
ਐਨ.ਡੀ.ਏ. ਦੇ ਉਮੀਦਵਾਰ ਰਾਮਨਾਥ ਕੋਵਿੰਦ ਭਾਰਤ ਦੇ 14ਵੇਂ ਰਾਸ਼ਟਰਪਤੀ ਹੋਣਗੇ ਜਿਨ੍ਹਾਂ ਨੇ 65 ਫ਼ੀ ਸਦੀ ਤੋਂ ਵੱਧ ਵੋਟਾਂ ਲੈ ਕੇ ਜਿੱਤ ਦਰਜ ਕੀਤੀ। ਉਹ 25 ਜੁਲਾਈ ਨੂੰ..
ਨਵੀਂ ਦਿੱਲੀ, 20 ਜੁਲਾਈ : ਐਨ.ਡੀ.ਏ. ਦੇ ਉਮੀਦਵਾਰ ਰਾਮਨਾਥ ਕੋਵਿੰਦ ਭਾਰਤ ਦੇ 14ਵੇਂ ਰਾਸ਼ਟਰਪਤੀ ਹੋਣਗੇ ਜਿਨ੍ਹਾਂ ਨੇ 65 ਫ਼ੀ ਸਦੀ ਤੋਂ ਵੱਧ ਵੋਟਾਂ ਲੈ ਕੇ ਜਿੱਤ ਦਰਜ ਕੀਤੀ। ਉਹ 25 ਜੁਲਾਈ ਨੂੰ ਹਲਫ਼ ਲੈਣਗੇ। ਰਾਸ਼ਟਰਪਤੀ ਦੀ ਚੋਣ ਲਈ ਰਿਟਰਨਿੰਗ ਅਫ਼ਸਰ ਅਨੂਪ ਮਿਸ਼ਰਾ ਨੇ ਪੱਤਰਕਾਰਾਂ ਨੂੰ ਦਸਿਆ ਕਿ ਕੋਵਿੰਦ ਨੂੰ 65.65 ਫ਼ੀ ਸਦੀ ਵੋਟਾਂ ਮਿਲੀਆਂ ਜਦਕਿ ਵਿਰੋਧੀ ਧਿਰ ਦੀ ਉਮੀਦਵਾਰ ਨੂੰ 34.35 ਫ਼ੀ ਸਦੀ ਵੋਟਾਂ ਪ੍ਰਾਪਤ ਕੀਤੀਆਂ। ਕੋਵਿੰਦ ਨੇ ਲਗਭਗ 31 ਫ਼ੀ ਸਦੀ ਵੋਟਾਂ ਦੇ ਫ਼ਰਕ ਨਾਲ ਮੀਰਾ ਕੁਮਾਰ ਨੂੰ ਹਰਾਇਆ।
71 ਵਰ੍ਹਿਆਂ ਦੇ ਰਾਮਨਾਥ ਕੋਵਿੰਦ ਦੂਜੇ ਦਲਿਤ ਆਗੂ ਹਨ ਜੋ ਸਰਬਉਚ ਸੰਵਿਧਾਨਕ ਅਹੁਦੇ 'ਤੇ ਬੈਠਣਗੇ। ਇਸ ਤੋਂ ਪਹਿਲਾਂ ਕੇ.ਆਰ. ਨਾਰਾਇਣਨ ਦੇਸ਼ ਦੇ ਪਹਿਲੇ ਦਲਿਤ ਰਾਸ਼ਟਰਪਤੀ ਚੁਣੇ ਗਏ ਸਨ। ਕੋਵਿੰਦ ਭਾਜਪਜਾ ਦੇ ਪਹਿਲੇ ਆਗੂ ਹਨ ਜੋ ਰਾਸ਼ਟਰਪਤੀ ਅਹੁਦੇ ਲਈ ਚੁਣੇ ਗਏ। ਕੋਵਿੰਦ ਨੂੰ 2930 ਵੋਟਾਂ ਮਿਲੀਆਂ ਜੋ 7,02,044 ਇਲੈਕਟੋਰਲ ਕਾਲਜ ਵੋਟਾਂ ਬਣਦੀਆਂ ਹਨ। ਮੀਰਾ ਕੁਮਾਰ ਨੂੰ 1844 ਵੋਟਾਂ ਮਿਲੀਆਂ ਜੋ 3,67,314 ਇਲੈਕਟੋਰਲ ਕਾਲਜ ਵੋਟਾਂ ਬਣਦੀਆਂ ਹਨ।
ਕੋਵਿੰਦ ਨੂੰ 522 ਸੰਸਦ ਮੈਂਬਰਾਂ (ਲੋਕ ਸਭਾ ਅਤੇ ਰਾਜ ਸਭਾ) ਦੀਆਂ ਵੋਟਾਂ ਮਿਲੀਆਂ ਜਦਕਿ 225 ਸੰਸਦ ਮੈਂਬਰਾਂ ਨੇ ਮੀਰਾ ਕੁਮਾਰ ਨੂੰ ਵੋਟ ਪਾਈ। ਰਾਸ਼ਟਰਪਤੀ ਦੀ ਚੋਣ ਲਈ ਕੁਲ 4896 ਵੋਟਰ ਹਨ ਜਿਨ੍ਹਾਂ ਵਿਚੋਂ 4120 ਵਿਧਾਇਕ ਅਤੇ 776 ਸੰਸਦ ਮੈਂਬਰ ਸ਼ਾਮਲ ਹਨ। ਰਾਸ਼ਟਰਪਤੀ ਦੀ ਚੋਣ ਵਿਚ ਰਾਜਾਂ ਦੇ ਆਧਾਰ 'ਤੇ ਪ੍ਰਾਪਤ ਅੰਕੜਿਆਂ ਮੁਤਾਬਕ ਬਿਹਾਰ ਵਿਚ ਕੋਵਿੰਦ ਨੂੰ 22490 ਅਤੇ ਮੀਰਾ ਕੁਮਾਰ ਨੂੰ 18867 ਵੋਟਾਂ ਮਿਲੀਆਂ ਜਦਕਿ ਛੱਤੀਸਗੜ੍ਹ ਵਿਚ ਕੋਵਿੰਦ ਨੂੰ 6708 ਅਤੇ ਮੀਰਾ ਕੁਮਾਰ ਨੂੰ 4515 ਵੋਟਾਂ ਮਿਲੀਆਂ। ਝਾਰਖੰਡ ਵਿਚ ਕੋਵਿੰਦ ਨੂੰ 8976 ਅਤੇ ਮੀਰਾ ਕੁਮਾਰ ਨੂੰ 4576 ਵੋਟਾਂ ਪ੍ਰਾਪਤ ਹੋਈਆਂ। (ਪੀਟੀਆਈ)