
ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿਚ ਉੜੀ ਸੈਕਟਰ ਵਿਚ ਵਿਵਾਦ ਮਗਰੋਂ ਫ਼ੌਜ ਦੇ ਇਕ ਸਿਪਾਹੀ ਨੇ ਮੇਜਰ ਦੀ ਗੋਲੀ ਮਾਰ ਕੇ ਹਤਿਆ ਕਰ ਦਿਤੀ। ਪੁਲਿਸ ਨੇ ਦਸਿਆ ਕਿ ਉੜੀ ਸੈਕਟਰ....
ਸ੍ਰੀਨਗਰ, 18 ਜੁਲਾਈ : ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿਚ ਉੜੀ ਸੈਕਟਰ ਵਿਚ ਵਿਵਾਦ ਮਗਰੋਂ ਫ਼ੌਜ ਦੇ ਇਕ ਸਿਪਾਹੀ ਨੇ ਮੇਜਰ ਦੀ ਗੋਲੀ ਮਾਰ ਕੇ ਹਤਿਆ ਕਰ ਦਿਤੀ। ਪੁਲਿਸ ਨੇ ਦਸਿਆ ਕਿ ਉੜੀ ਸੈਕਟਰ ਅਧੀਨ ਆਉਂਦੀ ਬਟਸ਼ਰ ਚੌਕੀ 'ਤੇ ਤੈਨਾਤ ਸਿਪਾਹੀ ਨੂੰ ਮੇਜਰ ਨੇ ਮੋਬਾਈਲ ਫ਼ੋਨ ਵਰਤਣ ਤੋਂ ਰੋਕਿਆ ਸੀ ਜਿਸ ਪਿੱਛੋਂ ਦੋਹਾਂ ਵਿਚਾਲੇ ਤਕਰਾਰ ਹੋ ਗਿਆ ਅਤੇ ਸਿਪਾਹੀ ਨੇ ਅਪਣੀ ਸਰਵਿਸ ਰਾਈਫ਼ਲ ਨਾਲ ਮੇਜਰ ਸ਼ਿਖਰ ਥਾਪਾ ਨੂੰ ਗੋਲੀ ਮਾਰ ਦਿਤੀ।
ਪੁਲਿਸ ਨੇ ਕਿਹਾ ਕਿ ਸਿਪਾਹੀ ਡਿਊਟੀ ਦੌਰਾਨ ਮੋਬਾਈਲ ਫ਼ੋਨ ਦੀ ਵਰਤੋਂ ਕਰ ਰਿਹਾ ਸੀ। ਮੇਜਰ ਥਾਪਾ ਨੇ ਸਿਪਾਹੀ ਨੂੰ ਡਾਂਟਿਆ ਅਤੇ ਅਨੁਸ਼ਾਸਨੀ ਕਾਰਵਾਈ ਦੀ ਚਿਤਾਵਨੀ ਦਿਤੀ ਜਿਸ ਪਿੱਛੋਂ ਗੁੱਸੇ ਵਿਚ ਆਏ ਸਿਪਾਹੀ ਨੇ ਅਪਣੀ ਏ.ਕੇ.-47 ਰਾਈਫ਼ਲ ਨਾਲ ਮੇਜਰ 'ਤੇ ਗੋਲੀਆਂ ਚਲਾ ਦਿਤੀਆਂ। ਮੌਕੇ 'ਤੇ ਮੌਜੂਦ ਕੁੱਝ ਹੋਰ ਸਿਪਾਹੀਆਂ ਨੇ ਹਮਲਾਵਾਰ ਨੂੰ ਕਾਬੂ ਕਰ ਕੇ ਰਾਈਫ਼ਲ ਖੋਹ ਲਈ ਪਰ ਇਸ ਤੋਂ ਪਹਿਲਾਂ ਮੇਜਰ ਥਾਪਾ ਦੀ ਮੌਤ ਹੋ ਚੁੱਕੀ ਸੀ। ਮੇਜਰ ਥਾਪਾ ਧਰਮਸ਼ਾਲਾ ਦਾ ਰਹਿਣ ਵਾਲਾ ਸੀ ਅਤੇ ਅਪਣੇ ਪਿੱਛੇ ਪਤਨੀ ਤੇ ਬੇਟਾ ਛੱਡ ਗਿਆ ਹੈ। (ਪੀਟੀਆਈ)