
ਰੌਲੇ-ਰੱਪੇ ਕਾਰਨ ਸੂਚੀਬੱਧ ਨੌਂ ਬਿਲ ਅੱਗੇ ਨਾ ਵਧੇ
ਬਜਟ ਇਜਲਾਸ ਦੇ ਦੂਜੇ ਦੌਰ ਵਿਚ ਸਿਰਫ਼ ਦੋ ਦਿਨ ਬਾਕੀ ਰਹਿ ਗਏ ਹਨ ਅਤੇ ਰੌਲੇ-ਰੱਪੇ ਕਾਰਨ ਲੋਕ ਸਭਾ ਵਿਚ ਅੱਜ 20ਵੇਂ ਦਿਨ ਵੀ ਕੋਈ ਕੰਮਕਾਰ ਨਾ ਹੋਇਆ। ਦੁਪਹਿਰ 12 ਵਜੇ ਜਦ ਬੈਠਕ ਸ਼ੁਰੂ ਹੋਈ ਤਾਂ ਹੰਗਾਮਾ ਸ਼ੁਰੂ ਹੋ ਗਿਆ। ਪ੍ਰਸ਼ਨ ਕਾਲ ਅਤੇ ਸਿਫ਼ਰ ਕਾਲ ਅੱਜ ਵੀ ਚੱਲ ਨਹੀਂ ਸਕੇ। ਵਿਰੋਧੀ ਧਿਰ ਦੇ ਮੈਂਬਰ ਬੇਭਰੋਸਗੀ ਮਤੇ ਦੇ ਨੋਟਿਸ ਵੀ ਅੱਗੇ ਵਧਾਉਣ ਦੀ ਮੰਗ ਕਰ ਰਹੇ ਸਨ। ਰਾਜ ਸਭਾ ਵਿਚ ਅੱਜ ਨੌਂ ਵਾਰ ਕਾਰਵਾਈ ਰੁਕੀ ਅਤੇ ਬਾਅਦ ਵਿਚ ਬੈਠਕ ਪੂਰੇ ਦਿਨ ਲਈ ਉਠਾ ਦਿਤੀ ਗਈ। ਰੌਲੇ-ਰੱਪੇ ਕਾਰਨ ਸੂਚੀਬੱਧ ਨੌਂ ਬਿਲ ਅੱਗੇ ਨਾ ਵਧੇ। ਸਰਕਾਰ ਵਿਰੁਧ ਵਿਰੋਧੀ ਧਿਰ ਦੁਆਰਾ ਪੇਸ਼ ਬੇਭਰੋਸਗੀ ਮਤੇ 'ਤੇ ਅੱਜ ਵੀ ਹੰਗਾਮੇ ਕਾਰਨ ਅਗਲੀ ਕਾਰਵਾਈ ਨਹੀਂ ਹੋ ਸਕੀ। ਲੋਕ ਸਭਾ ਦੀ ਬੈਠਕ ਸ਼ੁਰੂ ਹੁੰਦਿਆਂ ਹੀ ਅੰਨਾਡੀਐਮਕੇ ਦੇ ਮੈਂਬਰ ਪਿਛਲੇ ਦਿਨਾਂ ਵਾਂਗ ਅਪਣੀਆਂ ਮੰਗਾਂ ਸਬੰਧੀ ਸਪੀਕਰ ਅੱਗੇ ਆ ਕੇ ਨਾਹਰੇ ਲਾਉਣ ਲੱਗ ਪਏ। ਤੇਲਗੂ ਦੇਸਮ ਪਾਰਟੀ ਦੇ ਮੈਂਬਰ ਅਪਣੀਆਂ ਥਾਵਾਂ 'ਤੇ ਖੜੇ ਹੋ ਕੇ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦਿਤੇ ਜਾਣ ਦੀ ਮੰਗ ਕਰ ਰਹੇ ਸਨ।
Sansad
ਕਾਂਗਰਸ ਮੈਂਬਰ ਗੁਰਜੀਤ ਸਿੰਘ ਔਜਲਾ ਸੰਸਦ ਵਿਚ ਅਜਿਹਾ ਕੁੜਤਾ ਪਾ ਕੇ ਆਏ ਸਨ ਜਿਸ 'ਤੇ ਦਰਬਾਰ ਸਾਹਿਬ ਵਿਚ ਲੰਗਰ 'ਤੇ ਜੀਐਸਟੀ ਵਾਪਸ ਲੈਣ ਦੀ ਮੰਗ ਕੀਤੀ ਗਈ ਸੀ। ਸਪੀਕਰ ਸੁਮਿਤਰਾ ਮਹਾਜਨ ਨੇ ਜ਼ਰੂਰੀ ਕਾਗ਼ਜ਼ ਪੇਸ਼ ਕਰਵਾਏ ਅਤੇ ਮੈਂਬਰਾਂ ਨੂੰ ਅਪਣੀਆਂ ਸੀਟਾਂ 'ਤੇ ਬੈਠਣ ਲਈ ਕਿਹਾ ਪਰ ਹੰਗਾਮਾ ਜਾਰੀ ਰਿਹਾ। ਉਧਰ, ਭਾਜਪਾ ਅਤੇ ਐਨਡੀਏ ਦੇ ਸੰਸਦ ਮੈਂਬਰਾਂ ਨੇ ਵਿਰੋਧੀ ਧਿਰ ਦੁਆਰਾ ਅੜਿੱਕਾ ਪਾਉਣ ਕਾਰਨ ਸੰਸਦ ਵਿਚ ਕੰਮਕਾਜ ਨਾ ਹੋਣ ਦੇ ਵਿਰੋਧ ਵਿਚ 23 ਦਿਨਾਂ ਦੀ ਤਨਖ਼ਾਹ ਅਤੇ ਭੱਤੇ ਨਾ ਲੈਣ ਦਾ ਫ਼ੈਸਲਾ ਕੀਤਾ ਹੈ।ਸਪੀਕਰ ਨੇ ਕਿਹਾ ਕਿ ਉਨ੍ਹਾਂ ਕੋਲ ਬਭਰੋਸਗੀ ਮਤੇ ਦੇ ਕਈ ਨੋਟਿਸ ਆਏ ਹਨ ਅਤੇ ਸਦਨ ਵਿਚ ਮਾਹੌਲ ਬਣਨ ਤਕ ਇਸ ਬਾਰੇ ਚਰਚਾ ਕਰ ਸਕਣਾ ਸੰਭਵ ਨਹੀਂ ਹੈ। ਸੰਸਦੀ ਕਾਰਜ ਮੰਤਰੀ ਅਨੰਤ ਕੁਮਾਰ ਨੇ ਅੰਨਾਡੀਐਮ ਕੇ ਦੇ ਮੈਂਬਰਾਂ ਨੂੰ ਅਪਣੀਆਂ ਥਾਵਾਂ 'ਤੇ ਜਾਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਸਰਕਾਰ ਬੇਭਰੋਸਗੀ ਮਤੇ 'ਤੇ ਚਰਚਾ ਲਈ ਤਿਆਰ ਹੈ। (ਏਜੰਸੀ)