
ਭਾਰਤ ਦੀ ਕਈ ਦੇਸ਼ਾਂ ਨਾਲ ਹੋ ਰਹੀ ਹੈ ਨਿਰੰਤਰ ਗੱਲਬਾਤ
ਨਵੀਂ ਦਿੱਲੀ : ਕਰੋਨਾ ਕਾਲ ਦੀ ਸਤਾਈ ਲੋਕਾਈ ਹੁਣ ਮੁੜ ਸਿਰ-ਪੈਰ ਹੋਣ ਲਈ ਸਿਰਤੋੜ ਕੋਸ਼ਿਸ਼ਾਂ ਕਰ ਰਹੀ ਹੈ। ਇਸੇ ਦੌਰਾਨ ਬੰਦ ਹੋਏ ਕਾਰੋਬਾਰੀ ਅਦਾਰਿਆਂ ਸਮੇਤ ਆਵਾਜਾਈ ਦੇ ਸਾਧਨ ਮੁੜ ਰਫ਼ਤਾਰ ਫੜਣ ਲੱਗੇ ਹਨ। ਭਾਵੇਂ ਕਰੋਨਾ ਦੇ ਵਧਦੇ ਮਾਮਲਿਆਂ ਨੂੰ ਲੈ ਕੇ ਸਰਕਾਰ ਸਮੇਤ ਲੋਕਾਂ ਅੰਦਰ ਚਿੰਤਾ ਵੀ ਪਾਈ ਜਾ ਰਹੀ ਹੈ, ਪਰ ਜ਼ਿੰਦਗੀ ਦਾ ਨੇਮ ਹੀ ਚਲਦੇ ਰਹਿਣ 'ਚ ਹੈ, ਜਿਸ 'ਚ ਜ਼ਿਆਦਾ ਖੜੋਤ ਸੰਭਵ ਨਹੀਂ। ਸੋ ਹੁਣ ਸਰਕਾਰਾਂ ਵਲੋਂ ਵੀ ਜ਼ਿੰਦਗੀ ਦੇ ਹਰ ਖੇਤਰ ਨੂੰ ਸਰਗਰਮ ਕਰਨ ਹਿਤ ਕਦਮ ਚੁੱਕਣੇ ਸ਼ੁਰੂ ਕਰ ਦਿਤੇ ਹਨ।
international flights
ਮੀਲਾਂ ਦੀ ਦੂਰੀ ਨੂੰ ਨੇੜਤਾ 'ਚ ਤਬਦੀਲ ਕਰਨ ਦਾ ਮਾਦਾ ਰੱਖਦੀਆਂ ਘਰੇਲੂ ਹਵਾਈ ਸੇਵਾਵਾਂ ਨੂੰ ਸਰਕਾਰ ਪਹਿਲਾਂ ਹੀ ਹਰੀ ਝੰਡੀ ਦੇ ਚੁੱਕੀ ਹੈ। ਹੁਣ ਨਵੀਆਂ ਕਨਸੋਆਂ ਮੁਤਾਬਕ ਸਰਕਾਰ ਨੇ ਕੌਮਾਂਤਰੀ ਉਡਾਣਾਂ ਨੂੰ ਮੁੜ ਸ਼ੁਰੂ ਕਰਨ ਦਾ ਮੰਨ ਬਣਾ ਲਿਆ ਹੈ। ਸੂਤਰਾਂ ਮੁਤਾਬਕ ਅਮਰੀਕਾ, ਕੈਨੇਡਾ ਅਤੇ ਯੂਏਈ ਆਦਿ ਦੇਸ਼ਾਂ ਵੱਲ ਉਡਾਣਾਂ ਜੁਲਾਈ ਦੇ ਅਖ਼ੀਰ ਤਕ ਚਾਲੂ ਹੋ ਜਾਣ ਦੀ ਸੰਭਾਵਨਾ ਬਣਦੀ ਦਿਸ ਰਹੀ ਹੈ।
International Flights
ਏਅਰਪੋਰਟ ਅਥਾਰਟੀ ਆਫ਼ ਇੰਡੀਆ ਦੇ ਚੇਅਰਮੈਨ ਅਰਵਿੰਦ ਸਿੰਘ ਮੁਤਾਬਕ ਉਡਾਣਾਂ ਨੂੰ ਮੁੜ ਸ਼ੁਰੂ ਕਰਨ ਲਈ ਭਾਰਤ ਉਪਰੋਕਤ ਦੇਸ਼ਾਂ ਨਾਲ ਸੰਪਰਕ ਸਾਧ ਰਿਹਾ ਹੈ। ਇਕ ਟੀਵੀ ਚੈਨਲ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਾਡੀ ਗੱਲਬਾਤ ਬਹੁਤ ਉੱਨਤ ਸਟੇਜ 'ਤੇ ਪਹੁੰਚ ਚੁੱਕੀ ਹੈ। ਜੇਕਰ ਸਭ ਕੁੱਝ ਠੀਕ ਠਾਕ ਰਿਹਾ ਤਾਂ ਜੁਲਾਈ ਦੇ ਅਖ਼ੀਰ ਤਕ ਇਹ ਉਡਾਣਾਂ ਸ਼ੁਰੂ ਹੋਣ ਦੀ ਸੰਭਾਵਨਾ ਬਣ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਉਡਾਣਾਂ ਮੁੜ ਸ਼ੁਰੂ ਕਰਨ ਲਈ, ਅਮਰੀਕਾ, ਕੈਨੇਡਾ ਸਮੇਤ ਖਾੜੀ ਦੇਸ਼ਾਂ ਦੇ ਨਿਰੰਤਰ ਸੰਪਰਕ ਵਿਚ ਹੈ।
International Flights
ਹਾਲਾਂਕਿ ਕੈਨੇਡਾ ਲਈ ਉਡਾਣਾਂ ਸ਼ੁਰੂ ਹੋਣ 'ਚ ਕੁੱਝ ਦੇਰੀ ਦੀ ਸੰਭਾਵਨਾ ਬਣੀ ਹੋਈ ਹੈ। ਅਸਲ ਵਿਚ ਕੈਨੇਡਾ ਨੇ ਅਜੇ ਤਕ ਯਾਤਰਾ 'ਤੇ ਪਾਬੰਦੀ 'ਚ ਜ਼ਿਆਦਾ ਛੋਟ ਨਹੀਂ ਦਿਤੀ। ਦੇਸ਼ ਦੇ ਪ੍ਰਧਾਨ ਮੰਤਰੀ ਵਲੋਂ ਵੀ 31 ਜੁਲਾਈ ਤਕ ਕੌਮਾਂਤਰੀ ਉਡਾਣਾਂ 'ਤੇ ਪਾਬੰਦੀ ਵਧਾਈ ਗਈ ਹੈ। ਹਾਲਾਂਕਿ ਭਾਰਤ ਸਰਕਾਰ ਦੀ ਕੈਨੇਡਾ ਨਾਲ ਵੀ ਨਿਰੰਤਰ ਗੱਲ ਚੱਲ ਰਹੀ ਹੈ।
Flights
ਕਾਬਲੇਗੌਰ ਹੈ ਕਿ ਯੂਰਪੀ ਸੰਘ ਨੇ 15 ਦੇਸ਼ਾਂ ਲਈ ਕੌਮਾਂਤਰੀ ਉਡਾਣਾਂ ਮੁੜ ਚਾਲੂ ਕਰ ਦਿਤੀਆਂ ਹਨ। ਭਾਵੇਂ ਇਸ ਸੂਚੀ ਵਿਚ ਭਾਰਤ ਦਾ ਨਾਮ ਨਹੀਂ ਹੈ ਪਰ ਇਹ ਸੂਚੀ ਦੋ ਹਫ਼ਤਿਆਂ ਬਾਅਦ ਅਪਡੇਟ ਕੀਤੀ ਜਾਵੇਗੀ, ਜਿਸ ਦੌਰਾਨ ਕੁੱਝ ਦੇਸ਼ਾਂ ਦੇ ਨਾਮ ਸ਼ਾਮਲ ਅਤੇ ਕੁੱਝ ਦੇ ਨਾਮ ਕੱਢੇ ਵੀ ਜਾ ਸਕਦੇ ਹਨ। ਇਸ ਸਮੇਂ ਕੁੱਝ ਯੂਰਪੀ ਦੇਸ਼ ਭਾਰਤ ਅੰਦਰ ਹਵਾਈ ਅੱਡਿਆਂ 'ਤੇ ਭੀੜ-ਭੜੱਕੇ ਅਤੇ ਇੱਥੇ ਵੱਧ ਕਰੋਨਾ ਮੀਟਰ ਕਾਰਨ ਕੌਮਾਂਤਰੀ ਉਡਾਣਾਂ ਨੂੰ ਇਜਾਜ਼ਤ ਦੇਣ 'ਚ ਝਿੱਜਕ ਮਹਿਸੂਸ ਕਰ ਰਹੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ ।