
ਲੋਕ ਸਭਾ ਵਿਚ ਖੇਤੀ ਸੰਕਟ ਦਾ ਮੁੱਦਾ ਅੱਜ ਲਗਾਤਾਰ ਦੂਜੇ ਦਿਨ ਵੀ ਗੂੰਜਦਾ ਰਿਹਾ ਅਤੇ ਵਿਰੋਧੀ ਧਿਰ ਦੇ ਮੈਂਬਰਾਂ ਵਲੋਂ ਕੀਤੀ ਨਾਹਰੇਬਾਜ਼ੀ ਅਤੇ ਹੰਗਾਮੇ ਕਾਰਨ ਸਦਨ ਦੀ..
ਨਵੀਂ ਦਿੱਲੀ, 20 ਜੁਲਾਈ : ਲੋਕ ਸਭਾ ਵਿਚ ਖੇਤੀ ਸੰਕਟ ਦਾ ਮੁੱਦਾ ਅੱਜ ਲਗਾਤਾਰ ਦੂਜੇ ਦਿਨ ਵੀ ਗੂੰਜਦਾ ਰਿਹਾ ਅਤੇ ਵਿਰੋਧੀ ਧਿਰ ਦੇ ਮੈਂਬਰਾਂ ਵਲੋਂ ਕੀਤੀ ਨਾਹਰੇਬਾਜ਼ੀ ਅਤੇ ਹੰਗਾਮੇ ਕਾਰਨ ਸਦਨ ਦੀ ਕਾਰਵਾਈ ਦੋ ਵਾਰ ਮੁਲਤਵੀ ਕੀਤੇ ਜਾਣ ਪਿੱਛੋਂ ਦੁਪਹਿਰ 12.15 ਵਜੇ ਪੂਰੇ ਦਿਨ ਲਈ ਉਠਾ ਦਿਤੀ ਗਈ।
ਅੱਜ ਸਵੇਰੇ ਕਾਰਵਾਈ ਸ਼ੁਰੂ ਹੰਦਿਆਂ ਹੀ ਕਾਂਗਰਸ ਅਤੇ ਖੱਬੇ ਪੱਖੀ ਪਾਰਟੀਆਂ ਦੇ ਮੈਂਬਰ ਸਪੀਕਰ ਦੇ ਸਾਹਮਣੇ ਆ ਗਏ ਅਤੇ ਨਾਹਰੇਬਾਜ਼ੀ ਸ਼ੁਰੂ ਕਰ ਦਿਤੀ। ਤ੍ਰਿਣਮੂਲ ਕਾਂਗਰਸ ਅਤੇ ਰਾਸ਼ਟਰੀ ਜਨਤਾ ਦਲ ਦੇ ਮੈਂਬਰ ਵੀ ਉਨ੍ਹਾਂ ਦੀ ਨਾਲ ਨਜ਼ਰ ਆਏ। ਅੰਨਾ ਡੀ.ਐਮ.ਕੇ. ਦੇ ਮੈਂਬਰਾਂ ਦੇ ਹੱਥ ਵਿਚ ਗੁਟਕਾ ਕਾਂਡ ਦੀ ਸੀ.ਬੀ.ਆਈ. ਜਾਂਚ ਕਰਵਾਏ ਜਾਣ ਦੀ ਮੰਗ ਕਰਦੀਆਂ ਤਖ਼ਤੀਆਂ ਫੜੀਆਂ ਹੋਈਆਂ ਸਨ। ਹੰਗਾਮੇ ਕਾਰਨ ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਕੁੱਝ ਮਿੰਟ ਬਾਅਦ ਹੀ 11.30 ਵਜੇ ਤਕ ਮੁਲਤਵੀ ਕਰ ਦਿਤੀ ਗਈ । ਸਦਨ ਦੀ ਬੈਠਕ ਮੁੜ ਸ਼ੁਰੂ ਹੋਣ 'ਤੇ ਵੀ ਵਿਰੋਧੀ ਧਿਰ ਦੇ ਮੈਂਬਰਾਂ ਦਾ ਹੰਗਾਮਾ ਜਾਰੀ ਰਿਹਾ ਅਤੇ ਸਦਨ ਨੂੰ 15 ਮਿੰਟ ਲਈ ਮੁਲਤਵੀ ਕਰ ਦਿਤਾ ਗਿਆ। ਸਪੀਕਰ ਨੇ ਇਸ ਦੌਰਾਨ ਪ੍ਰਸ਼ਾਨ ਕਾਲ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਲਗਾਤਾਰ ਹੰਗਾਮੇ ਕਾਰਨ ਸਦਨ ਨੂੰ ਪੂਰੇ ਦਿਨ ਲਈ ਉਠਾ ਦਿਤਾ। (ਪੀਟੀਆਈ)