
ਹਾਈਕੋਰਟ ਨੇ ਰੱਦ ਕੀਤੀ ਅੰਤ੍ਰਿਮ ਜ਼ਮਾਨਤ ਪਟੀਸ਼ਨ
ਬੀਮਾਰ ਪਤਨੀ ਨੂੰ ਹਫ਼ਤੇ 'ਚ ਇਕ ਦਿਨ ਮਿਲ ਸਕਦੇ ਹਨ ਸਿਸੋਦੀਆ
ਨਵੀਂ ਦਿੱਲੀ : ਦਿੱਲੀ ਹਾਈਕੋਰਟ ਨੇ ਈ.ਡੀ. ਮਾਮਲੇ 'ਚ ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿਤੀ ਹੈ। ਜਸਟਿਸ ਦਿਨੇਸ਼ ਸ਼ਰਮਾ ਨੇ ਕਿਹਾ ਕਿ ਦੋਸ਼ ਬਹੁਤ ਗੰਭੀਰ ਹਨ, ਇਸ ਲਈ ਉਨ੍ਹਾਂ ਨੂੰ 6 ਹਫ਼ਤਿਆਂ ਲਈ ਰਿਹਾਅ ਕਰਨਾ ਮੁਸ਼ਕਲ ਹੈ।
ਮਨੀਸ਼ ਸਿਸੋਦੀਆ ਨੇ ਅਪਣੀ ਪਤਨੀ ਸੀਮਾ ਦੀ ਖ਼ਰਾਬ ਸਿਹਤ ਦਾ ਹਵਾਲਾ ਦਿੰਦੇ ਹੋਏ ਮੈਡੀਕਲ ਹਾਲਤ ਦੇ ਆਧਾਰ 'ਤੇ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਸੀ। ਜਿਸ 'ਤੇ ਸ਼ਨੀਵਾਰ ਨੂੰ ਫ਼ੈਸਲਾ ਰਾਖਵਾਂ ਰੱਖ ਲਿਆ ਗਿਆ।
ਅਦਾਲਤ ਨੇ ਫ਼ੈਸਲੇ ਦੌਰਾਨ ਕਿਹਾ ਕਿ ਮਨੀਸ਼ ਸਿਸੋਦੀਆ ਦੀ ਪਤਨੀ ਦੀ ਸਿਹਤ ਨੂੰ ਦੇਖਦੇ ਹੋਏ ਇਹ ਹਦਾਇਤ ਜਾਰੀ ਕੀਤੀ ਜਾਂਦੀ ਹੈ ਕਿ ਸੀਮਾ ਸਿਸੋਦੀਆ ਨੂੰ ਬਿਹਤਰ ਮੈਡੀਕਲ ਸੇਵਾਵਾਂ ਮੁਹਈਆ ਕਰਵਾਈਆਂ ਜਾਣ। ਕਿਥੇ ਇਲਾਜ ਕਰਵਾਉਣਾ ਹੈ ਇਹ ਸੀਮਾ ਅਤੇ ਪਰਿਵਾਰ ਦੀ ਤਰਜੀਹ 'ਤੇ ਨਿਰਭਰ ਕਰੇਗਾ। ਹਾਲਾਂਕਿ, ਅਦਾਲਤ ਨੇ ਸੁਝਾਅ ਦਿਤਾ ਕਿ ਏਮਜ਼ ਦੇ ਡਾਕਟਰਾਂ ਦਾ ਇਕ ਬੋਰਡ ਉਨ੍ਹਾਂ ਦੀ ਜਾਂਚ ਕਰ ਸਕਦਾ ਹੈ।
ਇਹ ਵੀ ਪੜ੍ਹੋ: ਵਿਵਾਦਾਂ 'ਚ ਘਿਰਿਆ ਫ਼ਰੀਦਕੋਟ ਦਾ ਆਈ.ਜੀ. ਅਤੇ ਡੀ.ਆਈ.ਜੀ. ਦਫ਼ਤਰ!
ਅਦਾਲਤ ਨੇ ਇਹ ਵੀ ਨਿਰਦੇਸ਼ ਦਿਤਾ ਹੈ ਕਿ ਜਿਸ ਦਿਨ ਵੀ ਸੀਮਾ ਸਿਸੋਦੀਆ ਚਾਹੁਣ ਉਸੇ ਦਿਨ ਮਨੀਸ਼ ਸਿਸੋਦੀਆ ਅਪਣੀ ਪਤਨੀ ਨੂੰ ਮਿਲਣ ਲਈ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਦੇ ਵਿਚਕਾਰ ਘਰ ਜਾਂ ਹਸਪਤਾਲ ਜਾ ਸਕਦੇ ਹਨ ਪਰ ਪੁਲਿਸ ਕਮਿਸ਼ਨਰ ਨੂੰ ਧਿਆਨ ਰੱਖਣਾ ਪਵੇਗਾ ਕਿ ਮੀਡੀਆ ਆਦਿ ਦਾ ਇਕੱਠ ਨਾ ਹੋਵੇ।
ਜ਼ਿਕਰਯੋਗ ਹੈ ਕਿ ਮਨੀਸ਼ ਸਿਸੋਦੀਆ ਜ਼ਮਾਨਤ ਮਿਲਣ ਤੋਂ ਬਾਅਦ ਵੀ ਅਪਣੀ ਬੀਮਾਰ ਪਤਨੀ ਨੂੰ ਨਹੀਂ ਮਿਲ ਸਕੇ। ਉਹ ਸ਼ਨੀਵਾਰ ਸਵੇਰੇ ਪਤਨੀ ਸੀਮਾ ਸਿਸੋਦੀਆ ਨੂੰ ਮਿਲਣ ਘਰ ਪਹੁੰਚੇ। ਹਾਲਾਂਕਿ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਪਤਨੀ ਦੀ ਸਿਹਤ ਵਿਗੜ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ।ਅਦਾਲਤ ਵਲੋਂ ਮਨੀਸ਼ ਸਿਸੋਦੀਆ ਨੂੰ ਹਸਪਤਾਲ ਜਾਣ ਦੀ ਇਜਾਜ਼ਤ ਨਾ ਹੋਣ ਕਾਰਨ ਜ਼ਮਾਨਤ ਮਿਲਣ ਦੇ ਬਾਵਜੂਦ ਸਿਸੋਦੀਆ ਅਪਣੀ ਪਤਨੀ ਨੂੰ ਨਹੀਂ ਮਿਲ ਸਕੇ ਅਤੇ 7 ਘੰਟੇ ਬਾਅਦ ਵਾਪਸ ਤਿਹਾੜ ਜੇਲ੍ਹ ਆ ਗਏ।