
ਕਿਹਾ, ਚੋਣ ਪ੍ਰਕਿਰਿਆ ਦੌਰਾਨ ਪਾਰਟੀਆਂ ਅਤੇ ਉਮੀਦਵਾਰਾਂ ਵਲੋਂ ਬੱਚਿਆਂ ਦੀ ਵਰਤੋਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ
ਚੋਣ ਪ੍ਰਚਾਰ ਦੌਰਾਨ ਕਿਸੇ ਬੱਚੇ ਨੂੰ ਗੋਦੀ ’ਚ ਵੀ ਚੁਕ ਲਿਆ ਤਾਂ ਹੋਵੇਗੀ ਕਾਰਵਾਈ
ਨਵੀਂ ਦਿੱਲੀ : ਲੋਕ ਸਭਾ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਸੋਮਵਾਰ ਨੂੰ ਸਿਆਸੀ ਪਾਰਟੀਆਂ ਨੂੰ ਕਿਹਾ ਕਿ ਉਹ ਪੋਸਟਰ ਅਤੇ ਪਰਚੇ ਸਮੇਤ ਕਿਸੇ ਵੀ ਪ੍ਰਚਾਰ ਸਮੱਗਰੀ ’ਚ ਬੱਚਿਆਂ ਦੀ ਵਰਤੋਂ ‘ਕਿਸੇ ਵੀ ਰੂਪ ’ਚ’ ਨਾ ਕਰਨ। ਸਿਆਸੀ ਪਾਰਟੀਆਂ ਨੂੰ ਜਾਰੀ ਸਲਾਹ ’ਚ ਚੋਣ ਕਮਿਸ਼ਨ ਨੇ ਚੋਣ ਪ੍ਰਕਿਰਿਆ ਦੌਰਾਨ ਪਾਰਟੀਆਂ ਅਤੇ ਉਮੀਦਵਾਰਾਂ ਵਲੋਂ ਬੱਚਿਆਂ ਦੀ ਵਰਤੋਂ ਵਿਰੁਧ ਅਪਣੀ ‘ਬਿਲਕੁਲ ਨਾ ਬਰਦਾਸ਼ਤ ਕਰਨ’ ਦੀ ਨੀਤੀ ਤੋਂ ਜਾਣੂ ਕਰਵਾਇਆ ਹੈ। ਕਮਿਸ਼ਨ ਨੇ ਕਿਹਾ ਕਿ ਨੇਤਾਵਾਂ ਅਤੇ ਉਮੀਦਵਾਰਾਂ ਨੂੰ ਪ੍ਰਚਾਰ ਗਤੀਵਿਧੀਆਂ ’ਚ ਕਿਸੇ ਵੀ ਤਰੀਕੇ ਨਾਲ ਬੱਚਿਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ, ਚਾਹੇ ਉਹ ਬੱਚਿਆਂ ਨੂੰ ਗੋਦੀ ਚੁਕਣਾ ਹੋਵੇ, ਗੱਡੀਆਂ ’ਚ ਜਾਂ ਰੈਲੀਆਂ ਵਿਚ ਲੈ ਕੇ ਜਾਣਾ ਹੋਵੇ।
ਕਮਿਸ਼ਨ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਇਹ ਪਾਬੰਦੀ ਬੱਚਿਆਂ ਦੀ ਕਿਸੇ ਵੀ ਤਰੀਕੇ ਨਾਲ ਸਿਆਸੀ ਪ੍ਰਚਾਰ ਕਰਨ ਲਈ ਵਰਤੋਂ ’ਤੇ ਵੀ ਲਾਗੂ ਹੁੰਦੀ ਹੈ, ਜਿਸ ’ਚ ਕਵਿਤਾ, ਗੀਤ, ਬੋਲੇ ਗਏ ਸ਼ਬਦ, ਸਿਆਸੀ ਪਾਰਟੀ ਜਾਂ ਉਮੀਦਵਾਰ ਦੇ ਚੋਣ ਨਿਸ਼ਾਨ ਨੂੰ ਪ੍ਰਦਰਸ਼ਿਤ ਕਰਨਾ ਸ਼ਾਮਲ ਹੈ। ਕਮਿਸ਼ਨ ਨੇ ਕਿਹਾ ਕਿ ਜੇਕਰ ਕੋਈ ਸਿਆਸਤਦਾਨ ਜੋ ਕਿਸੇ ਸਿਆਸੀ ਪਾਰਟੀ ਦੀ ਚੋਣ ਪ੍ਰਚਾਰ ਗਤੀਵਿਧੀ ਵਿਚ ਸ਼ਾਮਲ ਨਹੀਂ ਹੈ
ਅਤੇ ਕੋਈ ਬੱਚਾ ਸਿਰਫ ਅਪਣੇ ਮਾਪਿਆਂ ਜਾਂ ਸਰਪ੍ਰਸਤ ਨਾਲ ਉਸ ਦੇ ਆਸ-ਪਾਸ ਮੌਜੂਦ ਹੈ, ਤਾਂ ਇਸ ਸਥਿਤੀ ਵਿਚ ਇਸ ਨੂੰ ਹਦਾਇਤਾਂ ਦੀ ਉਲੰਘਣਾ ਨਹੀਂ ਮੰਨਿਆ ਜਾਵੇਗਾ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਚੋਣ ਕਮਿਸ਼ਨ ਦੇ ਪ੍ਰਮੁੱਖ ਹਿੱਸੇਦਾਰਾਂ ਵਜੋਂ ਸਿਆਸੀ ਪਾਰਟੀਆਂ ਦੀ ਮਹੱਤਵਪੂਰਨ ਭੂਮਿਕਾ ’ਤੇ ਲਗਾਤਾਰ ਜ਼ੋਰ ਦਿਤਾ ਹੈ। ਉਨ੍ਹਾਂ ਨੇ ਉਨ੍ਹਾਂ ਨੂੰ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਲਈ ਸਰਗਰਮ ਭਾਈਵਾਲ ਬਣਨ ਦੀ ਅਪੀਲ ਕੀਤੀ, ਖਾਸ ਕਰ ਕੇ ਆਉਣ ਵਾਲੀਆਂ ਸੰਸਦੀ ਚੋਣਾਂ ਦੇ ਮੱਦੇਨਜ਼ਰ।