
ਚੰਡੀਗੜ੍ਹ, 19 ਜੁਲਾਈ (ਸਪੋਕਸਮੈਨ ਸਮਾਚਾਰ ਸੇਵਾ) : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਸਰਕਾਰ 'ਚ ਤਿੰਨ ਪੰਜਾਬੀ ਸ਼ਾਮਲ ਕੀਤੇ ਗਏ ਹਨ।
ਚੰਡੀਗੜ੍ਹ, 19 ਜੁਲਾਈ (ਸਪੋਕਸਮੈਨ ਸਮਾਚਾਰ ਸੇਵਾ) : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਸਰਕਾਰ 'ਚ ਤਿੰਨ ਪੰਜਾਬੀ ਸ਼ਾਮਲ ਕੀਤੇ ਗਏ ਹਨ। ਹੈਰੀ ਬੈਂਸ ਅਤੇ ਜਿੰਨੀ ਸਿਮਜ਼ ਨੂੰ ਮੰਤਰੀ ਬਣਾਇਆ ਗਿਆ ਹੈ ਜਦਕਿ ਰਵੀ ਕਾਹਲੋਂ ਨੂੰ ਸੰਸਦੀ ਸਕੱਤਰ ਵਜੋਂ ਸ਼ਾਮਲ ਕੀਤਾ ਗਿਆ ਹੈ। ਸੂਬੇ ਦੇ ਨਵੇਂ ਮੁੱਖ ਮੰਤਰੀ ਜੌਹਨ ਜੋਸਫ਼ ਹੋਰਗਨ ਨਿਊ ਡੈਮੋਕਰੈਟਿਕ ਪਾਰਟੀ (ਐਨਡੀਪੀ) ਦੀ ਨੁਮਾਇੰਦਗੀ ਕਰਦੇ ਹਨ। ਫ਼ੈਡਰਲ ਸਰਕਾਰ ਵਿਚ ਪਹਿਲਾਂ ਹੀ ਚਾਰ ਪੰਜਾਬੀ ਮੰਤਰੀ ਅਤੇ ਮੁੱਖ ਪਾਰਲੀਮਾਨੀ ਸਕੱਤਰ ਵੀ ਹਨ।
ਹੈਰੀ ਬੈਂਸ ਜਿਸ ਨੇ ਪੰਜਾਬੀਆਂ ਦੀ ਬਹੁਤਾਤ ਵਾਲੇ ਸਰੀ ਨਿਊਟਨ ਹਲਕੇ ਤੋਂ ਭਾਰੀ ਫ਼ਰਕ ਨਾਲ ਜਿੱਤ ਹਾਸਲ ਕੀਤੀ ਸੀ, ਨੂੰ ਕਿਰਤ ਵਿਭਾਗ ਦੀ ਵਾਗਡੋਰ ਸੌਂਪੀ ਗਈ ਹੈ। ਬੈਂਸ ਲੰਮੇ ਸਮੇਂ ਤੋਂ ਵਰਕਰਾਂ ਦੇ ਹੱਕਾਂ ਲਈ ਕੰਮ ਕਰ ਰਹੇ ਹਨ। ਜਿਨੀ ਸਿਮਜ਼ ਨੂੰ ਨਾਗਰਿਕ ਅਧਿਕਾਰਾਂ ਦਾ ਵਿਭਾਗ ਦਿਤਾ ਗਿਆ
ਹੈ। ਉਹ 1975 ਵਿਚ ਇੰਗਲੈਂਡ ਤੋਂ ਕੈਨੇਡਾ ਆਈ ਸੀ ਅਤੇ ਬਾਅਦ ਵਿਚ ਰਾਜਨੀਤੀ ਵਿਚ ਆ ਗਈ ਸੀ। ਜਿਨੀ ਸਿਮਜ਼ ਨੇ ਪਾਰਲੀਮਾਨੀ ਚੋਣ ਵਿਚ ਇਕ ਹੋਰ ਉਘੇ ਪੰਜਾਬੀ ਸੁੱਖ ਧਾਲੀਵਾਲ ਨੂੰ ਹਰਾਇਆ ਸੀ। ਰਵੀ ਕਾਹਲੋਂ ਜਿਨ੍ਹਾਂ ਨੇ ਹਾਕੀ ਦੇ ਅੰਤਰਰਾਸ਼ਟਰੀ ਮੁਕਾਬਲਿਆਂ ਵਿਚ ਕੈਨੇਡਾ ਦੀ ਨੁਮਾਇੰਦਗੀ ਕੀਤੀ ਹੈ, ਨੂੰ ਸੰਸਦੀ ਸਕੱਤਰ ਬਣਾਇਆ ਗਿਆ ਹੈ। ਉਨ੍ਹਾਂ ਨੂੰ ਖੇਡ ਅਤੇ ਬਹੁਸਭਿਆਚਵਾਦ ਦਾ ਵਿਭਾਗ ਦਿਤਾ ਗਿਆ ਹੈ। ਉਹ ਪਹਿਲੀ ਵਾਰ ਡੈਲਟਾ ਤੋਂ ਐਨਡੀਪੀ ਦੀ ਟਿਕਟ 'ਤੇ ਜਿੱਤੇ ਹਨ। ਸੰਭਾਵਨਾ ਸੀ ਕਿ ਜਗਰੂਪ ਬਰਾੜ ਨੂੰ ਵੀ ਮੰਤਰੀ ਬਣਾਇਆ ਜਾਵੇਗਾ। ਬਾਸਕਟਬਾਲ ਦੇ ਸਾਬਕਾ ਅੰਤਰਰਾਸ਼ਟਰੀ ਖਿਡਾਰੀ ਜਗਰੂਪ ਸਿੰਘ ਬਰਾੜ ਬਠਿੰਡਾ ਜ਼ਿਲ੍ਹੇ ਦੇ ਪਿੰਡ ਦਿਉਣ ਦੇ ਹਨ। ਉਹ ਚੌਥੀ ਵਾਰ ਵਿਧਾਨ ਸਭਾ ਲਈ ਚੁਣੇ ਗਏ ਹਨ।