
ਉਨ੍ਹਾਂ ਇਹ ਸਵਾਲ ਵੀ ਕੀਤਾ ਕਿ ਜਦ ਰੇਲ ਮੰਤਰਾਲਾ 'ਪੀਐਮ ਕੇਅਰਜ਼' ਫ਼ੰਡ ਵਿਚ 151 ਕਰੋੜ ਰੁਪਏ ਦਾ ਯੋਗਦਾਨ ਦੇ ਸਕਦਾ ਹੈ ਤਾਂ ਮਜ਼ਦੂਰਾਂ ਨੂੰ ਬਿਨਾਂ ਕਿਰਾਏ ਦੇ ...
ਨਵੀਂ ਦਿੱਲੀ, 4 ਮਈ: ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਪ੍ਰਵਾਸੀ ਮਜ਼ਦੂਰਾਂ ਕੋਲੋਂ ਰੇਲ ਸਫ਼ਰ ਦਾ ਕਿਰਾਇਆ ਵਸੂਲੇ ਜਾਣ 'ਤੇ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਮਜ਼ਦੂਰਾਂ ਦੇ ਘਰਾਂ ਨੂੰ ਮੁੜਨ 'ਤੇ ਹੋਣ ਵਾਲਾ ਖ਼ਰਚਾ ਪਾਰਟੀ ਦੀਆਂ ਸੂਬਾ ਇਕਾਈਆਂ ਕਰਨਗੀਆਂ। ਉਨ੍ਹਾਂ ਇਹ ਸਵਾਲ ਵੀ ਕੀਤਾ ਕਿ ਜਦ ਰੇਲ ਮੰਤਰਾਲਾ 'ਪੀਐਮ ਕੇਅਰਜ਼' ਫ਼ੰਡ ਵਿਚ 151 ਕਰੋੜ ਰੁਪਏ ਦਾ ਯੋਗਦਾਨ ਦੇ ਸਕਦਾ ਹੈ ਤਾਂ ਮਜ਼ਦੂਰਾਂ ਨੂੰ ਬਿਨਾਂ ਕਿਰਾਏ ਦੇ ਯਾਤਰਾ ਦੀ ਸਹੂਲਤ ਕਿਉਂ ਨਹੀਂ ਦੇ ਸਕਦਾ।'
ਸੋਨੀਆ ਦੇ ਇਸ ਐਲਾਨ ਮਗਰੋਂ ਪਾਰਟੀ ਆਗੂ ਕੇ ਸੀ ਵੇਣੂਗੋਪਾਲ ਨੇ ਸੂਬਾ ਕਾਂਗਰਸ ਕਮੇਟੀਆਂ ਦੇ ਪ੍ਰਧਾਨਾਂ ਨਾਲ ਮਜ਼ਦੂਰਾਂ ਦੀ ਮਦਦ ਦੇ ਸੰਦਰਭ ਵਿਚ ਗੱਲ ਕੀਤੀ। ਬਾਅਦ ਵਿਚ ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, 'ਸੂਬਾ ਕਾਂਗਰਸ ਇਕਾਈਆਂ ਰਾਜ ਦੀ ਸਰਕਾਰ ਅਤੇ ਮੁੱਖ ਸਕੱਤਰਾਂ ਨਾਲ ਗੱਲਬਾਤ ਕਰਨਗੀਆਂ ਅਤੇ ਮਜ਼ਦੂਰਾਂ ਦੇ ਰੇਲ ਕਿਰਾਏ ਦਾ ਜਿਹੜਾ ਖ਼ਰਚਾ ਹੋਵੇਗਾ, ਉਸ ਦਾ ਭੁਗਤਾਨ ਕਰਨਗੀਆਂ।' ਉਨ੍ਹਾਂ ਇਹ ਦਾਅਵਾ ਵੀ ਕੀਤਾ ਕਿ ਰੇਲਵੇ ਨੇ ਚਿੱਠੀ ਜਾਰੀ ਕਰ ਕੇ ਸਪੱਸ਼ਟ ਕੀਤਾ ਹੈ ਕਿ ਮਜ਼ਦੂਰਾਂ ਕੋਲੋਂ ਕਿਰਾਇਆ ਵਸੂਲਿਆ ਜਾਵੇਗਾ।
File photo
ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਫ਼ੰਡ ਜ਼ਰੀਏ ਮਜ਼ਦੂਰਾਂ ਦੀ ਮਦਦ ਕਰਨੀ ਚਾਹੀਦੀ ਹੈ ਪਰ ਉਹ ਤਿਆਰ ਨਹੀਂ ਤਾਂ ਕਾਂਗਰਸ ਅਪਣੇ ਸੀਮਤ ਸਾਧਨਾਂ ਵਿਚ ਹੀ ਮਦਦ ਲਈ ਪੂਰੀ ਤਰ੍ਹਾਂ ਤਿਆਰ ਹੈ। ਸੋਨੀਆ ਗਾਂਧੀ ਨੇ ਬਿਆਨ ਜਾਰੀ ਕਰ ਕੇ ਕਿਹਾ, '1947 ਦੇ ਬਟਵਾਰੇ ਮਗਰੋਂ ਦੇਸ਼ ਨੇ ਪਹਿਲੀ ਵਾਰ ਇਹ ਦਿਨ ਵੇਖੇ ਹਨ ਕਿ ਹਜ਼ਾਰਾਂ ਮਜ਼ਦੂਰ ਸੈਂਕੜੇ ਕਿਲੋਮੀਟਰ ਪੈਦਲ ਚੱਲ ਕੇ ਘਰ ਵਾਪਸੀ ਲਈ ਮਜਬੂਰ ਹੋਏ ਹਨ।
ਨਾ ਰਾਸ਼ਨ, ਨਾ ਪੈਸਾ, ਨਾ ਦਵਾਈ, ਨਾ ਸਾਧਨ ਪਰ ਸਿਰਫ਼ ਅਪਣੇ ਪਰਵਾਰ ਕੋਲ ਪਹੁੰਚਣ ਦੀ ਲਗਨ। ਦੁੱਖ ਦੀ ਗੱਲ ਹੈ ਕਿ ਭਾਰਤ ਸਰਕਾਰ ਜਾਂ ਰੇਲ ਮੰਤਰਾਲਾ ਦੁੱਖ ਦੀ ਘੜੀ ਵਿਚ ਮਜ਼ਦੂਰਾਂ ਕੋਲੋਂ ਕਿਰਾਇਆ ਲੈ ਰਿਹਾ ਹੈ।' ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ 'ਨਮਸਤੇ ਟਰੰਪ' ਪ੍ਰੋਗਰਾਮ 'ਤੇ 100 ਕਰੋੜ ਰੁਪਏ ਖ਼ਰਚ ਕੀਤੇ ਜਾ ਸਕਦੇ ਹਨ ਪਰ ਮਜ਼ਦੂਰਾਂ ਲਈ ਮੁਫ਼ਤ ਰੇਲ ਯਾਤਰਾ ਕਿਉਂ ਨਹੀਂ? ਉਨ੍ਹਾਂ ਕਿਹਾ ਕਿ ਮਜ਼ਦੂਰ ਦੇਸ਼ ਦੇ ਨਿਰਮਾਤਾ ਹਨ ਪਰ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ। (ਏਜੰਸੀ)