
ਕਿਹਾ, ਅਦਾਲਤ ਨੇ ਡਾਕਟਰਾਂ ਨੂੰ ਕਿਹਾ ਹੈ ਕਿ ਉਹ ਸਾਡੇ ’ਤੇ ਭਰੋਸਾ ਰੱਖਣ
ਨਵੀਂ ਦਿੱਲੀ : ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐੱਮ.ਏ.) ਦੇ ਪ੍ਰਧਾਨ ਡਾ. ਆਰ. ਵੀ. ਅਸ਼ੋਕਨ ਨੇ ਕੋਲਕਾਤਾ ਦੇ ਆਰ.ਜੀ. ਕਰ ਹਸਪਤਾਲ ’ਚ ਡਾਕਟਰ ਨਾਲ ਜਬਰ ਜਨਾਹ ਅਤੇ ਕਤਲ ਨਾਲ ਜੁੜੇ ਮਾਮਲੇ ਨੂੰ ਲੈ ਕੇ ਅੰਦੋਲਨ ਕਰ ਰਹੇ ਡਾਕਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਨਸਾਫ ਦੇਣ ਅਤੇ ਕੰਮ ’ਤੇ ਪਰਤਣ ਦਾ ਕੰਮ ਸੁਪਰੀਮ ਕੋਰਟ ’ਤੇ ਛੱਡ ਦੇਣ।
ਉਨ੍ਹਾਂ ਨੇ ਇਕ ਬਿਆਨ ਵਿਚ ਕਿਹਾ ਕਿ ਇਸ ਘਟਨਾ ਨੇ ਦੇਸ਼ ਦੀ ਜ਼ਮੀਰ ਨੂੰ ਹਿਲਾ ਕੇ ਰੱਖ ਦਿਤਾ ਹੈ। ਉਨ੍ਹਾਂ ਕਿਹਾ, ‘‘ਪੂਰਾ ਦੇਸ਼ ਇਸ ਗੱਲੋਂ ਦੁਖੀ ਅਤੇ ਨਿਰਾਸ਼ ਹੈ ਕਿ ਉਹ ਇਕ ਇੱਛਾਵਾਨ ਡਾਕਟਰ ਸੀ ਅਤੇ ਹੇਠਲੇ-ਮੱਧ ਵਰਗੀ ਮਾਪਿਆਂ ਦੀ ਇਕਲੌਤੀ ਧੀ ਸੀ। ਪੂਰੇ ਦੇਸ਼ ਨੇ ਉਸ ਨੂੰ ਅਪਣੀ ਧੀ ਮੰਨ ਲਿਆ ਹੈ।’’ ਦੇਸ਼ ਭਰ ’ਚ ਡਾਕਟਰਾਂ ਦੇ ਵਿਰੋਧ ਪ੍ਰਦਰਸ਼ਨਾਂ ਦਾ ਜ਼ਿਕਰ ਕਰਦੇ ਹੋਏ ਡਾਕਟਰ ਅਸ਼ੋਕਨ ਨੇ ਕਿਹਾ ਕਿ ਮੈਡੀਕਲ ਭਾਈਚਾਰਾ ਜਾਇਜ਼ ਤੌਰ ’ਤੇ ਗੁੱਸੇ ’ਚ ਹੈ।
ਸੁਪਰੀਮ ਕੋਰਟ ਨੇ ਇਸ ਮਾਮਲੇ ਦਾ ਖੁਦ ਨੋਟਿਸ ਲੈਂਦੇ ਹੋਏ ਡਾਕਟਰਾਂ ਅਤੇ ਹੋਰ ਸਿਹਤ ਕਰਮਚਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪ੍ਰੋਟੋਕੋਲ ਤਿਆਰ ਕਰਨ ਲਈ ਇਕ ਕੌਮੀ ਟਾਸਕ ਫੋਰਸ ਦਾ ਗਠਨ ਕੀਤਾ ਹੈ।
ਅਸ਼ੋਕਨ ਨੇ ਕਿਹਾ, ‘‘ਅਦਾਲਤ ਨੇ ਡਾਕਟਰਾਂ ਨੂੰ ਕਿਹਾ ਹੈ ਕਿ ਉਹ ਸਾਡੇ ’ਤੇ ਭਰੋਸਾ ਰੱਖਣ। ਨਿਆਂ ਅਤੇ ਦਵਾਈ ਬੰਦ ਨਹੀਂ ਹੋਣੀ ਚਾਹੀਦੀ। ਸੁਪਰੀਮ ਕੋਰਟ ਨੇ ਕਿਹਾ ਹੈ। ਭਾਰਤ ਦੇ ਨਾਗਰਿਕ ਹੋਣ ਦੇ ਨਾਤੇ, ਸਮੁੱਚੇ ਡਾਕਟਰੀ ਭਾਈਚਾਰੇ ਨੂੰ ਅਦਾਲਤ ਦੇ ਆਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ।’’
ਅਸ਼ੋਕਨ ਨੇ ਕਿਹਾ, ‘‘ਮਰੀਜ਼ਾਂ ਦੀ ਦੇਖਭਾਲ ਅਤੇ ਸੁਰੱਖਿਆ ਡਾਕਟਰੀ ਪੇਸ਼ੇ ਦੀ ਮੁੱਖ ਚਿੰਤਾ ਹੈ। ਆਧੁਨਿਕ ਦਵਾਈਆਂ ਦੇ ਸਾਰੇ ਪ੍ਰੈਕਟੀਸ਼ਨਰਾਂ ਨੂੰ ਮਰੀਜ਼ਾਂ ਦੀ ਦੇਖਭਾਲ ਲਈ ਕੰਮ ’ਤੇ ਵਾਪਸ ਆਉਣਾ ਚਾਹੀਦਾ ਹੈ, ਨਿਆਂ ਸੁਪਰੀਮ ਕੋਰਟ ’ਤੇ ਛੱਡ ਦੇਣਾ ਚਾਹੀਦਾ ਹੈ।’’