
ਕਿਹਾ, ਇੰਦਰਾ ਗਾਂਧੀ ਦੇ ਸਮੇਂ ਤੋਂ ਗ਼ਰੀਬਾਂ ਨੂੰ ਮੂਰਖ ਬਣਾ ਰਹੀ ਹੈ ਕਾਂਗਰਸ
ਗਡਗ/ਤੁਮਕੂਰ (ਕਰਨਾਟਕ), 5 ਮਈ: ਕੁੱਝ ਦਿਨ ਪਹਿਲਾਂ ਹੀ ਜਨਤਾ ਦਲ (ਐਸ) ਦੇ ਮੁਖੀ ਅਤੇ ਸਾਬਕਾ ਪ੍ਰਧਾਨ ਮੰਤਰੀ ਐਚ.ਡੀ. ਦੇਵਗੌੜਾ ਦੀ ਤਾਰੀਫ਼ ਕਰਨ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਪਣਾ ਪੈਂਤੜਾ ਬਦਲ ਲਿਆ ਹੈ। ਕਰਨਾਟਕ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਅਤੇ ਜਨਤਾ ਦਲ (ਐਸ) ਵਿਚਕਾਰ ਗੁਪਤ ਸਮਝੌਤੇ ਦਾ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਦੇਵਗੌੜਾ ਦੀ ਪਾਰਟੀ ਕਾਂਗਰਸ ਦਾ ਬਚਾਅ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦੇਵਗੌੜਾ ਦੀ ਪਾਰਟੀ ਦੀ ਹਮਾਇਤ ਨਾਲ ਹੀ ਕਾਂਗਰਸ ਬੰਗਲੌਰ 'ਚ ਅਪਣਾ ਮੇਅਰ ਬਣਾ ਸਕੀ ਹੈ ਅਤੇ ਇਸ ਬਾਰੇ ਕਾਂਗਰਸ ਨੂੰ ਸਥਿਤੀ ਸਾਫ਼ ਕਰਨੀ ਚਾਹੀਦੀ ਹੈ।
ਮੋਦੀ ਨੇ ਬੀਤੇ ਮੰਗਲਵਾਰ ਨੂੰ ਉਡੁਪੀ 'ਚ ਇਕ ਰੈਲੀ ਦੌਰਾਨ ਦੇਵਗੌੜਾ ਦੀ ਤਾਰੀਫ਼ ਕੀਤੀ ਸੀ ਅਤੇ ਸਾਬਕਾ ਪ੍ਰਧਾਨ ਮੰਤਰੀ ਦੀ 'ਬੇਇੱਜ਼ਤੀ' ਕਰਨ ਲਈ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਆਲੋਚਨਾ ਕੀਤੀ ਸੀ। ਹਾਲਾਂਕਿ ਦੋ ਦਿਨ ਬਾਅਦ ਹੀ ਬੰਗਲੌਰ 'ਚ ਇਕ ਰੈਲੀ 'ਚ ਮੋਦੀ ਨੇ ਲੋਕਾਂ ਨੂੰ ਕਿਹਾ ਕਿ ਉਹ ਦੇਵਗੌੜਾ ਦੀ ਪਾਰਟੀ ਦੀ ਹਮਾਇਤ ਨਾ ਕਰਨ ਅਤੇ ਅਪਣਾ ਵੋਟ ਬਰਬਾਦ ਨਾ ਕਰਨ ਕਿਉਂਕਿ ਚੋਣਾਂ 'ਚ ਇਹ ਪਾਰਟੀ ਬਹੁਤ ਖ਼ਰਾਬ ਪ੍ਰਦਰਸ਼ਨ ਕਰ ਕੇ ਤੀਜੇ ਨੰਬਰ 'ਤੇ ਰਹੇਗੀ। 12 ਮਈ ਨੂੰ ਵਿਧਾਨ ਸਭਾ ਲਈ ਪੈਣ ਵਾਲੀਆਂ ਵੋਟਾਂ 'ਚ ਭਾਜਪਾ ਜਨਤਾ ਦਲ (ਯੂ) ਨਾਲ ਗਠਜੋੜ ਬਣਾਉਣਾ ਚਾਹੁੰਦੀ ਸੀ ਪਰ ਦੋਹਾਂ ਪਾਰਟੀਆਂ 'ਚ ਅਜੇ ਤਕ ਅਜਿਹਾ ਕੋਈ ਸਮਝੌਤਾ ਨਹੀਂ ਹੋ ਸਕਿਆ ਹੈ।ਹਾਲਾਂਕਿ ਮੋਦੀ ਜ਼ੋਰ ਦੇ ਕੇ ਕਿਹਾ ਕਿ ਉਹ ਦੇਵਗੌੜਾ ਦਾ ਮਾਣ ਕਰਦੇ ਹਨ। ਸਾਲ 2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਦੇਵਗੌੜਾ ਨੇ ਐਲਾਨ ਕੀਤਾ ਸੀ ਕਿ ਜੇਕਰ ਮੋਦੀ ਪ੍ਰਧਾਨ ਮੰਤਰੀ ਬਣ ਗਏ ਤਾਂ ਉਹ ਖ਼ੁਦਕੁਸ਼ੀ ਕਰ ਲੈਣਗੇ।
Narendra Modi karnatka Rally
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਵਗੌੜਾ ਨੇ ਉਨ੍ਹਾਂ ਦਾ ਵਿਰੋਧ ਕੀਤਾ ਸੀ ਪਰ ਇਸ ਦੇ ਬਾਵਜੂਦ ਉਹ ਜਦੋਂ ਲੋਕ ਸਭਾ ਚੋਣਾਂ 'ਚ ਚੋਣ ਪ੍ਰਚਾਰ ਲਈ ਕਰਨਾਟਕ ਪੁੱਜੇ ਸਨ ਤਾਂ ਉਨ੍ਹਾਂ ਇਹੀ ਕਿਹਾ ਸੀ ਕਿ ਦੇਵਗੌੜਾ 100 ਸਾਲ ਜੀਣ ਅਤੇ ਸਮਾਜ ਦੀ ਸੇਵਾ ਕਰਨ। ਪ੍ਰਧਾਨ ਮੰਤਰੀ ਨੇ ਭ੍ਰਿਸ਼ਟਾਚਾਰ ਨੂੰ ਲੈ ਕੇ ਵੀ ਕਾਂਗਰਸ 'ਤੇ ਤਿੱਖਾ ਵਾਰ ਕੀਤਾ ਅਤੇ ਕਿਹਾ ਕਿ ਕਰਨਾਟਕ ਵਿਧਾਨ ਸਭਾ ਚੋਣਾਂ 'ਚ ਅਪਣੀ ਹਾਰ ਤੋਂ ਬਾਅਦ ਕਾਂਗਰਸ 'ਪੰਜਾਬ, ਪੁਦੂਚੇਰੀ, ਪ੍ਰਵਾਰ' ਕਾਂਗਰਸ ਰਹਿ ਜਾਵੇਗੀ। ਉਨ੍ਹਾਂ ਗਡਗ 'ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, ''15 ਮਈ ਨੂੰ ਜਦੋਂ ਨਤੀਜਾ ਆ ਜਾਵੇਗਾ ਉਸ ਤੋਂ ਬਾਅਦ ਭਾਰਤੀ ਰਾਸ਼ਟਰੀ ਕਾਂਗਰਸ ਘੱਟ ਕੇ ਪੀ.ਪੀ.ਪੀ. ਕਾਂਗਰਸ ਯਾਨੀ ਕਿ ਪੰਜਾਬ, ਪੁਦੂਚੇਰੀ ਅਤੇ ਪ੍ਰਵਾਰ ਕਾਂਗਰਸ ਰਹਿ ਜਾਵੇਗੀ।'' ਤੁਮਕੁਰੂ ਵਿਚ ਵੀ ਮੋਦੀ ਨੇ ਕਾਂਗਰਸ 'ਤੇ ਜ਼ੋਰਦਾਰ ਹਮਲਾ ਕੀਤਾ ਅਤੇ ਕਿਹਾ ਕਿ ਕਾਂਗਰਸ ਹਰ ਚੋਣ ਵਿਚ ਗ਼ਰੀਬ ਗ਼ਰੀਬ ਦੀ ਮਾਲਾ ਜਪਦੇ ਹੋਏ ਖੇਡ ਖੇਡਦੀ ਹੈ। ਉਨ੍ਹਾਂ ਕਿਹਾ ਕਿ ਇੰਦਰਾ ਗਾਂਧੀ ਦੇ ਸਮੇਂ ਤੋਂ ਕਾਂਗਰਸ ਗ਼ਰੀਬਾਂ ਨੂੰ ਮੂਰਖ਼ ਬਣਾਉਂਦੀ ਆ ਰਹੀ ਹੈ ਅਤੇ ਚੋਣ ਜਿੱਤ ਰਹੀ ਹੈ। ਉਨ੍ਹਾਂ ਕਿਹਾ, ''ਕਾਂਗਰਸ ਝੂਠ ਦੀ ਪਾਰਟੀ ਹੈ। ਕਾਂਗਰਸ ਨੂੰ ਕਿਸਾਨਾਂ ਦੀ ਚਿੰਤਾ ਨਹੀਂ ਹੈ ਅਤੇ ਨਾ ਹੀ ਉਸ ਨੂੰ ਗ਼ਰੀਬਾਂ ਦੀ ਚਿੰਤਾ ਹੈ, ਜਨਤਾ ਹੁਣ ਕਾਂਗਰਸ ਤੋਂ ਤੰਗ ਆ ਚੁੱਕੀ ਹੈ।''ਅਪਣੇ ਸੰਬੋਧਨ ਦੌਰਾਨ ਮੋਦੀ ਨੇ ਕਿਹਾ, ''ਕਿਸਾਨਾਂ ਦੇ ਨਾਂ 'ਤੇ ਰਾਜਨੀਤੀ ਕਰਨ ਵਾਲੀ ਕਾਂਗਰਸ ਤੋਂ ਮੈਂ ਪੁਛਣਾ ਚਾਹੁੰਦਾ ਹਾਂ ਕਿ ਹੇਮਵਤੀ ਨਦੀ ਦਾ ਪਾਣੀ ਸਾਡੇ ਤੁਮਕੁਰੂ ਦੇ ਕਿਸਾਨਾਂ ਨੂੰ ਕਿਉਂ ਨਹੀਂ ਮਿਲਿਆ?'' ਉਨ੍ਹਾਂ ਕਿਹਾ ਕਿ ਉਹ ਇਮਾਨਦਾਰੀ ਨਾਲ ਹੇਮਵਤੀ ਅਤੇ ਨੇਤਰਾਵਤੀ ਨਦੀਆਂ ਨੂੰ ਜੋੜ ਕੇ ਕੰਮ ਕਰਨਾ ਚਾਹੁੰਦੇ ਹਨ। ਕੁਦਰਤ ਦੀ ਮਾਰ ਨੂੰ ਘੱਟ ਕਰਨ ਦਾ ਕੰਮ ਸਰਕਾਰ ਜ਼ਰੂਰ ਕਰ ਸਕਦੀ ਹੈ। ਜ਼ਿਕਰਯੋਗ ਹੈ ਕਿ ਕਰਨਾਟਕ ਵਿਚ 12 ਮਈ ਨੂੰ ਵੋਟਾਂ ਹਨ ਅਤੇ 15 ਮਈ ਨੂੰ ਗਿਣਤੀ ਹੋਵੇਗੀ। (ਏਜੰਸੀਆਂ)