
ਸਵਾ ਕਰੋੜ ਰੁਪਏ ਦੇ ਪਲਾਟ ਦਾ ਸੌਦਾ ਕਰਨ ਤੋਂ ਬਾਅਦ 65 ਲੱਖ ਦੇ ਬਦਲੇ ਬੈਗ ਵਿਚ ਕਾਗਜਾਂ ਦੀਆਂ ਪਰਚੀਆਂ ਦੇ ਕੇ ਧੋਖਾ ਕਰਨ ਦੇ ਮਾਮਲੇ ਦਾ ਪੁਲਿਸ ਨੇ ਖੁਲਾਸਾ ਕੀਤਾ ਹੈ।
ਗਾਜਿਆਬਾਦਾ, ( ਭਾਸ਼ਾ ) : ਗਾਜਿਆਬਾਦ ਦੇ ਸਿਹਾਨੀ ਗੇਟ ਥਾਣਾ ਖੇਤਰ ਵਿਚ ਪਲਾਟ ਵੇਚਣ ਵਾਲੇ ਨਾਲ ਸਵਾ ਕਰੋੜ ਰੁਪਏ ਦੇ ਪਲਾਟ ਦਾ ਸੌਦਾ ਕਰਨ ਤੋਂ ਬਾਅਦ 65 ਲੱਖ ਦੇ ਬਦਲੇ ਬੈਗ ਵਿਚ ਕਾਗਜਾਂ ਦੀਆਂ ਪਰਚੀਆਂ ਦੇ ਕੇ ਧੋਖਾ ਕਰਨ ਦੇ ਮਾਮਲੇ ਦਾ ਪੁਲਿਸ ਨੇ ਖੁਲਾਸਾ ਕੀਤਾ ਹੈ। ਪੁਲਿਸ ਵੱਲੋਂ ਜ਼ਮੀਨ ਜਾਇਦਾਦ ਦੇ ਮਾਮਲੇ ਵਿਚ ਠਗੀ ਕਰਨ ਵਾਲੇ ਇਕ ਵਿਅਕਤੀ ਨੂੰ ਗਿਰਫਤਾਰ ਕੀਤਾ ਗਿਆ ਹੈ ਜਿਸ ਨੇ 65 ਲੱਖ ਰੁਪਏ ਦੀ ਠਗੀ ਕੀਤੀ ਹੈ। ਪੁਲਿਸ ਨੇ ਇਸ ਵਿਅਕਤੀ ਤੋਂ 64 ਲੱਖ ਰੁਪਏ ਕੈਸ਼ ਵੀ ਬਰਾਮਦ ਕੀਤਾ ਹੈ।
ਵਿਚੋਲੇ ਦਲਾਲ ਨੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿਤਾ। ਪਲਾਟ ਵੇਚਣ ਵਾਲੇ ਨੂੰ ਨੋਟਾਂ ਦੇ ਬਦਲੇ ਉਸੇ ਆਕਾਰ ਦੀਆਂ ਮਾਤਾ ਦੇ ਜਾਗਰਣ ਦੀ ਪਰਚੀਆਂ ਦੇ ਦਿਤੀਆਂ। ਇਸ ਧੋਖੇ ਦੇ ਸ਼ਿਕਾਰ ਹੋਏ ਪਲਾਟ ਕਾਰੋਬਾਰੀ ਐਨ ਗਰੋਵਰ ਇਥੇ ਦੇ ਨਹਿਰੂ ਨਗਰ ਵਿਚ ਰਹਿੰਦੇ ਹਨ। ਉਨ੍ਹਾਂ ਦਾ ਸ਼ਾਲੀਮਾਰ ਗਾਰਡਨ ਵਿਚ ਸਥਿਤ ਪਲਾਟ ਨੂੰ ਵੇਚਣ ਦਾ ਸੌਦਾ ਦਲਾਲ ਨਰੇਸ਼ ਕੌਸ਼ਿਕ ਨਾਲ ਹੋਇਆ ਸੀ। ਨਰੇਸ਼ ਨੇ ਇਹ ਸੌਦਾ ਲਗਭਗ 1 ਕਰੋੜ 23 ਲੱਖ ਰੁਪਏ ਵਿਚ ਕਰਵਾਇਆ। ਖਰੀਦਣ ਵਾਲੇ ਨੇ ਦਲਾਲ ਰਾਹੀ ਗਰੋਵਰ ਨੂੰ ਸਰਕਿਲ ਰੇਟ ਦੇ ਹਿਸਾਬ ਨਾਲ 58 ਲੱਖ ਦਾ ਆਨਲਾਈਨ ਭੁਗਤਾਨ ਕਰ ਦਿਤਾ
Fraud
ਤੇ ਬਾਕੀ ਦਾ ਪੈਸਾ ਕੈਸ਼ ਦੇ ਤੌਰ ਤੇ ਰਜਿਸਟਰੀ ਵੇਲੇ ਕਰਨ ਦੀ ਗੱਲ ਹੋਈ ਸੀ। ਵੀਰਵਾਰ ਨੂੰ ਪਲਾਟ ਵੇਚਣ ਵਾਲਾ ਤਹਿਸੀਲ ਵਿਚ ਪਲਾਟ ਦੀ ਰਜਿਸਟਰੀ ਕਰਨ ਲਈ ਆਇਆ। ਖਰੀਦਾਰ ਪਾਰਟੀ ਵੱਲੋਂ ਰਜਿਸਟਰੀ ਹੋਣ ਤੋਂ ਬਾਅਦ ਨਰੇਸ਼ ਕੌਸ਼ਿਕ ਨੇ ਗਰੋਵਰ ਨੂੰ 65 ਲੱਖ ਰੁਪਏ ਨਾਲ ਭਰਿਆ ਬੈਗ ਦੇ ਦਿਤਾ। ਪੀੜਤ ਗਰੋਵਰ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਨੇ ਬੈਗ ਖੋਲ ਕੇ ਅਸਲੀ ਨੋਟ ਦੇਖੇ ਅਤੇ ਕੁਝ ਗਿਣੇ ਵੀ ਸਨ। ਇਸੇ ਦੌਰਾਨ ਮੋਬਾਈਲ ਦੀ ਘੰਟੀ ਵੱਜਣ ਤੇ ਉਹ ਨਗਦੀ ਨਾਲ ਭਰਿਆ ਬੈਗ ਐਡਵੋਕੇਟ ਦੇ ਚੈਂਬਰ ਵਿਚ ਹੀ ਰੱਖ ਕੇ ਫੋਨ ਸੁਣਨ ਲਈ ਬਾਹਰ ਨਿਕਲ ਗਏ ਸਨ।
ਕੁਝ ਸਮੇਂ ਬਾਅਦ ਵਾਪਸ ਆਇਆ ਤਾਂ ਦੇਖਿਆ ਬੈਗ ਉਥੇ ਹੀ ਪਿਆ ਸੀ। ਬੈਗ ਲੈ ਕੇ ਉਹ ਆਪਣੇ ਘਰ ਆ ਗਏ। ਪਰ ਜਦ ਬੈਗ ਦੀ ਦੁਬਾਰਾ ਜਾਂਚ ਕੀਤੀ ਤਾਂ ਗੁਲਾਬੀ ਰੰਗ ਦੇ ਕਾਗਜ਼ਾਂ ਦੀਆਂ ਜਾਗਰਣ ਦੀਆਂ ਪਰਚੀਆਂ ਦੀਆਂ ਗੱਡੀਆਂ ਨਿਕਲੀਆਂ। ਪੀੜਤ ਦੀ ਸ਼ਿਕਇਤ ਦੇ ਆਧਾਰ ਤੇ ਸ਼ਾਲੀਮਾਰ ਗਾਰਡਨ ਵਿਖੇ ਰਹਿਣ ਵਾਲੇ ਦੋਸ਼ੀ ਵਿਚੋਲੇ ਨਰੇਸ਼ ਨੂੰ ਪੁਲਿਸ ਨੇ ਗਿਰਫਤਾਰ ਕਰ ਲਿਆ ਹੈ।
ਠਗੀ ਦੀ ਰਕਮ ਵਿਚੋਂ 64 ਲੱਖ ਰੁਪਏ ਦਾ ਕੈਸ਼ ਵੀ ਉਸ ਦੇ ਘਰ ਤੋਂ ਪੁਲਿਸ ਨੇ ਬਰਾਮਦ ਕਰ ਦਿਤੇ। ਦੋਸ਼ੀ ਨਰੇਸ਼ ਕੌਸ਼ਿਕ ਨੇ ਪੁਲਿਸ ਵੱਲੋਂ ਪੁਛਗਿਛ ਦੌਰਾਨ ਦੱਸਿਆ ਕਿ ਉਸ ਦੇ ਉਪਰ 6 ਲੱਖ ਰੁਪਏ ਦਾ ਕਰਜ਼ ਸੀ। ਜਿਸ ਕਾਰਨ ਉਸ ਨੇ ਇਹ ਧੋਖਾ ਕੀਤਾ।