
ਸ਼ਿਮਲਾ ਦੇ ਰਾਮਪੁਰ ਇਲਾਕੇ ਵਿਚ ਅੱਜ ਇਕ ਬੱਸ 500 ਮੀਟਰ ਡੂੰਘੀ ਖੱਡ ਵਿਚ ਡਿਗਣ ਕਾਰਨ 28 ਮੁਸਾਫ਼ਰਾਂ ਦੀ ਮੌਤ ਹੋ ਗਈ ਜਦਕਿ ਅੱਠ ਹੋਰ ਜ਼ਖ਼ਮੀ ਹੋ ਗਏ। ਪੁਲਿਸ ਮੁਤਾਬਕ ਹਾਦਸਾ
ਸ਼ਿਮਲਾ, 20 ਜੁਲਾਈ : ਸ਼ਿਮਲਾ ਦੇ ਰਾਮਪੁਰ ਇਲਾਕੇ ਵਿਚ ਅੱਜ ਇਕ ਬੱਸ 500 ਮੀਟਰ ਡੂੰਘੀ ਖੱਡ ਵਿਚ ਡਿਗਣ ਕਾਰਨ 28 ਮੁਸਾਫ਼ਰਾਂ ਦੀ ਮੌਤ ਹੋ ਗਈ ਜਦਕਿ ਅੱਠ ਹੋਰ ਜ਼ਖ਼ਮੀ ਹੋ ਗਏ। ਪੁਲਿਸ ਮੁਤਾਬਕ ਹਾਦਸਾ ਸ਼ਿਮਲਾ ਤੋਂ ਕਰੀਬ 140 ਕਿਲੋਮੀਟਰ ਦੂਰ ਭਾਰਤ-ਤਿੱਬਤ ਕੌਮੀ ਰਾਜਮਾਰਗ 'ਤੇ ਵਾਪਰਿਆ।
ਪੁਲਿਸ ਨੇ ਕਿਹਾ ਕਿ ਕਿਨੌਰ ਜ਼ਿਲ੍ਹੇ ਦੇ ਰੇਕਾਂਗ ਤੋਂ ਸੋਲਨ ਦੇ ਨਾਊਨੀ ਕਸਬੇ ਵੱਲ ਨਿਜੀ ਬੱਸ ਵਿਚ ਹਾਦਸੇ ਵੇਲੇ 36 ਮੁਸਾਫ਼ਰ ਸਵਾਰ ਸਨ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਮੈਜਿਸਟ੍ਰੇਟੀ ਜਾਂਚ ਦੇ ਹੁਕਮ ਦਿਤੇ ਗਏ ਹਨ ਪਰ ਮੁਢਲੀ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਬੱਸਟ ਦਾ ਟਾਇਰ ਫਟਣ ਕਾਰਨ ਹਾਦਸਾ ਵਾਪਰਿਆ।
ਸ਼ਿਮਲਾ ਦੇ ਡਿਪਟੀ ਕਮਿਸ਼ਨਰ ਰੋਹਨ ਚੰਦ ਠਾਕੁਰ ਨੇ ਕਿਹਾ ਕਿ ਸਾਰੀਆਂ 28 ਲਾਸ਼ਾਂ ਬਰਾਮਦ ਹੋ ਗਈਆਂ ਹਨ ਅਤੇ ਇਨ੍ਹਾਂ ਵਿਚੋਂ 11 ਦੀ ਪਛਾਣ ਕਰ ਲਈ ਗਈ ਹੈ। ਮਰਨ ਵਾਲਿਆਂ ਵਿਚ 18 ਪੁਰਸ਼, 9 ਮਹਿਲਾਵਾਂ ਅਤੇ ਇਕ ਬੱਚਾ ਸ਼ਾਮਲ ਹੈ। ਚਾਰ ਗੰਭੀਰ ਜ਼ਖ਼ਮੀਆਂ ਨੂੰ ਇੰਦਰਾ ਗਾਂਧੀ ਮੈਡੀਕਲ ਕਾਲਜ ਹਸਪਤਾਲ ਸ਼ਿਮਲਾ ਵਿਚ ਦਾਖ਼ਲ ਕਰਵਾਇਆ ਗਿਆ ਹੈ ਜਦਕਿ ਹੋਰਨਾਂ ਦਾ ਇਲਾਜ ਖਾਨੇਰੀ ਦੇ ਸਦਰ ਹਸਪਤਾਲ ਵਿਚ ਚੱਲ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮ੍ਰਿਤਕਾਂ ਦੇ ਵਾਰਸਾਂ ਨੂੰ ਤੁਰਤ ਆਰਥਕ ਰਾਹਤ ਵਜੋਂ 10-10 ਹਜ਼ਾਰ ਰੁਪਏ ਦਿਤੇ ਗਏ ਹਨ। ਅਪਰ ਜ਼ਿਲ੍ਹਾ ਮੈਜਿਸਟ੍ਰੇਟ ਸੁਨੀਲ ਸ਼ਰਮਾ ਰਾਹਤ ਕਾਰਜਾਂ ਦੀ ਨਿਗਰਾਨੀ ਕੀਤੀ ਜਦਕਿ ਸੀ.ਆਈ.ਐਸ.ਐਫ. ਦੀ ਇਕ ਟੀਮ ਹਾਦਸੇ ਵਾਲੇ ਸਥਾਨ 'ਤੇ ਪੁੱਜ ਗਈ। (ਪੀਟੀਆਈ)