
ਕਿਹਾ- ਭਾਰਤ ’ਚ ਤੇਲ ਕੀਮਤਾਂ ਵਿਚ ਵਾਧਾ ਹੋਰ ਦੇਸ਼ਾਂ ਦੀਆਂ ਕੀਮਤਾਂ ਵਿਚ ਵਾਧੇ ਦਾ 1/10ਵਾਂ ਹਿੱਸਾ ਹੈ।
ਨਵੀਂ ਦਿੱਲੀ: ਭਾਰਤ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦਿਨੋਂ ਦਿਨ ਵੱਧ ਰਹੀਆਂ ਹਨ। ਇਸ ਦੇ ਚਲਦਿਆਂ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਮੰਗਲਵਾਰ ਨੂੰ ਸੰਸਦ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਤੇ ਚਰਚਾ ਦੌਰਾਨ ਵਿਸ਼ਵ ਪੱਧਰ 'ਤੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧੇ ਦਾ ਹਵਾਲਾ ਦਿੱਤਾ। ਉਹਨਾਂ ਨੇ ਕਿਹਾ ਕਿ ਭਾਰਤ ਵਿਚ ਤੇਲ ਦੀਆਂ ਕੀਮਤਾਂ ਵਿਚ ਵਾਧਾ ਹੋਰ ਦੇਸ਼ਾਂ ਦੀ ਤੁਲਨਾ ਵਿਚ ਬਹੁਤ ਘੱਟ ਹੈ।
ਉਹਨਾਂ ਕਿਹਾ, “ਭਾਰਤ ’ਚ ਤੇਲ ਕੀਮਤਾਂ ਵਿਚ ਵਾਧਾ ਹੋਰ ਦੇਸ਼ਾਂ ਦੀਆਂ ਕੀਮਤਾਂ ਵਿਚ ਵਾਧੇ ਦਾ 1/10ਵਾਂ ਹਿੱਸਾ ਹੈ। ਅਪ੍ਰੈਲ 2021 ਤੋਂ ਮਾਰਚ 2022 ਤੱਕ ਅਮਰੀਕਾ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ 51 ਫੀਸਦੀ, ਕੈਨੇਡਾ 'ਚ 52 ਫੀਸਦੀ, ਜਰਮਨੀ 'ਚ 55 ਫੀਸਦੀ, ਫਰਾਂਸ 'ਚ 50 ਫੀਸਦੀ, ਸਪੇਨ 'ਚ 58 ਫੀਸਦੀ ਵਾਧਾ ਹੋਇਆ ਜਦਕਿ ਭਾਰਤ 'ਚ ਸਿਰਫ 5 ਫੀਸਦੀ ਵਾਧਾ ਹੋਇਆ”।
ਇਹ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਵੀ 14 ਮਾਰਚ ਨੂੰ ਹਰਦੀਪ ਪੁਰੀ ਨੇ ਕਿਹਾ ਸੀ ਕਿ 'ਮੇਰੇ ਕੋਲ ਅਮਰੀਕਾ, ਕੈਨੇਡਾ, ਜਰਮਨੀ, ਯੂ.ਕੇ., ਫਰਾਂਸ, ਸਪੇਨ, ਸ੍ਰੀਲੰਕਾ ਅਤੇ ਭਾਰਤ ਦਾ ਡਾਟਾ ਹੈ। ਇਹਨਾਂ ਸਾਰੇ ਦੇਸ਼ਾਂ ਵਿਚ ਹਾਲ ਹੀ ਦੇ ਦਿਨਾਂ ਵਿਚ ਪੈਟਰੋਲ ਦੀਆਂ ਕੀਮਤਾਂ ਵਿਚ 50%, 55%, 58%, 55% ਦਾ ਵਾਧਾ ਹੋਇਆ ਹੈ। ਜਦਕਿ ਭਾਰਤ ਵਿੱਚ ਇਸ ਵਿੱਚ ਸਿਰਫ਼ 5% ਦਾ ਵਾਧਾ ਹੋਇਆ ਹੈ’।
ਜ਼ਿਕਰਯੋਗ ਹੈ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਮੰਗਲਵਾਰ ਨੂੰ ਫਿਰ 80 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ। ਪਿਛਲੇ ਦੋ ਹਫ਼ਤਿਆਂ ਵਿਚ ਕੁੱਲ 9.40 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਜਨਤਕ ਖੇਤਰ ਦੀਆਂ ਪੈਟਰੋਲੀਅਮ ਮਾਰਕੀਟਿੰਗ ਕੰਪਨੀਆਂ ਵੱਲੋਂ ਜਾਰੀ ਕੀਮਤ ਨੋਟੀਫਿਕੇਸ਼ਨ ਮੁਤਾਬਕ ਰਾਸ਼ਟਰੀ ਰਾਜਧਾਨੀ 'ਚ ਪੈਟਰੋਲ ਦੀ ਕੀਮਤ 103.81 ਰੁਪਏ ਪ੍ਰਤੀ ਲੀਟਰ ਤੋਂ ਵਧ ਕੇ 104.61 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 95.07 ਰੁਪਏ ਪ੍ਰਤੀ ਲੀਟਰ ਤੋਂ ਵਧ ਕੇ 95.87 ਰੁਪਏ ਪ੍ਰਤੀ ਲੀਟਰ ਹੋ ਗਈ ਹੈ।