
ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿਚ ਸੋਮਵਾਰ ਨੂੰ ਇਕ ਅਤਿਵਾਦੀ ਹਮਲੇ 'ਚ ਕੇਂਦਰੀ ਰਿਜ਼ਰਵ ਪੁਲਿਸ
ਸ੍ਰੀਨਗਰ, 4 ਮਈ: ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿਚ ਸੋਮਵਾਰ ਨੂੰ ਇਕ ਅਤਿਵਾਦੀ ਹਮਲੇ 'ਚ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ ਤਿੰਨ ਜਵਾਨ ਸ਼ਹੀਦ ਹੋ ਗਏ ਜਦਕਿ 2 ਹੋਰ ਜ਼ਖ਼ਮੀ ਹੋ ਗਏ। ਪਿਛਲੇ 48 ਘੰਟਿਆਂ 'ਚ ਕਸ਼ਮੀਰ ਅੰਦਰ ਇਹ ਦੂਜਾ ਅਤਿਵਾਦੀ ਹਮਲਾ ਹੈ। ਅਧਿਕਾਰੀਆਂ ਨੇ ਦਸਿਆ ਕਿ ਜ਼ਿਲ੍ਹੇ ਦੇ ਕਾਰਲਗੁੰਡ ਖੇਤਰ ਦੇ ਵੰਗਾਮ-ਕਜ਼ਿਆਬਾਦ 'ਚ ਹਮਲਾਵਰਾਂ ਨੇ ਸੀ.ਆਰ.ਪੀ.ਐਫ਼. ਦੀ ਇਕ ਨਾਕਾ ਪਾਰਟੀ 'ਤੇ ਗੋਲੀਆਂ ਚਲਾਈਆਂ।
ਅਧਿਕਾਰੀਆਂ ਅਨੁਸਾਰ ਇਸ ਹਮਲੇ 'ਚ ਸੀ.ਆਰ.ਪੀ.ਐਫ਼. ਦੇ ਤਿੰਨ ਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਨ੍ਹਾਂ ਦਸਿਆ ਕਿ ਸੀ.ਆਰ.ਪੀ.ਐਫ਼. ਦੇ ਜਵਾਨਾਂ ਨੇ ਜਦੋਂ ਜਵਾਬੀ ਗੋਲੀਬਾਰੀ ਕੀਤੀ ਤਾਂ ਦੋਵੇਂ ਧਿਰਾਂ ਵਿਚਕਾਰ ਸੰਖੇਪ ਮੁਕਾਬਲਾ ਹੋਇਆ। ਇਸ ਗੋਲੀਬਾਰੀ 'ਚ ਇਕ 15 ਸਾਲਾਂ ਦਾ ਮੁੰਡਾ ਮੁਹੰਮਦ ਹਾਜ਼ਿਮ ਭੱਟ ਵੀ ਮੌਕੇ 'ਤੇ ਹੀ ਮਾਰਿਆ ਗਿਆ। ਉਹ ਕਥਿਤ ਤੌਰ 'ਤੇ ਮਾਨਸਿਕ ਰੂਪ ਤੋਂ ਕਮਜ਼ੋਰ ਸੀ।
ਉਨ੍ਹਾਂ ਕਿਹਾ ਕਿ ਪੂਰੇ ਇਲਾਕੇ ਨੂੰ ਘੇਰ ਲਿਆ ਗਿਆ ਹੈ ਅਤੇ ਹਮਲਾਵਾਂ ਦੀ ਭਾਲ ਲਈ ਹੋਰ ਬਲਾਂ ਨੂੰ ਮੌਕੇ 'ਤੇ ਭੇਜ ਦਿਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਕਲ ਉੱਤਰੀ ਕਸ਼ਮੀਰ ਵਿਚ ਹੰਦਵਾੜਾ ਖੇਤਰ ਦੇ ਪਿੰਡ ਵਿਚ ਅਤਿਵਾਦੀਆਂ ਨਾਲ ਮੁਕਾਬਲੇ ਵਿਚ ਇਕ ਕਰਨਲ ਅਤੇ ਇਕ ਮੇਜਰ ਸਮੇਤ ਪੰਜ ਸੁਰੱਖਿਆ ਮੁਲਾਜ਼ਮ ਸ਼ਹੀਦ ਹੋ ਗਏ ਅਤੇ ਦੋ ਅਤਿਵਾਦੀ ਵੀ ਮਾਰੇ ਗਏ। ਖ਼ਬਰ ਲਿਖੇ ਜਾਣ ਤਕ ਅਤਿਵਾਦੀਆਂ ਨੂੰ ਫੜਨ ਦੀ ਮੁਹਿੰਮ ਚਾਲੂ ਸੀ। (ਏਜੰਸੀਆਂ)