 ਰੁਪਏ ਪ੍ਰਤੀ ਕੁਇੰਟਲ ਕਰ ਦਿਤਾ ਗਿਆ ਹੈ।
ਝੋਨੇ ਦਾ ਮੁਲ ਵਧਣ ਨਾਲ ਖਾਧ ਛੋਟ 'ਤੇ 11 ਹਜ਼ਾਰ ਕਰੋੜ ਰੁਪਹੇ ਦਾ ਬੋਝ ਪਵੇਗਾ। ਸਾਲ 2017-18 ਵਿਚ ਭਾਰਤ ਵਿਚ ਅਨਾਜ ਉਤਪਾਦਨ 27.951 ਕਰੋੜ ਟਨ ਹੋਣ ਦਾ ਅਨੁਮਾਨ ਹੈ। ਇਹ ਨਵਾਂ ਕੀਰਤੀਮਾਨ ਹੋਵੇਗਾ। ਮਾਹਰਾਂ ਦਾ ਕਹਿਣਾ ਹੈ ਕਿ ਐਮਐਸਪੀ ਵਧਾਏ ਜਾਣ ਨਾਲ ਖਾਧ ਪਦਾਰਥਾਂ ਦੀ ਮਹਿੰਗਾਈ ਵਧ ਸਕਦੀ ਹੈ। (ਏਜੰਸੀ)
ਸਰਕਾਰ ਖੇਤੀ ਖੇਤਰ ਦੇ ਵਿਕਾਸ ਲਈ ਵਚਨਬੱਧ : ਮੋਦੀ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਸਰਕਾਰ ਨੇ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦੀ ਲਾਗਤ ਦਾ 1.5 ਗੁਣਾਂ ਘੱਟੋ ਘੱਟ ਸਮਰਥਨ ਮੁਲ ਦੇ ਕੇ ਅਪਣਾ ਵਾਅਦਾ ਪੂਰਾ ਕਰ ਦਿਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਖੇਤੀ ਖੇਤਰ ਦੇ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਮੋਦੀ ਨੇ ਟਵਿਟਰ 'ਤੇ ਲਿਖਿਆ, 'ਮੈਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ ਕਿ ਕਿਸਾਨ ਭਰਾਵਾਂ ਤੇ ਭੈਣਾਂ ਨਾਲ ਕੀਤਾ ਵਾਅਦਾ ਸਰਕਾਰ ਨੇ ਪੂਰਾ ਕੀਤਾ ਹੈ। ਫ਼ਸਲਾਂ ਦੇ ਮੁਲ ਵਿਚ ਇਤਿਹਾਸਕ ਵਾਧਾ ਕੀਤਾ ਗਿਆ ਹੈ। ਸਾਰੇ ਕਿਸਾਨ ਭਰਾਵਾਂ ਤੇ ਭੈਣਾਂ ਨੂੰ ਵਧਾਈ।' ਉਨ੍ਹਾਂ ਕਿਹਾ, 'ਖੇਤੀ ਖੇਤਰ ਦੇ ਵਿਕਾਸ ਅਤੇ ਕਿਸਾਨ ਭਲਾਈ ਲਈ ਜੋ ਵੀ ਪਹਿਲ ਜ਼ਰੂਰੀ ਹੈ, ਸਰਕਾਰ ਉਸ ਲਈ ਵਚਨਬੱਧ ਹੈ। ਅਸੀਂ ਇਸ ਦਿਸ਼ਾ ਵਿਚ ਲਗਾਤਾਰ ਕਦਮ ਚੁਕਦੇ ਆਏ ਹਾਂ ਅਤੇ ਅਗਿਉਂ ਵੀ ਚੁਕਾਂਗੇ।' (ਏਜੰਸੀ)