
ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਝਟਕਾ ਦਿੰਦਿਆਂ ਇਸ ਦੇ ਨਾਰਾਜ਼ ਆਗੂ ਸ਼ੰਕਰ ਸਿੰਘ ਵਾਘੇਲਾ ਨੇ ਅੱਜ ਪਾਰਟੀ ਛੱਡ ਦਿਤੀ ਪਰ ਨਾਲ ਹੀ ਸਪੱਸ਼ਟ ਕਰ ਦਿਤਾ ਕਿ
ਅਹਿਮਦਾਬਾਦ, 21 ਜੁਲਾਈ : ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਝਟਕਾ ਦਿੰਦਿਆਂ ਇਸ ਦੇ ਨਾਰਾਜ਼ ਆਗੂ ਸ਼ੰਕਰ ਸਿੰਘ ਵਾਘੇਲਾ ਨੇ ਅੱਜ ਪਾਰਟੀ ਛੱਡ ਦਿਤੀ ਪਰ ਨਾਲ ਹੀ ਸਪੱਸ਼ਟ ਕਰ ਦਿਤਾ ਕਿ ਭਾਜਪਾ ਜਾਂ ਕਿਸੇ ਵੀ ਰਾਜਸੀ ਪਾਰਟੀ ਵਿਚ ਸ਼ਾਮਲ ਹੋਣ ਬਾਰੇ ਉਨ੍ਹਾਂ ਦੀ ਕੋਈ ਯੋਜਨਾ ਨਹੀਂ ਹੈ।
ਗੁਜਰਾਤ ਦੇ ਘਾਗ ਸਿਆਸਤਦਾਨ ਮੰਨੇ ਜਾਂਦੇ ਵਾਘੇਲਾ ਨੇ ਅਪਣਾ 77ਵਾਂ ਜਨਮ ਦਿਨ ਮਨਾਉਣ ਲਈ ਹਮਾਇਤੀਆਂ ਵਲੋਂ ਕੀਤੀ ਰੈਲੀ ਵਿਚ ਕਾਂਗਰਸ ਛੱਡਣ ਦਾ ਐਲਾਨ ਕੀਤਾ। ਉਹ ਭਾਜਪਾ ਛੱਡਣ ਮਗਰੋਂ ਦੋ ਦਹਾਕੇ ਪਹਿਲਾਂ ਕਾਂਗਰਸ ਵਿਚ ਸ਼ਾਮਲ ਹੋਏ ਸਨ। ਵਾਘੇਲਾ ਨੇ ਇਹ ਐਲਾਨ ਵੀ ਕੀਤਾ ਕਿ ਉਹ ਗੁਜਰਾਤ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਵੀ ਤੁਰਤ ਅਸਤੀਫ਼ਾ ਦੇ ਦੇਣਗੇ ਅਤੇ ਸੂਬੇ ਵਿਚ 8 ਅਗੱਸਤ ਨੂੰ ਰਾਜ ਸਭਾ ਸੀਟਾਂ ਲਈ ਹੋਣ ਵਾਲੀ ਚੋਣ ਮਗਰੋਂ ਵਿਧਾਇਕ ਵਜੋਂ ਵੀ ਅਸਤੀਫ਼ਾ ਦੇ ਦੇਣਗੇ।
ਦਰਅਸਲ, 17 ਜੁਲਾਈ ਨੂੰ ਰਾਸ਼ਟਰਪਤੀ ਦੀ ਚੋਣ ਵਿਚ ਗੁਜਰਾਤ ਕਾਂਗਰਸ ਦੇ ਵਿਧਾਇਕਾਂ ਵਲੋਂ ਕੀਤੀ ਗਈ ਕਰਾਸ ਵੋਟਿੰਗ ਮਗਰੋਂ ਵਾਘੇਲਾ ਨੇ ਇਹ ਕਦਮ ਉਠਾਇਆ ਹੈ। ਰਾਸ਼ਟਰਪਤੀ ਦੀ ਚੋਣ ਵਿਚ ਮੀਰਾ ਕੁਮਾਰ ਨੂੰ ਸਿਰਫ਼ 49 ਵੋਟਾਂ ਮਿਲੀਆਂ ਜਦਕਿ ਸੂਬਾ ਵਿਧਾਨ ਸਭਾ ਵਿਚ ਪਾਰਟੀ ਵਿਧਾਇਕਾਂ ਦੀ ਗਿਣਤੀ 57 ਹੈ।
ਵਾਘੇਲਾ ਨੇ ਕਿਹਾ ਕਿ ਕਾਂਗਰਸ ਨੇ ਉਨ੍ਹਾਂ ਨੂੰ 24 ਘੰਟੇ ਪਹਿਲਾਂ ਹੀ ਕੱਢ ਦਿਤਾ ਸੀ। ਉਨ੍ਹਾਂ ਨੇ ਭਵਿੱਖ ਦੀ ਰਣਨੀਤੀ ਬਾਰੇ ਕੁੱਝ ਵੀ ਦੱਸਣ ਤੋਂ ਇਨਕਾਰ ਕਰ ਦਿਤਾ। ਸਾਬਕਾ ਮੁੱਖ ਮੰਤਰੀ ਦਾ ਸੂਬਾ ਕਾਂਗਰਸ ਨਾਲ ਤਕਰਾਰ ਚੱਲ ਰਿਹਾ ਸੀ। ਵਾਘੇਲਾ ਚਾਹੁੰਦੇ ਸਨ ਕਿ ਇਸ ਸਾਲ ਦੇ ਅਖ਼ੀਰ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਉਨ੍ਹਾਂ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨਿਆ ਜਾਵੇ। (ਪੀਟੀਆਈ)