
ਪ੍ਰਧਾਨ ਮੰਤਰੀ ਨਰਿੰਦਰ ਮੋਦੀ 15 ਅਗਸਤ ਨੂੰ ਰਾਸ਼ਟਰੀ ਡਿਜ਼ੀਟਲ ਸਿਹਤ ਮਿਸ਼ਨ ਦਾ ਐਲ਼ਾਨ ਕਰ ਸਕਦੇ ਹਨ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ 15 ਅਗਸਤ ਨੂੰ ਰਾਸ਼ਟਰੀ ਡਿਜ਼ੀਟਲ ਸਿਹਤ ਮਿਸ਼ਨ ਦਾ ਐਲ਼ਾਨ ਕਰ ਸਕਦੇ ਹਨ। ਇਸ ਯੋਜਨਾ ਦੇ ਤਹਿਤ ਹਰ ਨਾਗਰਿਕ ਦੀ ਸਿਹਤ ਦਾ ਡਾਟਾ ਇਕ ਪਲੇਟਫਾਰਮ ‘ਤੇ ਹੋਵੇਗਾ। ਇਸ ਤੋਂ ਇਲਾਵਾ ਹਰ ਨਾਗਰਿਕ ਦਾ ਸਿਹਤ ਆਈਡੀਕਾਰਡ ਤਿਆਰ ਕੀਤਾ ਜਾਵੇਗਾ। ਇਸ ਵਿਚ ਡਾਕਟਰ ਦੀ ਜਾਣਕਾਰੀ ਦੇ ਨਾਲ-ਨਾਲ ਦੇਸ਼ ਭਰ ਵਿਚ ਸਿਹਤ ਸੇਵਾਵਾਂ ਦੀ ਜਾਣਕਾਰੀ ਉਪਲਬਧ ਹੋਵੇਗੀ।
Doctor
ਸਕੀਮ ਨਾਲ ਜੁੜੀ ਜਾਣਕਾਰੀ ਨੈਸ਼ਨਲ ਹੈਲਥ ਅਥਾਰਟੀ ਦੇ ਸੀਈਓ ਇੰਦੂ ਭੂਸ਼ਣ ਨੇ ਸਾਂਝੀ ਕੀਤੀ ਹੈ। ਉਹਨਾਂ ਨੇ ਦੱਸਿਆ ਕਿ ਇਸ ਯੋਜਨਾ ਵਿਚ ਖ਼ਾਸ ਤੌਰ ‘ਤੇ ਚਾਰ ਚੀਜ਼ਾਂ ‘ਤੇ ਧਿਆਨ ਦਿੱਤਾ ਗਿਆ ਹੈ। ਸਿਹਤ ਆਈਡੀਕਾਰਡ, ਨਿੱਜੀ ਸਿਹਤ ਰਿਕਾਰਡ, ਨਿੱਜੀ ਡਾਕਟਰ, ਅਤੇ ਸਿਹਤ ਸਹੂਲਤਾਂ ਦੇ ਰਿਕਾਰਡ। ਬਾਅਦ ਵਿਚ ਇਸ ਮਿਸ਼ਨ ਵਿਚ ਟੈਲੀਮੈਡਿਸਿਨ ਸੇਵਾਵਾਂ ਨੂੰ ਵੀ ਜੋੜਿਆ ਜਾਵੇਗਾ।
Patient
ਇਸ ਸਕੀਮ ਵਿਚ ਹੈਲਥ ਆਈਡੀਕਾਰਡ ਧਾਰਕਾਂ ਦੀ ਜਾਣਕਾਰੀ ਨੂੰ ਸੁਰੱਖਿਅਤ ਰੱਖਿਆ ਜਾਵੇਗਾ। ਉਹਨਾਂ ਨੇ ਦੱਸਿਆ ਕਿ ਇਹ ਸਵੈਇੱਛਤ ਪਲੇਟਫਾਰਮ ਹੈ। ਇਸ ਵਿਚ ਸ਼ਾਮਲ ਹੋਣਾ ਹਰ ਕਿਸੇ ਲਈ ਲਾਜ਼ਮੀ ਨਹੀਂ ਹੋਵੇਗਾ, ਯਾਨੀ ਕਿਸੇ ਵੀ ਵਿਅਕਤੀ ਦੀ ਸਿਹਤ ਨਾਲ ਜੁੜੀ ਜਾਣਕਾਰੀ ਉਸ ਦੀ ਸਹਿਮਤੀ ਨਾਲ ਹੀ ਸਾਂਝੀ ਕੀਤੀ ਜਾਵੇਗੀ। ਇਸੇ ਤਰ੍ਹਾਂ ਡਾਕਟਰਾਂ ਅਤੇ ਹਸਪਤਾਲਾਂ ਦੀ ਸਹਿਮਤੀ ਨਾਲ ਹੀ ਉਹਨਾਂ ਦੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ।
Doctor
ਸੀਈਓ ਇੰਦੂ ਭੂਸ਼ਣ ਨੇ ਜਾਣਕਾਰੀ ਦਿੱਤੀ ਕਿ ਇਹ ਸਿਹਤ ਕਾਰਡ ਦੇ ਬਣਨ ਤੋਂ ਬਾਅਦ ਜੇਕਰ ਕੋਈ ਮਰੀਜ਼ ਡਾਕਟਰ ਦੇ ਕੋਲ ਇਲ਼ਾਜ ਲਈ ਜਾਂਦਾ ਹੈ ਤਾਂ ਉਸ ਦੀ ਸਹਿਮਤੀ ਨਾਲ ਡਾਕਟਰ ਉਸ ਦਾ ਰਿਕਾਰਡ ਆਨਲਾਈਨ ਦੇਖ ਸਕਣਗੇ। ਇਸ ਦੇ ਲਈ ਅਜਿਹਾ ਸਿਸਟਮ ਤਿਆਰ ਕੀਤਾ ਜਾ ਰਿਹਾ ਹੈ ਕਿ ਕਿਸੇ ਵੀ ਵਿਅਕਤੀ ਦੀ ਨਿੱਜੀ ਜਾਣਕਾਰੀ, ਉਸ ਦੀ ਸਹਿਮਤੀ ਤੋਂ ਬਿਨਾਂ ਕੋਈ ਦੂਜਾ ਨਹੀਂ ਦੇਖ ਸਕਦਾ। ਇਸ ਦੇ ਲਈ ਮੋਬਾਈਲ ‘ਤੇ ਵਨ ਟਾਈਮ ਪਾਸਵਰਡ (OTP) ਵਰਗੀ ਸਹੂਲਤ ਦਿੱਤੀ ਜਾ ਸਕਦੀ ਹੈ।
Patient
ਜ਼ਿਕਰਯੋਗ ਹੈ ਕਿ ਲੋਕਾਂ ਦੀ ਸਿਹਤ ਨਾਲ ਹੀ ਸਬੰਧਤ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਜਾਂ ਆਯੁਸ਼ਮਾਨ ਭਾਰਤ ਗਰੀਬਾਂ ਨੂੰ ਮੁਫ਼ਤ ਬੀਮਾ ਕਵਰੇਜ ਮੁਹੱਈਆ ਕਰਵਾਉਂਦੀ ਹੈ। ਇਹ ਦੁਨੀਆ ਦੀ ਸਭ ਤੋਂ ਵੱਡੀ ਅਤੇ ਪੂਰੀ ਤਰ੍ਹਾਂ ਸਰਕਾਰ ਵੱਲੋਂ ਪ੍ਰਾਯੋਜਿਤ ਸਿਹਤ ਬੀਮਾ ਯੋਜਨਾ ਹੈ। ਦੇਸ਼ ਦੇ ਕਾਫੀ ਗਰੀਬ ਪਰਿਵਾਰ ਇਸ ਯੋਜਨਾ ਦਾ ਲਾਭ ਲੈ ਰਹੇ ਹਨ।