
ਪੁਲਿਸ ਤੋਂ ਡੰਡੇ ਵੀ ਖਾਧੇ ਪਰ ਸ਼ਰਾਬ ਦੇ 'ਪਿਆਰ' ਵਿਚ ਸੱਭ ਕੁੱਝ ਸਹਿ ਲਿਆ
ਨਵੀਂ ਦਿੱਲੀ, 4 ਮਈ: ਕੌਮੀ ਰਾਜਧਾਨੀ ਸਣੇ ਵੱਖ ਵੱਖ ਸੂਬਿਆਂ ਵਿਚ ਸੋਮਵਾਰ ਨੂੰ ਸ਼ਰਾਬ ਦੀਆਂ ਦੁਕਾਨਾਂ ਖੁਲ੍ਹ ਜਾਣ ਮਗਰੋਂ ਇਨ੍ਹਾਂ ਅੱਗੇ ਲੋਕਾਂ ਦੀਆਂ ਲੰਮੀਆਂ-ਲੰਮੀਆਂ ਕਤਾਰਾਂ ਵੇਖਣ ਨੂੰ ਮਿਲੀਆਂ। ਕਈ ਥਾਈਂ ਤਾਂ ਪੁਲਿਸ ਮੁਲਾਜ਼ਮਾਂ ਨੂੰ ਭੀੜ ਨੂੰ ਕਾਬੂ ਕਰਨ ਅਤੇ ਸਮਾਜਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਾਉਣ ਵਿਚ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
File photo
ਦਿੱਲੀ ਦੇ ਮਯੂਰ ਵਿਹਾਰ 'ਚ ਲੋਕਾਂ ਦੇ ਸਮਾਜਕ ਦੂਰੀ ਨਾ ਬਣਾਉਣ ਕਾਰਨ ਠੇਕੇ ਨੂੰ ਬੰਦ ਹੀ ਕਰ ਦਿਤਾ ਗਿਆ। ਦੇਸ਼ ਭਰ ਵਿਚ ਲਗਭਗ 40 ਦਿਨਾਂ ਮਗਰੋਂ ਸ਼ਰਾਬ ਦੀਆਂ ਦੁਕਾਨਾਂ ਮੁੜ ਖੁਲ੍ਹੀਆਂ ਹਨ। ਯੂਪੀ ਵਿਚ 26000 ਦੁਕਾਨਾਂ ਮੁੜ ਖੁਲ੍ਹੀਆਂ ਤਾਂ ਲੋਕਾਂ ਦੀ ਭਾਰੀ ਭੀੜ ਨਜ਼ਰ ਆਈ ਜਦਕਿ ਰਾਜਸਥਾਨ ਵਿਚ ਕੁੱਝ ਦੁਕਾਨਾਂ 'ਤੇ ਸਮਾਜਕ ਦੂਰੀ ਕਾਇਮ ਰੱਖਣ ਦੇ ਨਿਯਮਾਂ ਦੀਆਂ ਧੱਜੀਆਂ ਉਡੀਆਂ। ਨੋਇਡਾ ਅਤੇ ਗ੍ਰੇਟਰ ਨੋਇਡਾ ਵਿਚ ਸਵੇਰੇ 10 ਵਜੇ ਤੋਂ ਹੀ ਦੁਕਾਨਾਂ 'ਤੇ ਭਾਰੀ ਭੀੜ ਨਜ਼ਰ ਆਉਣ ਲੱਗ ਗਈ ਸੀ।
File photo
ਦਿੱਲੀ ਦੇ ਸਰਕਾਰੀ ਅਧਿਕਾਰੀ ਨੇ ਦਸਿਆ ਕਿ ਕੇਂਦਰੀ ਗ੍ਰਹਿ ਮੰਤਰਾਲੇ ਦੁਆਰਾ ਤਾਲਾਬੰਦੀ ਦੇ ਨਿਯਮਾਂ ਵਿਚ ਢਿੱਲ ਦਿਤੇ ਜਾਣ ਮਗਰੋਂ ਦਿੱੱਲੀ ਵਿਚ ਲਗਭਗ 150 ਦੁਕਾਨਾਂ ਨੂੰ ਖੋਲ੍ਹਣ ਦੀ ਆਗਿਆ ਦਿਤੀ ਗਈ ਹੈ। ਇਹ ਦੁਕਾਨਾਂ ਸਵੇਰੇ ਨੌਂ ਵਜੇ ਤੋਂ ਸ਼ਾਮ ਸਾਢੇ ਛੇ ਵਜੇ ਤਕ ਖੁਲ੍ਹਣਗੀਆਂ। ਕੋਰੋਨਾ ਵਾਇਰਸ ਮਹਾਮਾਰੀ ਕਾਰਨ ਦਿੱਲੀ ਵਿਚ 42 ਦਿਨਾਂ ਤੋਂ ਠੇਕੇ ਬੰਦ ਸਨ। ਦੁਕਾਨਾਂ ਖੁਲ੍ਹਦਿਆਂ ਹੀ ਸ਼ਰਾਬ ਖ਼ਰੀਦਣ ਵਾਲੇ ਲੋਕਾਂ ਦੀ ਭੀੜ ਇਕੱਠੀ ਹੋ ਗਈ।
File photo
ਸਰਕਾਰ ਨੇ ਦੁਕਾਨਾਂ ਚਲਾਉਣ ਵਾਲੀਆਂ ਚਾਰ ਸਰਕਾਰੀ ਏਜੰਸੀਆਂ ਨੂੰ ਦੁਕਾਨਾਂ 'ਤੇ ਮਾਰਸ਼ਲ ਤੈਨਾਨ ਕਰਨ ਲਈ ਵੀ ਕਿਹਾ ਹੈ। ਦਿੱਲੀ ਵਿਚ ਸਰਕਾਰੀ ਏਜੰਸੀਆਂ ਅਤੇ ਨਿਜੀ ਤੌਰ 'ਤੇ ਚਲਾਈਆਂ ਜਾਣ ਵਾਲੀਆਂ 850 ਸ਼ਰਾਬ ਦੁਕਾਨਾਂ ਹਨ। ਰਾਜਸਥਾਨ, ਯੂਪੀ, ਆਸਾਮ ਸਣੇ ਹੋਰ ਰਾਜਾਂ ਵਿਚ ਵੀ ਸ਼ਰਾਬ ਦੀਆਂ ਦੁਕਾਨਾਂ ਦੇ ਬਾਹਰ ਭੀੜ ਦੇ ਦ੍ਰਿਸ਼ ਵੇਖੇ ਗਏ। (ਏਜੰਸੀ)