
ਅੰਸ਼ਕ ਬੰਦ, ਮੋਬਾਈਲ ਇੰਟਰਨੈੱਟ ਸੇਵਾਵਾਂ ਮੁਅੱਤਲ
ਭਦਰਵਾਹ (ਜੰਮੂ-ਕਸ਼ਮੀਰ) : ਸ੍ਰੀ ਸਨਾਤਨ ਧਰਮ ਸਭਾ ਦੇ ਮੁਖੀ ਵਰਿੰਦਰ ਰਾਜ਼ਦਾਨ ਵਲੋਂ ਕਥਿਤ ਤੌਰ ’ਤੇ ਫਿਰਕੂ ਤੌਰ ’ਤੇ ਸੰਵੇਦਨਸ਼ੀਲ ਸਮੱਗਰੀ ਆਨਲਾਈਨ ਪੋਸਟ ਕਰਨ ਤੋਂ ਬਾਅਦ ਡੋਡਾ ਜ਼ਿਲ੍ਹੇ ਦੇ ਭਦਰਵਾਹ ’ਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ। ਅਧਿਕਾਰੀਆਂ ਨੇ ਮੋਬਾਈਲ ਇੰਟਰਨੈੱਟ ਸੇਵਾਵਾਂ ਨੂੰ ਮੁਅੱਤਲ ਕਰ ਦਿਤਾ ਅਤੇ ਭਾਰਤੀ ਨਿਆਂ ਸੰਹਿਤਾ ਦੀ ਧਾਰਾ 299 ਤਹਿਤ ਐਫ.ਆਈ.ਆਰ. ਦਰਜ ਕੀਤੀ ਹੈ। ਪੁਲਿਸ ਸੁਪਰਡੈਂਟ ਵਿਨੋਦ ਸ਼ਰਮਾ ਨੇ ਸ਼ਾਂਤੀ ਅਤੇ ਸਦਭਾਵਨਾ ਦੀ ਅਪੀਲ ਕਰਦਿਆਂ ਕਾਰਵਾਈ ਦਾ ਭਰੋਸਾ ਦਿਤਾ।
ਅੰਜੁਮਨ-ਏ-ਇਸਲਾਮੀਆ ਨੇ ਰਾਜ਼ਦਾਨ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਸ਼ਾਂਤਮਈ ਮਾਰਚ ਕਢਿਆ ਅਤੇ ਇਕਜੁੱਟਤਾ ਵਿਖਾਉਂਦੇ ਹੋਏ ਦੁਕਾਨਾਂ ਅੰਸ਼ਕ ਤੌਰ ’ਤੇ ਬੰਦ ਰਹੀਆਂ। ਅੰਜੁਮਨ ਦੇ ਪ੍ਰਧਾਨ ਰਿਆਜ਼ ਅਹਿਮਦ ਨਾਜਰ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਉਨ੍ਹਾਂ ਨੇ ਅਜਿਹੀ ਵਿਵਾਦਪੂਰਨ ਟਿਪਣੀ ਕੀਤੀ ਹੈ। ਭਾਜਪਾ ਨੇਤਾ ਠਾਕੁਰ ਯੁੱਧਵੀਰ ਸਿੰਘ ਨੇ ਇਸ ਪੋਸਟ ਦੀ ਨਿੰਦਾ ਕਰਦਿਆਂ ਸਪੱਸ਼ਟ ਕੀਤਾ ਕਿ ਇਹ ਰਾਜ਼ਦਾਨ ਦੀ ਨਿੱਜੀ ਕਾਰਵਾਈ ਸੀ। ਪੁਲਿਸ ਨੇ ਫਿਰਕੂ ਨਫ਼ਰਤ ਫੈਲਾਉਣ ਵਿਰੁਧ ਚੇਤਾਵਨੀ ਦਿਤੀ।