
ਸਥਿਤੀ ਨੂੰ ਹੋਰ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਸਨ : ਬੀਰੇਨ ਸਿੰਘ
ਇੰਫ਼ਾਲ: ਮਨੀਪੁਰ ਦੇ ਮੁੱਖ ਮੰਤਰੀ ਐਨ. ਬੀਰੇਨ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ‘ਐਡੀਟਰਸ ਗਿਲਡ ਆਫ਼ ਇੰਡੀਆ’ ਦੇ ਮੁਖੀ ਅਤੇ ਤਿੰਨ ਮੈਂਬਰਾਂ ਵਿਰੁਧ ਐਫ਼.ਆਈ.ਆਰ. ਦਰਜ ਕੀਤੀ ਹੈ। ਮੁੱਖ ਮੰਤਰੀ ਨੇ ਉਨ੍ਹਾਂ ’ਤੇ ਲਗਭਗ ਚਾਰ ਮਹੀਨੇ ਤੋਂ ਵੱਧ ਸਮੇਂ ਤੋਂ ਜਾਤ ਅਧਾਰਤ ਸੰਘਰਸ਼ ਦੀ ਮਾਰ ਝੱਲ ਰਹੇ ਸੂਬੇ ’ਚ ਸਥਿਤੀ ਹੋਰ ਵਿਗੜਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਵੀ ਲਾਇਆ।
ਐਡੀਟਰਸ ਗਿਲਡ ਨੇ ਪਿਛਲੇ ਦਿਨੀਂ ਦਾਅਵਾ ਕੀਤਾ ਸੀ ਕਿ ਮਨੀਪੁਰ ’ਚ ਜਾਤ ਅਧਾਰਤ ਹਿੰਸਾ ’ਤੇ ਸਥਾਨਕ ਮੀਡੀਆ ’ਚ ਆਈਆਂ ਖ਼ਬਰਾਂ ਇਕਪਾਸੜ ਹਨ। ਇਸ ਦੇ ਨਾਲ ਹੀ ਉਸ ਨੇ ਸੂਬੇ ਦੀ ਅਗਵਾਈ ’ਤੇ ਪੱਖਪਾਤੀ ਰਵਈਆ ਅਪਨਾਉਣ ਦਾ ਦੋਸ਼ ਵੀ ਲਾਇਆ ਸੀ।
ਮੁੱਖ ਮੰਤਰੀ ਨੇ ਕਿਹਾ, ‘‘ਸੂਬਾ ਸਰਕਾਰ ਨੇ ਐਡੀਟਰਸ ਗਿਲਡ ਦੇ ਮੈਂਬਰਾਂ ਵਿਰੁਧ ਇਕ ਐਫ਼.ਆਈ.ਆਰ. ਦਰਜ ਕੀਤੀ ਹੈ, ਜੋ ਮਨੀਪੁਰ ਸੂਬੇ ’ਚ ਸਥਿਤੀ ਨੂੰ ਹੋਰ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਹਨ।’’
ਜਿਨ੍ਹਾਂ ਲੋਕਾਂ ਵਿਰੁਧ ਐਫ਼.ਆਈ.ਆਰ. ਦਰਜ ਕੀਤੀ ਗਈ ਹੈ ਉਨ੍ਹਾਂ ’ਚ ਐਡੀਟਰਸ ਗਿਲਡ ਦੀ ਮੁਖੀ ਸੀਮਾ ਮੁਸਤਫ਼ਾ ਅਤੇ ਤਿੰਨ ਮੈਂਬਰ- ਸੀਮਾ ਗੁਹਾ, ਭਾਰਤ ਭੂਸ਼ਣ ਅਤੇ ਸੰਜੇ ਕਪੂਰ ਸ਼ਾਮਲ ਹਨ।
ਗੁਹਾ, ਭੂਸ਼ਣ ਅਤੇ ਕਪੂਰ ਨੇ ਜਾਤ ਅਧਾਰਤ ਹਿੰਸਾ ’ਤੇ ਮੀਡੀਆ ਰੀਪੋਰਟਾਜ ਦਾ ਅਧਿਐਨ ਕਰਨ ਲਈ ਪਿਛਲੇ ਮਹੀਨੇ ਸੂਬੇ ਦਾ ਦੌਰਾ ਕੀਤਾ ਸੀ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਕਿਸੇ ਟੀਚੇ ਤਕ ਪੁੱਜਣ ਤੋਂ ਪਹਿਲਾਂ ‘ਸਾਰੇ ਭਾਈਚਾਰਿਆਂ’ ਦੇ ਪ੍ਰਤੀਨਿਧੀਆਂ ਨਾਲ ਮਿਲਣਾ ਚਾਹੀਦਾ ਸੀ, ਨਾ ਕਿ ‘ਸਿਰਫ਼ ਕੁਝ ਵਰਗਾਂ ਨਾਲ’।