
Odisha News: ਉਬਲਦੇ ਚੌਲਾਂ 'ਚ ਡਿੱਗਣ ਕਾਰਨ 8 ਸਾਲ ਦਾ ਬੱਚਾ ਜ਼ਖਮੀ, ਹੈੱਡਮਾਸਟਰ ਖਿਲਾਫ ਜਾਂਚ ਦੇ ਹੁਕਮ
Odisha News : ਓਡੀਸ਼ਾ ਦੇ ਕੇਂਦਰਪਾੜਾ ਜ਼ਿਲੇ (Kendrapara Odisha) ਦੇ ਇਕ ਸਕੂਲ 'ਚ ਦਰਦਨਾਕ ਘਟਨਾ ਸਾਹਮਣੇ ਆਈ ਹੈ। ਇਥੇ ਵੀਰਵਾਰ ਨੂੰ ਮਿਡ-ਡੇ-ਮੀਲ ਲਈ ਚੌਲ ਪਕਾਏ ਜਾ ਰਹੇ ਸਨ। ਇਸ ਦੌਰਾਨ ਇੱਕ ਅੱਠ ਸਾਲ ਦਾ ਬੱਚਾ ਅਚਾਨਕ ਵੱਡੇ ਭਾਂਡੇ ਵਿੱਚ ਉਬਲਦੇ ਚੌਲਾਂ ਵਿੱਚ ਡਿੱਗ ਗਿਆ। ਇਸ ਕਾਰਨ ਬੱਚਾ ਬੁਰੀ ਤਰ੍ਹਾਂ ਝੁਲਸ ਗਿਆ ਹੈ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹੈੱਡਮਾਸਟਰ ਖ਼ਿਲਾਫ਼ ਜਾਂਚ ਦੇ ਹੁਕਮ ਦਿੱਤੇ ਗਏ ਹਨ।
ਜਾਣਕਾਰੀ ਅਨੁਸਾਰ ਇਹ ਘਟਨਾ ਬਹਿਕੰਦੀਆ ਪਿੰਡ ਦੇ ਅਨੰਤ ਨਰਾਇਣ ਅੱਪਰ ਪ੍ਰਾਇਮਰੀ ਸਕੂਲ ਵਿੱਚ ਵਾਪਰੀ। ਇੱਥੇ 3ਵੀਂ ਜਮਾਤ ਦਾ ਵਿਦਿਆਰਥੀ ਮਿਡ-ਡੇ-ਮੀਲ ਲਈ ਪਕਾਏ ਜਾ ਰਹੇ ਚੌਲਾਂ ਵਿੱਚ ਡਿੱਗ ਗਿਆ। ਇਸ ਕਾਰਨ ਬੱਚੇ ਦੀ ਪਿੱਠ ਸੜ ਗਈ।
ਉਬਲਦੇ ਚੌਲਾਂ 'ਚ ਡਿੱਗਣ ਤੋਂ ਬਾਅਦ ਜਿਵੇਂ ਹੀ ਬੱਚੇ ਨੇ ਚੀਕਾਂ ਮਾਰੀਆਂ ਤਾਂ ਸਕੂਲ ਦੇ ਅਧਿਆਪਕ ਤੁਰੰਤ ਦੌੜ ਗਏ ਅਤੇ ਉਸ ਨੂੰ ਮੁੱਢਲੇ ਇਲਾਜ ਲਈ ਤੁਰੰਤ ਮਾਰਸ਼ਾਘਈ ਦੇ ਕਮਿਊਨਿਟੀ ਹੈਲਥ ਸੈਂਟਰ 'ਚ ਲਿਜਾਇਆ ਗਿਆ। ਉਥੋਂ ਬੱਚੇ ਨੂੰ ਕੇਂਦਰਪਾੜਾ ਜ਼ਿਲ੍ਹਾ ਹਸਪਤਾਲ ਰੈਫਰ ਕਰ ਦਿੱਤਾ ਗਿਆ। ਬੱਚੇ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਇਸ ਘਟਨਾ ਬਾਰੇ ਪੁਲਿਸ ਦਾ ਕੀ ਕਹਿਣਾ ਹੈ?
ਇਸ ਮਾਮਲੇ ਸਬੰਧੀ ਕੇਂਦਰਪਾੜਾ ਸਦਰ ਥਾਣੇ ਦੇ ਇੰਸਪੈਕਟਰ ਸਰੋਜ ਸਾਹੂ ਨੇ ਦੱਸਿਆ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਦੀਪ ਕੁਮਾਰ ਨਾਗ ਨੇ ਦੱਸਿਆ ਕਿ ਸਕੂਲ ਮੁਖੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਬਲਾਕ ਸਿੱਖਿਆ ਅਧਿਕਾਰੀ ਦੀ ਅਗਵਾਈ ਵਾਲੀ ਟੀਮ ਨੂੰ ਜਾਂਚ ਕਰਕੇ ਰਿਪੋਰਟ ਦੇਣ ਲਈ ਕਿਹਾ ਗਿਆ ਹੈ।