
ਵਿਸ਼ੇਸ਼ ਅਦਾਲਤ ਦੇ ਹੁਕਮ ’ਤੇ ਚਾਰ ਹਫ਼ਤਿਆਂ ਲਈ ਰੋਕ ਲਗਾਈ
ਮੁੰਬਈ : ਬੰਬਈ ਹਾਈ ਕੋਰਟ ਨੇ ਸੇਬੀ ਦੀ ਸਾਬਕਾ ਚੇਅਰਪਰਸਨ ਮਾਧਵੀ ਪੁਰੀ ਬੁਚ ਅਤੇ ਪੰਜ ਹੋਰ ਅਧਿਕਾਰੀਆਂ ਵਿਰੁਧ ਸ਼ੇਅਰ ਬਾਜ਼ਾਰ ਧੋਖਾਧੜੀ ਅਤੇ ਰੈਗੂਲੇਟਰੀ ਉਲੰਘਣਾ ਦੇ ਦੋਸ਼ ’ਚ ਐਫ.ਆਈ.ਆਰ. ਦਰਜ ਕਰਨ ਦੇ ਵਿਸ਼ੇਸ਼ ਅਦਾਲਤ ਦੇ ਹੁਕਮ ’ਤੇ ਚਾਰ ਹਫ਼ਤਿਆਂ ਲਈ ਰੋਕ ਲਗਾ ਦਿਤੀ।
ਅਦਾਲਤ ਨੇ ਕਿਹਾ ਕਿ ਇਹ ਹੁਕਮ ਮਸ਼ੀਨੀ ਤਰੀਕੇ ਨਾਲ ਪਾਸ ਕੀਤਾ ਗਿਆ ਸੀ। ਜਸਟਿਸ ਸ਼ਿਵਕੁਮਾਰ ਡਿਗੇ ਦੀ ਸਿੰਗਲ ਬੈਂਚ ਨੇ ਕਿਹਾ ਕਿ ਵਿਸ਼ੇਸ਼ ਅਦਾਲਤ ਦਾ 1 ਮਾਰਚ ਦਾ ਹੁਕਮ ਬਿਨਾਂ ਵਿਸਥਾਰਤ ਜਾਣਕਾਰੀ ਅਤੇ ਦੋਸ਼ੀ ਦੀ ਕੋਈ ਵਿਸ਼ੇਸ਼ ਭੂਮਿਕਾ ਦੱਸੇ ਬਿਨਾਂ ਮਸ਼ੀਨੀ ਢੰਗ ਨਾਲ ਪਾਸ ਕੀਤਾ ਗਿਆ ਸੀ। ਹਾਈ ਕੋਰਟ ਨੇ ਕਿਹਾ, ‘‘ਸਾਰੀਆਂ ਸਬੰਧਤ ਧਿਰਾਂ ਨੂੰ ਸੁਣਨ ਅਤੇ ਵਿਸ਼ੇਸ਼ ਅਦਾਲਤ ਦੇ ਹੁਕਮ ਨੂੰ ਵੇਖਣ ਤੋਂ ਬਾਅਦ ਅਜਿਹਾ ਜਾਪਦਾ ਹੈ ਕਿ ਇਹ ਹੁਕਮ ਬਿਨਾਂ ਵਿਸਥਾਰਤ ਜਾਣਕਾਰੀ ਅਤੇ ਬਿਨੈਕਾਰਾਂ (ਬੁਚ ਅਤੇ ਹੋਰਾਂ) ਨੂੰ ਕੋਈ ਵਿਸ਼ੇਸ਼ ਭੂਮਿਕਾ ਦਿਤੇ ਬਿਨਾਂ ਪਾਸ ਕੀਤਾ ਗਿਆ ਹੈ।’’ (ਪੀਟੀਆਈ)
ਅਦਾਲਤ ਨੇ ਕਿਹਾ ਕਿ ਇਸ ਲਈ ਹੁਕਮ ’ਤੇ ਅਗਲੀ ਤਰੀਕ ਤਕ ਰੋਕ ਲਗਾਈ ਜਾਂਦੀ ਹੈ। ਸ਼ਿਕਾਇਤਕਰਤਾ (ਸਪਨ ਸ਼੍ਰੀਵਾਸਤਵ) ਨੂੰ ਪਟੀਸ਼ਨਾਂ ਦੇ ਜਵਾਬ ’ਚ ਹਲਫਨਾਮਾ ਦਾਇਰ ਕਰਨ ਲਈ ਚਾਰ ਹਫ਼ਤਿਆਂ ਦਾ ਸਮਾਂ ਦਿਤਾ ਜਾਂਦਾ ਹੈ। ਹਾਈ ਕੋਰਟ ਦਾ ਇਹ ਫੈਸਲਾ ਬਚ ਸੇਬੀ ਦੇ ਤਿੰਨ ਮੌਜੂਦਾ ਪੂਰੇ ਸਮੇਂ ਦੇ ਨਿਰਦੇਸ਼ਕਾਂ ਅਸ਼ਵਨੀ ਭਾਟੀਆ, ਅਨੰਤ ਨਾਰਾਇਣ ਜੀ ਅਤੇ ਕਮਲੇਸ਼ ਚੰਦਰ ਵਰਸ਼ਨੇ, ਬੀ.ਐਸ.ਈ. ਦੇ ਪ੍ਰਬੰਧ ਨਿਰਦੇਸ਼ਕ (ਐਮ.ਡੀ.) ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਸੁੰਦਰਰਮਨ ਰਾਮਮੂਰਤੀ ਅਤੇ ਇਸ ਦੇ ਸਾਬਕਾ ਚੇਅਰਮੈਨ ਅਤੇ ਜਨਹਿੱਤ ਨਿਰਦੇਸ਼ਕ ਪ੍ਰਮੋਦ ਅਗਰਵਾਲ ਵਲੋਂ ਦਾਇਰ ਪਟੀਸ਼ਨਾਂ ’ਤੇ ਆਇਆ ਹੈ। (ਪੀਟੀਆਈ)