ਇਸ ਬਿਮਾਰੀ ਦੀ ਸ਼ੁਰੂਆਤ ਅਚਾਨਕ ਹੋ ਸਕਦੀ ਹੈ, ਅਤੇ ਇਸ 'ਚ ਪਸ਼ੂਆਂ ਨੂੰ ਉੱਠਣ ਵਿੱਚ ਮੁਸ਼ਕਿਲ ਹੁੰਦੀ ਹੈ।
ਲੁਧਿਆਣਾ - ਪਸ਼ੂਆਂ ਵਿੱਚ ਚਮੜੀ ਦੀ ਲੰਪੀ ਸਕਿਨ ਬਿਮਾਰੀ ਅਤੇ ਸੂਰਾਂ ਵਿੱਚ ਸਵਾਈਨ ਫ਼ਲੂ ਤੋਂ ਬਾਅਦ, ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਨੇ ਘੋੜਾ ਪਾਲਕਾਂ ਨੂੰ ਪੰਜਾਬ ਵਿੱਚ ਹਰਪੀਜ਼ ਵਾਇਰਸ ਦੀ ਬਿਮਾਰੀ ਦੇ ਸੰਭਾਵਿਤ ਖ਼ਤਰੇ ਤੋਂ ਬਚਾਅ ਵਾਸਤੇ ਸੁਚੇਤ ਕੀਤਾ ਹੈ। ਪਿਛਲੇ ਦੋ ਮਹੀਨਿਆਂ ਤੋਂ ਯੂਨੀਵਰਸਿਟੀ ਦੇ ਹਸਪਤਾਲ ਵਿੱਚ ਇਸ ਬਿਮਾਰੀ ਦੀ ਸ਼ਿਕਾਇਤ ਵਾਲੇ ਘੋੜੇ ਵੱਡੀ ਗਿਣਤੀ ਵਿੱਚ ਆਏ, ਜਿਨ੍ਹਾਂ ਵਿੱਚ ਘਬਰਾਹਟ ਦੇ ਲੱਛਣ ਦਿਖਾਈ ਦਿੱਤੇ ਸੀ।
ਇਹ ਬਿਮਾਰੀ ਪੰਜਾਬ ਦੇ ਲਗਭਗ ਸਾਰੇ ਹਿੱਸਿਆਂ ਵਿੱਚ ਮੌਜੂਦ ਹੈ, ਅਤੇ ਜ਼ਿਆਦਾਤਰ ਮਾਮਲੇ ਮਾਲਵਾ ਖੇਤਰ ਬਠਿੰਡਾ, ਫਰੀਦਕੋਟ, ਮੁਕਤਸਰ ਸਾਹਿਬ, ਮਾਨਸਾ ਅਤੇ ਮੋਗਾ ਆਦਿ ਤੋਂ ਸਾਹਮਣੇ ਆ ਰਹੇ ਹਨ ਜੋ ਕਿ ਸੂਬੇ ਦੇ ਘੋੜਾ ਪਾਲਕਾਂ ਦੇ ਗੜ੍ਹ ਮੰਨੇ ਜਾਂਦੇ ਹਨ।
ਉੱਤਰੀ ਭਾਰਤ ਵਿੱਚ ਪੁਲਿਸ, ਆਈਟੀਬੀਪੀ, ਬੀਐਸਐਫ਼ ਅਤੇ ਹੋਰ ਅਰਧ ਸੈਨਿਕ ਅਤੇ ਫ਼ੌਜੀ ਬਲਾਂ ਨਾਲ ਸੰਬੰਧਿਤ ਵੱਡੀ ਗਿਣਤੀ ਵਿੱਚ ਘੋੜਿਆਂ ਨੂੰ ਇਸ ਬਿਮਾਰੀ ਤੋਂ ਖ਼ਤਰਾ ਹੈ ਅਤੇ ਇਸ ਤੋਂ ਬਚਾਅ ਲਈ ਟੀਕਾਕਰਨ ਕੀਤਾ ਜਾਣਾ ਚਾਹੀਦਾ ਹੈ। ਇਹ ਜਾਣਕਾਰੀ ਡਾਕਟਰ ਅਸ਼ਵਨੀ ਕੁਮਾਰ, ਐਚ.ਓ.ਡੀ. ਵੈਟਰਨਰੀ ਮੈਡੀਸਨ ਨੇ ਦਿੱਤੀ।
ਲੱਛਣਾਂ ਬਾਰੇ ਚਰਚਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਸ ਬਿਮਾਰੀ ਦੀ ਸ਼ੁਰੂਆਤ ਅਚਾਨਕ ਹੋ ਸਕਦੀ ਹੈ, ਅਤੇ ਇਸ 'ਚ ਪਸ਼ੂਆਂ ਨੂੰ ਉੱਠਣ ਵਿੱਚ ਮੁਸ਼ਕਿਲ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪਸ਼ੂਆਂ ਨੂੰ ਉੱਠਣ ਤੇ ਚੱਲਣ ਲਈ ਸਹਾਰੇ ਦੀ ਲੋੜ ਵੀ ਲੱਛਣਾਂ 'ਚ ਦਿਖਾਈ ਦਿੰਦੀ ਹੈ।