
ਕਿਸਾਨੀ ਸੰਘਰਸ਼ ਨੂੰ ਲੈ ਕੇ ਯੋਗ ਗੁਰੂ ਦਾ ਬਿਆਨ- ਜਦੋਂ ਸਰਕਾਰ ਦੋ ਕਦਮ ਅੱਗੇ ਵਧਾ ਰਹੀ ਹੈ ਤਾਂ ਕਿਸਾਨਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ
ਨਵੀਂ ਦਿੱਲੀ: ਕਿਸਾਨੀ ਸੰਘਰਸ਼ ਦੇ ਚਲਦਿਆਂ ਯੋਗ ਗੁਰੂ ਬਾਬਾ ਰਾਮਦੇਵ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਦੋ ਕਦਮ ਅੱਗੇ ਵਧ ਸਕਦੀ ਹੈ ਤਾਂ ਕਿਸਾਨਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿਸਾਨਾਂ ਨੂੰ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਦੇ ਬਜਾਏ ਵਿਚਕਾਰ ਦਾ ਰਸਤਾ ਕੱਢਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੰਸ਼ਾ ਸਪੱਸ਼ਟ ਕੀਤੀ।
Baba Ramdev
ਰਾਮਦੇਵ ਨੇ ਕਿਹਾ, ‘ ਮੈਨੂੰ ਨਹੀਂ ਲੱਗਦਾ ਕਿ ਪ੍ਰਧਾਨ ਮੰਤਰੀ ਕਿਸੇ ਵੀ ਤਰ੍ਹਾਂ ਕਿਸਾਨ ਵਿਰੋਧੀ ਹੋ ਸਕਦੇ ਹਨ। ਉਹ ਪਹਿਲੇ ਪ੍ਰਧਾਨ ਮੰਤਰੀ ਹਨ, ਜਿਨ੍ਹਾਂ ਨੇ ਕਿਹਾ ਕਿ ਉਹ ਕਿਸਾਨਾਂ ਦੀ ਆਮਦਨ ਦੁੱਗਣੀ ਕਰਨਾ ਚਾਹੁੰਦੇ ਹਨ ਤੇ ਉਹਨਾਂ ਨੂੰ ਇਨਸਾਫ ਵੀ ਦਿਵਾਉਣਾ ਚਾਹੁੰਦੇ ਹਨ। ਉਹਨਾਂ ਦੀ ਨੀਤੀ ਤੇ ਅਗਵਾਈ ਕਿਸੀ ਤਰ੍ਹਾਂ ਵੀ ਕਿਸਾਨ ਵਿਰੋਧੀ ਨਹੀਂ ਲਗਦੀ’।
Farmer Protest
ਰਾਮਦੇਵ ਨੇ ਕਿਹਾ ਕਿ ਪੀਐਮ ਮੋਦੀ ਨੇ ਐਮਐਸਪੀ ‘ਤੇ ਵੀ ਭਰੋਸਾ ਦਿੱਤਾ ਹੈ ਤੇ ਲਿਖਤੀ ਭਰੋਸਾ ਦੇਣ ਲਈ ਵੀ ਵਚਨਬੱਧ ਹਨ। ਉਹਨਾਂ ਕਿਹਾ ਕਿ ਇਕ ਵੀ ਕਿਸਾਨ ਦੇਸ਼ ਵਿਰੋਧੀ ਨਹੀਂ ਹੈ। ਇਹ ਵੱਖਰੀ ਗੱਲ ਹੈ ਕਿ ਕੁਝ ਲੋਕ ਕਿਸਾਨਾਂ ਦੀ ਆੜ ‘ਚ ਅਪਣੀਆਂ ਰੋਟੀਆਂ ਸੇਕਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਨ੍ਹਾਂ ਦੇ ਇਰਾਦੇ ਕੁਝ ਵੱਖਰੇ ਹਨ।