
ਅਨਿਲ ਵਿਜ ਨੇ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਜਿੱਤ ਨਹੀਂ ਹੋਈ ਸਗੋਂ ਕੁਝ ਲੋਕਾਂ ਦੀ ਹਾਰ ਹੋਈ ਹੈ।
ਚੰਡੀਗੜ੍ਹ: ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਪੰਜਾਬ ਵਿਧਾਨ ਸਭਾ ਵਿਚ ਚੰਡੀਗੜ੍ਹ ਪੰਜਾਬ ਦੇ ਹਵਾਲੇ ਕਰਨ ਦੀ ਸਿਫ਼ਾਰਿਸ਼ ਲਈ ਪਾਸ ਕੀਤੇ ਮਤੇ 'ਤੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ 'ਬੱਚਾ ਪਾਰਟੀ’ ਕਰਾਰ ਦਿੱਤਾ ਹੈ।
ਹਰਿਆਣਾ ਦੇ ਗ੍ਰਹਿ ਮੰਤਰੀ ਨੇ ਕਿਹਾ, "ਪੰਜਾਬ ਵਿਚ ਜੋ ਸਰਕਾਰ ਆਈ ਹੈ, ਉਹ 'ਬੱਚਾ ਪਾਰਟੀ' ਹੈ, ਉਹ ਮੁੱਦਿਆਂ ਤੋਂ ਪੂਰੀ ਤਰ੍ਹਾਂ ਜਾਣੂ ਨਹੀਂ ਹਨ। ਸਿਰਫ਼ ਚੰਡੀਗੜ੍ਹ ਦਾ ਮੁੱਦਾ ਨਹੀਂ ਹੈ, ਇਸ ਨਾਲ ਐਸਵਾਈਐਲ ਦੇ ਪਾਣੀ ਦਾ ਮੁੱਦਾ, ਹਿੰਦੀ ਭਾਸ਼ੀ ਖੇਤਰਾਂ ਦਾ ਮੁੱਦਾ ਵੀ ਜੁੜਿਆ ਹੈ। ਇਹਨਾਂ ਸਭ ਦਾ ਫੈਸਲਾ ਹੋਵੇਗਾ”।
ਅਨਿਲ ਵਿਜ ਨੇ ਕਿਹਾ, "ਪੰਜਾਬ ਸਰਕਾਰ ਦੇ ਅਜੇ ਦੁੱਧ ਦੇ ਦੰਦ ਵੀ ਟੁੱਟੇ ਨਹੀਂ ਹਨ। ਇਹ ਪਾਰਟੀ ਧੋਖੇ ਨਾਲ ਬਣੀ ਹੈ। ਅੰਨਾ ਹਜ਼ਾਰੇ ਦੇ ਅੰਦੋਲਨ ਵਿਚ ਕਿਤੇ ਵੀ ਇਹ ਏਜੰਡਾ ਨਹੀਂ ਸੀ ਕਿ ਇਕ ਸਿਆਸੀ ਪਾਰਟੀ ਬਣਾਈ ਜਾਵੇਗੀ।"
ਉਹਨਾਂ ਕਿਹਾ ਕਿ ਕੁਝ ਸ਼ਰਾਰਤੀ ਅਨਸਰਾਂ ਨੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਕੇ ਧੋਖੇ ਨਾਲ ਪਾਰਟੀ ਬਣਾਈ ਹੈ। ਜਿਹੜੀ ਪਾਰਟੀ ਧੋਖੇ ਨਾਲ ਬਣੀ ਹੈ, ਉਹ ਤਾਂ ਕਦਮ-ਕਦਮ ’ਤੇ ਧੋਖਾ ਕਰੇਗੀ। ਅਨਿਲ ਵਿਜ ਨੇ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਜਿੱਤ ਨਹੀਂ ਹੋਈ ਸਗੋਂ ਕੁਝ ਲੋਕਾਂ ਦੀ ਹਾਰ ਹੋਈ ਹੈ।