
ਦਿੱਲੀ, ਯੂਪੀ, ਬਿਹਾਰ ਅਤੇ ਜੰਮੂ ਕਸ਼ਮੀਰ ਸਮੇਤ 13 ਰਾਜਾਂ ਵਿਚ ਮੋਹਲੇਧਾਰ ਮੀਂਹ ਦੀ ਚੇਤਾਵਨੀ ਜਾਰੀ ਹੋਣ ਮਗਰੋਂ ਐਨਡੀਆਰਐਫ਼ ਦੀਆਂ 89 ਟੀਮਾਂ ਨੂੰ ਚੌਕਸ ਕਰ ਦਿਤਾ........
ਨਵੀਂ ਦਿੱਲੀ : ਦਿੱਲੀ, ਯੂਪੀ, ਬਿਹਾਰ ਅਤੇ ਜੰਮੂ ਕਸ਼ਮੀਰ ਸਮੇਤ 13 ਰਾਜਾਂ ਵਿਚ ਮੋਹਲੇਧਾਰ ਮੀਂਹ ਦੀ ਚੇਤਾਵਨੀ ਜਾਰੀ ਹੋਣ ਮਗਰੋਂ ਐਨਡੀਆਰਐਫ਼ ਦੀਆਂ 89 ਟੀਮਾਂ ਨੂੰ ਚੌਕਸ ਕਰ ਦਿਤਾ ਗਿਆ ਹੈ। 13 ਰਾਜਾਂ ਵਿਚ ਇਹ ਟੀਮਾਂ ਤੈਨਾਤ ਕਰ ਦਿਤੀਆਂ ਗਈਆਂ ਹਨ ਜਿਹੜੀਆਂ ਹਾਲਾਤ ਵਿਗੜਨ ਦੀ ਹਾਲਤ ਵਿਚ ਰਾਹਤ ਅਤੇ ਬਚਾਅ ਕਾਰਜ ਕਰਨਗੀਆਂ। ਇਨ੍ਹਾਂ ਰਾਜਾਂ ਵਿਚ ਮੀਂਹ ਦੌਰਾਨ ਹੜ੍ਹਾਂ ਦੇ ਖ਼ਦਸ਼ੇ ਵਾਲੇ ਇਲਾਕਿਆਂ ਵਿਚ 45 ਟੀਮਾਂ ਨੂੰ ਤੈਨਾਤ ਕੀਤਾ ਗਿਆ ਹੈ। ਦਿੱਲੀ ਅਤੇ ਪੰਜਾਬ ਵਿਚ ਦੋ ਦੋ, ਯੂਪੀ, ਹਿਮਾਚਲ ਪ੍ਰਦੇਸ਼, ਸਿੱਕਮ ਅਤੇ ਤ੍ਰਿਪੁਰਾ ਵਿਚ ਇਕ ਇਕ, ਗੁਜਰਾਤ, ਕਸ਼ਮੀਰ ਅਤੇ ਉਤਰਾਖੰਡ ਵਿਚ ਚਾਰ ਚਾਰ, ਆਸਾਮ ਵਿਚ 12,
ਬਿਹਾਰ ਵਿਚ ਸੱਤ ਟੀਮਾਂ ਭੇਜੀਆਂ ਗਈਆਂ ਹਨ। ਟੀਮਾਂ ਨੇ ਹੁਣ ਤਕ 13550 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜ ਦਿਤਾ ਹੈ। ਜ਼ਿਕਰਯੋਗ ਹੈ ਕਿ ਮੌਸਮ ਵਿਭਾਗ ਨੇ ਅੱਜ ਤੋਂ ਲੈ ਕੇ ਨੌਂ ਜੁਲਾਈ ਤਕ ਕੋਂਕਣ ਅਤੇ ਗੋਆ ਦੇ ਕੁੱਝ ਇਲਾਕਿਆਂ ਵਿਚ ਮੋਹਲੇਧਾਰ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਮੱਧ ਮਹਾਰਾਸ਼ਟਰ, ਵਿਦਰਭ, ਛੱਛੀਸਗੜ੍ਹ, ਪਛਮੀ ਬੰਗਾਲ, ਗੁਜਰਾਤ, ਮਰਾਠਵਾੜਾ, ਤੇਲੰਗਾਨਾ, ਕਰਨਾਟਕਾ ਅਤੇ ਹੋਰ ਰਾਜਾਂ ਦੇ ਕਈ ਇਲਾਕਿਆਂ ਵਿਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।
ਦਿੱਲੀ ਵਿਚ ਅੱਜ ਭਾਰੀ ਮੀਂਹ ਪਿਆ ਅਤੇ ਆਉਣ ਵਾਲੇ ਦੋ ਦਿਨਾਂ ਵਿਚ ਵੀ ਮੀਂਹ ਪੈਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਤਾਮਿਲਨਾਡੂ, ਰਾਇਲਸੀਮਾ ਲਈ ਵੀ ਚੇਤਾਵਨੀ ਜਾਰੀ ਕੀਤੀ ਗਈ ਹੈ। 11 ਜੁਲਾਈ ਤਕ ਰਾਸ਼ਟਰੀ ਰਾਜਧਾਨੀ ਵਿਚ ਘੱਟੋ-ਘੱਟ ਤਾਪਮਾਨ 29 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ। (ਏਜੰਸੀ)