
ਗੋਆ ਵਿਧਾਨ ਸਭਾ ਦੇ ਡਿਪਟੀ ਸਪੀਕਰ ਮਾਈਕਲ ਲੋਬੋ ਨੇ ਕਿਹਾ ਕਿ ਦਿੱਲੀ ਦੇ ਏਮਜ਼ ਵਿਚ ਦਾਖ਼ਲ ਮਨੋਹਰ ਪਰੀਕਰ ਬਹੁਤ ਬੀਮਾਰ ਹਨ ਅਤੇ ਭਗਵਾਨ ਦੇ ਆਸ਼ੀਰਵਾਦ ਨਾਲ ਹੀ ਜੀ ਰਹੇ ਹਨ....
ਪਣਜੀ : ਗੋਆ ਵਿਧਾਨ ਸਭਾ ਦੇ ਡਿਪਟੀ ਸਪੀਕਰ ਮਾਈਕਲ ਲੋਬੋ ਨੇ ਕਿਹਾ ਕਿ ਦਿੱਲੀ ਦੇ ਏਮਜ਼ ਵਿਚ ਦਾਖ਼ਲ ਮਨੋਹਰ ਪਰੀਕਰ ਬਹੁਤ ਬੀਮਾਰ ਹਨ ਅਤੇ ਭਗਵਾਨ ਦੇ ਆਸ਼ੀਰਵਾਦ ਨਾਲ ਹੀ ਜੀ ਰਹੇ ਹਨ। ਲੋਬੋ ਨੇ ਪੱਤਰਕਾਰਾਂ ਨੂੰ ਕਿਹਾ ਕਿ ਜਿਸ ਦਿਨ ਪਰੀਕਰ ਮੁੱਖ ਮੰਤਰੀ ਵਜੋਂ ਅਸਤੀਫ਼ਾ ਦੇਣਗੇ ਜਾਂ ਉਨ੍ਹਾਂ ਨੂੰ 'ਕੁੱਝ ਹੋ ਜਾਵੇਗਾ' ਤਾਂ ਉਸ ਦਿਨ ਗੋਆ ਰਾਜਨੀਤਕ ਸੰਕਟ ਵਿਚ ਚਲਾ ਜਾਵੇਗਾ। 63 ਸਾਲਾ ਪਰੀਕਰ 31ਜਨਵਰੀ ਤੋਂ ਏਮਜ਼ ਵਿਚ ਦਾਖ਼ਲ ਹਨ। ਉਹ ਪਿਛਲੇ ਸਾਲ ਦਿੱਲੀ, ਨਿਯੂਯਾਰਕ, ਮੁੰਬਈ ਅਤੇ ਗੋਆ ਦੇ ਹਸਪਤਾਲਾਂ ਵਿਚ ਵੀ ਦਾਖ਼ਲ ਹੋ ਚੁੱਕੇ ਹਨ।
ਭਾਜਪਾ ਦੇ ਸੀਨੀਅਰ ਆਗੂ ਲੋਬੋ ਨੇ ਕਿਹਾ, 'ਉਨ੍ਹਾਂ ਨੂੰ ਜਿਹੜੀ ਬੀਮਾਰੀ ਹੈ, ਉਸ ਦਾ ਕੋਈ ਇਲਾਜ ਨਹੀਂ। ਪਰੀਕਰ ਦੇ ਮੁੱਖ ਮੰਤਰੀ ਰਹਿਣ ਤਕ ਕੋਈ ਰਾਜਨੀਤਕ ਸੰਕਟ ਨਹੀਂ ਪਰ ਜਿਸ ਦਿਨ ਉਨ੍ਹਾਂ ਸਿਹਤ ਸਮੱਸਿਆ ਕਾਰਨ ਅਸਤੀਫ਼ਾ ਦੇ ਦਿਤਾ ਜਾਂ ਉਨ੍ਹਾਂ ਨੂੰ ਕੁੱਝ ਹੋ ਗਿਆ ਤਾਂ ਰਾਜਨੀਤਕ ਸੰਕਟ ਆ ਜਾਵੇਗਾ। ਉਹ ਬਹੁਤ ਬੀਮਾਰ ਹਨ।' ਉਨ੍ਹਾਂ ਕਿਹਾ ਕਿ ਉਹ ਭਗਵਾਨ ਦੇ ਆਸ਼ੀਰਵਾਦ ਨਾਲ ਜੀ ਰਹੇ ਹਨ ਅਤੇ ਕੰਮ ਕਰ ਰਹੇ ਹਨ। ਪਰੀਕਰ ਗੋਆ ਵਿਚ ਗਠਜੋੜ ਸਰਕਾਰ ਦੀ ਅਗਵਾਈ ਕਰ ਰਹੇ ਹਨ ਜਿਸ ਨੂੰ ਗੋਆ ਫ਼ਾਰਵਰਡ ਪਾਰਟੀ, ਮਹਾਰਾਸ਼ਟਰਵਾਦੀ ਗੋਮਾਂਤਕ ਪਾਰਟੀ ਅਤੇ ਤਿੰਨ ਆਜ਼ਾਦ ਵਿਧਾਇਕਾਂ ਦਾ ਸਮਰਥਨ ਹੈ। (ਏਜੰਸੀ)