
ਉਤਰ ਪ੍ਰਦੇਸ਼ ਦੇ ਆਗਰਾ ’ਚ ਵਾਪਰਿਆ ਹਾਦਸਾ, ਜਾਨੀ ਨੁਕਸਾਨ ਤੋਂ ਹੋਇਆ ਬਚਾਅ
ਆਗਰਾ : ਭਾਰਤੀ ਹਵਾਈ ਫੌਜ ਦਾ ਇਕ ਮਿਗ-29 ਲੜਾਕੂ ਜਹਾਜ਼ ਸੋਮਵਾਰ ਨੂੰ ਉੱਤਰ ਪ੍ਰਦੇਸ਼ ਦੇ ਆਗਰਾ ’ਚ ਇਕ ਫਾਰਮ ’ਚ ‘ਤਕਨੀਕੀ ਖ਼ਰਾਬੀ’ ਕਾਰਨ ਹਾਦਸਾਗ੍ਰਸਤ ਹੋ ਗਿਆ। ਸੂਤਰਾਂ ਨੇ ਇਹ ਜਾਣਕਾਰੀ ਦਿਤੀ। ਇਸ ਘਟਨਾ ’ਚ ਕੋਈ ਜ਼ਖਮੀ ਨਹੀਂ ਹੋਇਆ ਅਤੇ ਪਾਇਲਟ ਸੁਰੱਖਿਅਤ ਬਾਹਰ ਨਿਕਲ ਆਏ। ਹਵਾਈ ਫ਼ੌਜ ਦੇ ਇਕ ਅਧਿਕਾਰੀ ਨੇ ਕਿਹਾ ਕਿ ਹਾਦਸੇ ਦੇ ਕਾਰਨਾਂ ਦਾ ਪਤਾ ਕਰਨ ਲਈ ਕੋਰਟ ਆਫ ਇਨਕੁਆਇਰੀ ਦੇ ਹੁਕਮ ਦਿਤੇ ਗਏ ਹਨ।
ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਤਸਵੀਰਾਂ ’ਚ ਲੜਾਕੂ ਜਹਾਜ਼ ’ਚੋਂ ਅੱਗ ਦੀਆਂ ਲਪਟਾਂ ਨਿਕਲਦੀਆਂ ਨਜ਼ਰ ਆ ਰਹੀਆਂ ਹਨ। ਭਾਰਤੀ ਹਵਾਈ ਫੌਜ ਦਾ ਇਕ ਮਿਗ-29 ਲੜਾਕੂ ਜਹਾਜ਼ 2 ਸਤੰਬਰ ਨੂੰ ਵੀ ਰਾਜਸਥਾਨ ਦੇ ਬਾੜਮੇਰ ’ਚ ਤਕਨੀਕੀ ਖਰਾਬੀ ਕਾਰਨ ਹਾਦਸਾਗ੍ਰਸਤ ਹੋ ਗਿਆ ਸੀ। ਹਾਲਾਂਕਿ ਪਾਇਲਟ ਜਹਾਜ਼ ਤੋਂ ਸੁਰੱਖਿਅਤ ਬਾਹਰ ਨਿਕਲ ਗਿਆ ਅਤੇ ਇਸ ਹਾਦਸੇ ’ਚ ਕਿਸੇ ਦੀ ਮੌਤ ਨਹੀਂ ਹੋਈ।