
ਉਹਨਾਂ ਕਿਹਾ ਕਿ ਪੰਜਾਬ ਦੇ ਹਾਲਾਤ ਸ੍ਰੀਲੰਕਾ ਵਰਗੇ ਹੋਣ ਜਾ ਰਹੇ ਹਨ। ਇਸੇ ਲਈ ਉਸ ਨੇ ਆਪਣੇ ਸੂਬੇ ਦੇ ਲੋਕਾਂ ਦਾ ਧਿਆਨ ਭਟਕਾਉਣ ਲਈ ਇਹ ਮੁੱਦੇ ਉਠਾਏ ਹਨ।
ਚੰਡੀਗੜ੍ਹ: ਚੰਡੀਗੜ੍ਹ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਵਲੋਂ ਪਾਸ ਕੀਤੇ ਗਏ ਮਤੇ ਦੇ ਵਿਰੋਧ ਵਿਚ ਸੱਦੇ ਗਏ ਹਰਿਆਣਾ ਵਿਧਾਨ ਸਭਾ ਦੇ ਇਜਲਾਸ ਦੌਰਾਨ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਚੰਡੀਗੜ੍ਹ ਸਬੰਧੀ ਜੋ ਮਤਾ ਪਾਸ ਕੀਤਾ ਗਿਆ ਹੈ, ਉਹ ਸਿਆਸੀ ਅਤੇ ਸ਼ਰਾਰਤੀ ਪ੍ਰਸਤਾਵ ਹੈ ਕਿਉਂਕਿ ਪੰਜਾਬ ਦੀ ਸਰਕਾਰ ਜਾਣਦੀ ਹੈ ਕਿ ਜਿਨ੍ਹਾਂ ਰਿਆਇਤਾਂ ਦਾ ਵਾਅਦਾ ਕਰਕੇ ਉਹ ਸੱਤਾ ਵਿਚ ਆਈ ਹੈ, ਉਹ ਪੂਰੇ ਨਹੀਂ ਕਰ ਸਕਦੀ। ਐਸਵਾਈਐਲ ਦੇ ਪਾਣੀ ਦੀ ਮੰਗ ਕਰਦਿਆਂ ਉਹਨਾਂ ਕਿਹਾ ਕਿ ਹਰਿਆਣਾ ਦੇ ਖੇਤ ਪਿਆਸੇ ਪਏ ਹਨ।
ਉਹਨਾਂ ਕਿਹਾ ਕਿ ਪੰਜਾਬ ਦੇ ਹਾਲਾਤ ਸ੍ਰੀਲੰਕਾ ਵਰਗੇ ਹੋਣ ਜਾ ਰਹੇ ਹਨ। ਇਸੇ ਲਈ ਉਸ ਨੇ ਆਪਣੇ ਸੂਬੇ ਦੇ ਲੋਕਾਂ ਦਾ ਧਿਆਨ ਭਟਕਾਉਣ ਲਈ ਇਹ ਮੁੱਦੇ ਉਠਾਏ ਹਨ। ਸਾਨੂੰ ਉਹਨਾਂ ਦੀ ਨੀਅਤ ਨੂੰ ਸਮਝਣਾ ਚਾਹੀਦਾ ਹੈ ਕਿ ਉਹਨਾਂ ਦੀ ਮਨਸ਼ਾ ਕੀ ਹੈ? ਚਾਰ ਦਿਨਾਂ ਦੀ ਪਾਰਟੀ ਅਜੇ ਸ਼ੁਰੂਆਤੀ ਦੌਰ ਵਿਚ ਹੈ। ਦੁੱਧ ਦੇ ਦੰਦ ਅਜੇ ਟੁੱਟੇ ਨਹੀਂ ਹਨ ਤੇ ਗੱਲਾਂ ਚੰਡੀਗੜ੍ਹ ਦੀਆਂ ਕਰ ਰਹੇ ਹਨ।
ਉਹਨਾਂ ਕਿਹਾ ਕਿ ਕੀ ਚੰਡੀਗੜ੍ਹ ਐਵੇਂ ਹੀ ਦੇ ਦਿੱਤਾ ਜਾਵੇਗਾ। ਅਨਿਲ ਵਿਜ ਨੇ ਕਿਹਾ ਕਿ ਹਰਿਆਣਾ ਅਤੇ ਪੰਜਾਬ ਦੀ ਵੰਡ ਸਮੇਂ ਬਣੇ ਸਾਰੇ ਕਮਿਸ਼ਨਾਂ ਵਿਚ ਹਰਿਆਣਾ ਨਾਲ ਇਨਸਾਫ਼ ਨਹੀਂ ਕੀਤਾ ਗਿਆ। ਇਹ ਸੱਚ ਹੈ, ਲੰਬੀਆਂ ਲੜਾਈਆਂ ਲੜ ਕੇ ਵੀ ਅਸੀਂ ਉੱਥੇ ਹੀ ਖੜ੍ਹੇ ਹਾਂ। ਐਸਵਾਈਐਲ ਦੇ ਪਾਣੀ ਉੱਤੇ ਸਾਡਾ ਹੱਕ ਬਣਦਾ ਹੈ ਪਰ ਅਸੀਂ ਉਹ ਪਾਣੀ ਅੱਜ ਤੱਕ ਨਹੀਂ ਲਿਆ ਸਕੇ। ਇਸ ਦਾ ਹਰਿਆਣਾ ਨੂੰ ਕਿੰਨਾ ਨੁਕਸਾਨ ਹੋਇਆ, ਉਸ ਦਾ ਅਸੀਂ ਅੰਦਾਜ਼ਾ ਨਹੀਂ ਲਗਾ ਸਕਦੇ, ਸਾਡੇ ਖੇਤ ਪਿਆਸੇ ਰਹਿ ਗਏ। ਅਨਿਲ ਵਿਜ ਨੇ ਕਿਹਾ ਕਿ 1966 ਵਿਚ ਜਦੋਂ ਹਰਿਆਣਾ ਬਣਿਆ ਤਾਂ ਸਾਡੀ ਹਾਲਤ ਠੀਕ ਨਹੀਂ ਸੀ ਪਰ ਹਰਿਆਣਾ ਦੇ ਲੋਕਾਂ ਨੇ ਸਖ਼ਤ ਮਿਹਨਤ ਕੀਤੀ ਅਤੇ ਤਰੱਕੀ ਕੀਤੀ। ਅੱਜ ਅਸੀਂ ਪੰਜਾਬ ਨਾਲੋਂ ਵੱਡੇ ਦਿਸਦੇ ਹਾਂ। ਸਾਡੀ ਆਰਥਿਕਤਾ ਦਾ ਵਿਕਾਸ ਪੰਜਾਬ ਨਾਲੋਂ ਜ਼ਿਆਦਾ ਹੈ। ਅਸੀਂ ਵੱਡੇ ਹੋਣ ਦਾ ਸਬੂਤ ਦਿੱਤਾ ਹੈ।
ਅਨਿਲ ਵਿਜ ਨੇ ਕਿਹਾ ਕਿ ਮੈਨੂੰ ਚੰਗਾ ਲੱਗ ਰਿਹਾ ਹੈ ਕਿ ਅਸੀਂ ਸਾਰੇ ਆਪਣੇ ਸਿਆਸੀ ਮਤਭੇਦਾਂ ਨੂੰ ਭੁਲਾ ਕੇ ਇਸ ਮੁੱਦੇ 'ਤੇ ਕੁਝ ਵੀ ਕਰਨ ਲਈ ਤਿਆਰ ਹਾਂ। ਅੱਜ ਪੰਜਾਬ ਨੇ ਜੋ ਸ਼ਰਾਰਤਾਂ ਕੀਤੀਆਂ ਹਨ, ਉਸ ਨੂੰ ਸੰਭਾਲਣ ਦਾ ਸਮਾਂ ਹੈ। ਜਦੋਂ ਤੱਕ ਐਸਵਾਈਐਲ, ਹਿੰਦੀ ਬੋਲਦੇ ਖੇਤਰਾਂ ਅਤੇ ਚੰਡੀਗੜ੍ਹ ਦਾ ਮਸਲਾ ਹੱਲ ਨਹੀਂ ਹੁੰਦਾ ਉਦੋਂ ਤੱਕ ਅਸੀਂ ਡਟੇ ਰਹਾਂਗੇ। ਵਿਜ ਨੇ ਕਿਹਾ ਕਿ ਚੰਡੀਗੜ੍ਹ ਪੰਜਾਬ ਨੂੰ ਇਸ ਤਰ੍ਹਾਂ ਨਹੀਂ ਦਿੱਤਾ ਜਾ ਸਕਦਾ, ਜੇਕਰ ਕੇਂਦਰ ਨਵੀਂ ਰਾਜਧਾਨੀ ਲਈ ਪੈਸੇ ਨਹੀਂ ਦਿੰਦਾ ਤਾਂ ਅਸੀਂ ਉਦੋਂ ਤੱਕ ਡਟ ਕੇ ਖੜ੍ਹੇ ਰਹਾਂਗੇ।