
ਇਹ ਹਦਾਇਤ ਕੋਰਟ ਨੇ ਇਕ ਜੋੜੇ ਦੀ ਲੜਾਈ ਤੋਂ ਬਾਅਦ ਦਿੱਤੀ ਹੈ।
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਇਕ ਪਤੀ ਨੂੰ ਕਿਹਾ ਕਿ ਉਹ ਅਪਣੀ ਪਤਨੀ (Treat wife with respect) ਨਾਲ ਸਨਮਾਨ ਨਾਲ ਪੇਸ਼ ਆਵੇ ਤੇ ਜੇਕਰ ਉਹ ਅਸਫਲ ਰਹਿੰਦਾ ਹੈ ਤਾਂ ਜੇਲ ਜਾਣ ਲਈ ਤਿਆਰ ਰਹੇ। ਕੋਰਟ ਦੀ ਹਿਦਾਇਤ ਤੋਂ ਬਾਅਦ ਇਸ ਯੁਵਾ ਜੋੜੇ ਵਿਚ ਸਮਝੌਤਾ ਹੋ ਗਿਆ। ਪਤਨੀ ਨੇ ਦੋਸ਼ ਲਾਇਆ ਸੀ ਕਿ ਪਤੀ ਉਸ ਨੂੰ ਤੰਗ-ਪਰੇਸ਼ਾਨ ਕਰਦਾ ਹੈ।
Supreme Court
ਚੀਫ ਜਸਟਿਸ ਐੱਨਵੀ ਰਮੰਨਾ ਤੇ ਜਸਟਿਸ ਸੂਰਿਯਾਕਾਂਤ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਮਾਮਲੇ ਦੀ ਵਰਚੂਅਲ ਸੁਣਵਾਈ ਕਰਦੇ ਹੋਏ ਪਤੀ ਤੇ ਪਤਨੀ ਦੋਵਾਂ ਨੂੰ ਆਨਲਾਈਨ ਆਉਣ ਨੂੰ ਕਿਹਾ। ਦੋਵਾਂ ਵਿਚ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ’ਚ ਜਸਟਿਸ ਕਾਂਤ ਨੇ ਜੋੜੇ ਨਾਲ ਹਿੰਦੀ ’ਚ ਗੱਲਬਾਤ ਕੀਤੀ। ਪਤਨੀ ਨੇ ਕਿਹਾ ਕਿ ਉਹ ਆਪਣੇ ਪਤੀ ਦੇ ਨਾਲ ਰਹਿਣ ਨੂੰ ਤਿਆਰ ਹੈ ਪਰ ਉਹ ਉਸ ਨਾਲ ਸਨਮਾਨ ਨਾਲ ਪੇਸ਼ ਨਹੀਂ ਆਉਂਦਾ।
ਇਸ ’ਤੇ ਜਸਟਿਸ ਕਾਂਤ ਨੇ ਹਿੰਦੀ ’ਚ ਪਤੀ ਨੂੰ ਕਿਹਾ ਕਿ ਅਸੀਂ ਤੁਹਾਡੇ ਵਿਵਹਾਰ ’ਤੇ ਨਜ਼ਰ ਰੱਖਾਂਗੇ। ਜੇਕਰ ਤੁਸੀਂ ਕੁਝ ਵੀ ਗਲਤ ਕਰਦੇ ਹੋ ਤਾਂ ਤੁਹਾਨੂੰ ਨਹੀਂ ਬਖਸ਼ਾਂਗੇ। ਜਸਟਿਸ ਕਾਂਤ ਨੇ ਪਤੀ ਨੂੰ ਚੇਤਾਵਨੀ ਦਿੱਤੀ ਕਿ ਉਹ ਆਪਣੀ ਪਤਨੀ ਨਾਲ ਸਨਮਾਨ ਦੇ ਨਾਲ ਪੇਸ਼ ਦੇ ਵਾਅਦੇ ਤੋਂ ਪਿੱਛੇ ਨਾ ਹਟੇ। ਉਨ੍ਹਾਂ ਨੇ ਪਤੀ ਤੋਂ ਆਪਣੀ ਪਤਨੀ ਖ਼ਿਲਾਫ਼ ਤਲਾਕ ਦੀ ਪਟੀਸ਼ਨ ਸਮੇਤ ਸਾਰੇ ਮਾਮਲੇ ਵਾਪਸ ਲੈਣ ਨੂੰ ਵੀ ਕਿਹਾ।
ਚੀਫ ਜਸਟਿਸ ਨੇ ਪਤੀ ਵੱਲੋਂ ਪੇਸ਼ ਸੀਨੀਅਰ ਵਕੀਲ ਅੰਜਨਾ ਪ੍ਰਕਾਸ਼ ਨੂੰ ਕਿਹਾ ਕਿ ਮਾਮਲਿਆਂ ਨੂੰ ਵਾਪਸ ਲੈਣ ਲਈ ਹਲਫਨਾਮਾ ਦਾਖਲ ਕਰੋ। ਪਰ ਜੇਕਰ ਪਤੀ ਗਲਤ ਵਿਵਹਾਰ ਕਰਦਾ ਹੈ ਤਾਂ ਉਸ ਨੂੰ ਵਾਪਸ ਜੇਲ੍ਹ ਭੇਜ ਦੇਣਗੇ। ਅਸੀਂ ਅਜੇ ਮਾਮਲੇ ਨੂੰ ਪੈਂਡਿੰਗ ਰੱਖ ਰਹੇ ਹਾਂ।