
2015 ਤੋਂ ਬਾਅਦ ਪਹਿਲੀ ਵਾਰੀ ਕੋਈ ਭਾਰਤੀ ਵਿਦੇਸ਼ ਮੰਤਰੀ ਜਾਵੇਗਾ ਪਾਕਿਸਤਾਨ
ਨਵੀਂ ਦਿੱਲੀ : ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਕਤੂਬਰ ਦੇ ਅੱਧ ’ਚ ਸ਼ੰਘਾਈ ਸਹਿਯੋਗ ਸੰਗਠਨ (ਐੱਸ.ਸੀ.ਓ.) ਦੀ ਬੈਠਕ ’ਚ ਹਿੱਸਾ ਲੈਣ ਲਈ ਪਾਕਿਸਤਾਨ ਜਾਣਗੇ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਸ਼ੁਕਰਵਾਰ ਨੂੰ ਇਹ ਐਲਾਨ ਕੀਤਾ। ਪਾਕਿਸਤਾਨ ਅਕਤੂਬਰ ਦੇ ਅੱਧ ਵਿਚ ਐਸ.ਸੀ.ਓ. ਦੀ ਕੌਂਸਲ ਆਫ ਗਵਰਨਰਜ਼ (ਸੀ.ਐਚ.ਜੀ.) ਦੀ ਬੈਠਕ ਦੀ ਮੇਜ਼ਬਾਨੀ ਕਰੇਗਾ।
ਪਿਛਲੀ ਵਾਰ ਸੁਸ਼ਮਾ ਸਵਰਾਜ ਨੇ ਭਾਰਤ ਦੇ ਵਿਦੇਸ਼ ਮੰਤਰੀ ਵਜੋਂ ਪਾਕਿਸਤਾਨ ਦਾ ਦੌਰਾ ਕੀਤਾ ਸੀ। ਉਹ ਦਸੰਬਰ 2015 ਵਿਚ ਅਫਗਾਨਿਸਤਾਨ ’ਤੇ ਇਕ ਕਾਨਫਰੰਸ ਵਿਚ ਹਿੱਸਾ ਲੈਣ ਲਈ ਇਸਲਾਮਾਬਾਦ ਗਈ ਸੀ। ਜੈਸਵਾਲ ਨੇ ਅਪਣੀ ਹਫ਼ਾਤਾਵਾਰ ਪ੍ਰੈੱਸ ਕਾਨਫ਼ਰੰਸ ’ਚ ਕਿਹਾ, ‘‘ਵਿਦੇਸ਼ ਮੰਤਰੀ ਐਸ.ਸੀ.ਓ. ਸਿਖਰ ਸੰਮੇਲਨ ’ਚ ਹਿੱਸਾ ਲੈਣ ਲਈ ਸਾਡੇ ਵਫ਼ਦ ਦੀ ਅਗਵਾਈ ਕਰਨਗੇ। ਇਹ ਕਾਨਫਰੰਸ 15 ਅਤੇ 16 ਅਕਤੂਬਰ ਨੂੰ ਇਸਲਾਮਾਬਾਦ ’ਚ ਹੋਵੇਗੀ।’’ ਬੁਲਾਰੇ ਨੇ ਸਪੱਸ਼ਟ ਕੀਤਾ ਕਿ ਵਿਦੇਸ਼ ਮੰਤਰੀ ਸਿਰਫ ਐਸ.ਸੀ.ਓ. ਸਿਖਰ ਸੰਮੇਲਨ ’ਚ ਹਿੱਸਾ ਲੈਣ ਲਈ ਪਾਕਿਸਤਾਨ ਜਾਣਗੇ।
ਅਗੱਸਤ ’ਚ ਪਾਕਿਸਤਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਐਸ.ਸੀ.ਓ. ਸਿਖਰ ਸੰਮੇਲਨ ’ਚ ਸ਼ਾਮਲ ਹੋਣ ਦਾ ਸੱਦਾ ਦਿਤਾ ਸੀ। ਜੈਸ਼ੰਕਰ ਦਾ ਪਾਕਿਸਤਾਨ ਦੌਰਾ ਮਹੱਤਵਪੂਰਨ ਹੈ ਕਿਉਂਕਿ ਇਸ ਨੂੰ ਨਵੀਂ ਦਿੱਲੀ ਦੇ ਵੱਡੇ ਫੈਸਲੇ ਵਜੋਂ ਵੇਖਿਆ ਜਾ ਰਿਹਾ ਹੈ। ਸੀਨੀਅਰ ਮੰਤਰੀ ਨੂੰ ਭੇਜਣ ਦੇ ਫੈਸਲੇ ਨੂੰ ਐਸ.ਸੀ.ਓ. ਪ੍ਰਤੀ ਭਾਰਤ ਦੀ ਵਚਨਬੱਧਤਾ ਵਜੋਂ ਵੇਖਿਆ ਜਾ ਰਿਹਾ ਹੈ, ਜੋ ਖੇਤਰੀ ਸੁਰੱਖਿਆ ਸਹਿਯੋਗ ਨੂੰ ਉਤਸ਼ਾਹਤ ਕਰਨ ’ਚ ਮਹੱਤਵਪੂਰਣ ਭੂਮਿਕਾ ਨਿਭਾ ਰਿਹਾ ਹੈ।
ਪੁਲਵਾਮਾ ਅਤਿਵਾਦੀ ਹਮਲੇ ਦੇ ਜਵਾਬ ਵਿਚ ਫ਼ਰਵਰੀ 2019 ਵਿਚ ਭਾਰਤ ਦੇ ਲੜਾਕੂ ਜਹਾਜ਼ਾਂ ਨੇ ਪਾਕਿਸਤਾਨ ਦੇ ਬਾਲਾਕੋਟ ਵਿਚ ਜੈਸ਼-ਏ-ਮੁਹੰਮਦ ਦੇ ਅਤਿਵਾਦੀ ਸਿਖਲਾਈ ਕੈਂਪ ’ਤੇ ਬੰਬਾਰੀ ਕੀਤੀ ਸੀ, ਜਿਸ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਬੰਧ ਖਰਾਬ ਹੋ ਗਏ ਸਨ। ਭਾਰਤ ਨੇ ਵਾਰ-ਵਾਰ ਕਿਹਾ ਹੈ ਕਿ ਉਹ ਪਾਕਿਸਤਾਨ ਨਾਲ ਸਬੰਧਾਂ ਨੂੰ ਆਮ ਬਣਾਉਣਾ ਚਾਹੁੰਦਾ ਹੈ ਅਤੇ ਇਸ ਗੱਲ ’ਤੇ ਜ਼ੋਰ ਦਿਤਾ ਹੈ ਕਿ ਅਜਿਹੇ ਸਬੰਧਾਂ ਲਈ ਅਤਿਵਾਦ ਅਤੇ ਦੁਸ਼ਮਣੀ ਤੋਂ ਮੁਕਤ ਮਾਹੌਲ ਬਣਾਉਣ ਦੀ ਜ਼ਿੰਮੇਵਾਰੀ ਇਸਲਾਮਾਬਾਦ ਦੀ ਹੈ।
ਸਰਕਾਰਾਂ ਦੇ ਮੁਖੀਆਂ ਦੀ ਐਸ.ਸੀ.ਓ. ਕੌਂਸਲ ਸਮੂਹ ਦਾ ਦੂਜਾ ਸੱਭ ਤੋਂ ਵੱਡਾ ਫੋਰਮ ਹੈ। ਐਸ.ਸੀ.ਓ., ਜਿਸ ’ਚ ਭਾਰਤ, ਚੀਨ, ਰੂਸ, ਪਾਕਿਸਤਾਨ, ਕਜ਼ਾਕਿਸਤਾਨ, ਕਿਰਗਿਸਤਾਨ, ਤਾਜਿਕਸਤਾਨ ਅਤੇ ਉਜ਼ਬੇਕਿਸਤਾਨ ਸ਼ਾਮਲ ਹਨ, ਇਕ ਪ੍ਰਭਾਵਸ਼ਾਲੀ ਆਰਥਕ ਅਤੇ ਸੁਰੱਖਿਆ ਸਮੂਹ ਹੈ ਜੋ ਸੱਭ ਤੋਂ ਵੱਡੇ ਅੰਤਰ-ਖੇਤਰੀ ਕੌਮਾਂਤਰੀ ਸੰਗਠਨਾਂ ’ਚੋਂ ਇਕ ਵਜੋਂ ਉਭਰਿਆ ਹੈ।
ਭਾਰਤ ਪਿਛਲੇ ਸਾਲ ਐਸ.ਸੀ.ਓ. ਦਾ ਪ੍ਰਧਾਨ ਸੀ। ਇਸ ਨੇ ਪਿਛਲੇ ਸਾਲ ਜੁਲਾਈ ’ਚ ਐਸ.ਸੀ.ਓ. ਸਿਖਰ ਸੰਮੇਲਨ ਦੀ ਵਰਚੁਅਲ ਮੇਜ਼ਬਾਨੀ ਕੀਤੀ ਸੀ। ਐਸ.ਸੀ.ਓ. ਨਾਲ ਭਾਰਤ ਦੀ ਸ਼ਮੂਲੀਅਤ 2005 ’ਚ ਇਕ ਨਿਰੀਖਕ ਦੇਸ਼ ਵਜੋਂ ਸ਼ੁਰੂ ਹੋਈ ਸੀ। ਇਹ 2017 ’ਚ ਅਸਤਾਨਾ ਸਿਖਰ ਸੰਮੇਲਨ ’ਚ ਐਸ.ਸੀ.ਓ. ਦਾ ਪੂਰਨ ਮੈਂਬਰ ਬਣ ਗਿਆ ਸੀ। ਪਾਕਿਸਤਾਨ 2017 ’ਚ ਭਾਰਤ ਦੇ ਨਾਲ ਸਥਾਈ ਮੈਂਬਰ ਬਣਿਆ ਸੀ।