Delhi MCD News: ਉਪ ਰਾਜਪਾਲ ਨੂੰ ਕਾਨੂੰਨ ਦੇ ਅਨੁਸਾਰ ਕੰਮ ਕਰਨਾ ਚਾਹੀਦਾ ਹੈ ਨਾ ਕਿ ਕੈਬਨਿਟ ਦੀ ਸਲਾਹ ਅਨੁਸਾਰ : ਸੁਪਰੀਮ ਕੋਰਟ
Delhi MCD News: ਸੁਪਰੀਮ ਕੋਰਟ ਨੇ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਨੂੰ ਵੱਡਾ ਝਟਕਾ ਦਿੰਦਿਆਂ ਸੋਮਵਾਰ ਨੂੰ ਕਿਹਾ ਕਿ ਕਾਨੂੰਨ ਦਿੱਲੀ ਦੇ ਉਪ ਰਾਜਪਾਲ ਨੂੰ ਦਿੱਲੀ ਨਗਰ ਨਿਗਮ (ਐਮ.ਸੀ.ਡੀ.) ’ਚ ਕਿਸੇ ‘ਐਲਡਰਮੈਨ‘ ਨੂੰ ਨਾਮਜ਼ਦ ਕਰਨ ਦਾ ਅਧਿਕਾਰ ਦਿੰਦਾ ਹੈ ਅਤੇ ਉਹ ਇਸ ਮਾਮਲੇ ’ਚ ਕੈਬਨਿਟ ਦੀ ਸਲਾਹ ਮੰਨਣ ਲਈ ਪਾਬੰਦ ਨਹੀਂ ਹਨ।
ਚੀਫ ਜਸਟਿਸ ਡੀ.ਵਾਈ. ਚੰਦਰਚੂੜ, ਜਸਟਿਸ ਪੀ.ਐਸ. ਨਰਸਿਮਹਾ ਅਤੇ ਜਸਟਿਸ ਜੇ.ਬੀ. ਪਾਰਦੀਵਾਲਾ ਦੀ ਬੈਂਚ ਨੇ ਕੈਬਨਿਟ ਨਾਲ ਸਲਾਹ-ਮਸ਼ਵਰਾ ਕੀਤੇ ਬਿਨਾਂ ਦਿੱਲੀ ਨਗਰ ਨਿਗਮ (ਐਮ.ਸੀ.ਡੀ.) ’ਚ 10 ‘ਐਲਡਰਮੈਨਾਂ’ ਨੂੰ ਨਾਮਜ਼ਦ ਕਰਨ ਦੇ ਉਪ ਰਾਜਪਾਲ ਦੇ ਅਧਿਕਾਰ ਨੂੰ ਚੁਨੌਤੀ ਦੇਣ ਵਾਲੀ ਦਿੱਲੀ ਸਰਕਾਰ ਦੀ ਪਟੀਸ਼ਨ ਨੂੰ ਖਾਰਜ ਕਰ ਦਿਤਾ।
ਸੁਪਰੀਮ ਕੋਰਟ ਨੇ ਇਸ ਮੁੱਦੇ ’ਤੇ ਅਪਣਾ ਫੈਸਲਾ ਲਗਭਗ 15 ਮਹੀਨਿਆਂ ਲਈ ਰਾਖਵਾਂ ਰੱਖ ਲਿਆ ਸੀ।
ਉਪ ਰਾਜਪਾਲ ਦੇ ਦਫਤਰ ਅਤੇ ‘ਆਪ’ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਵਿਚਾਲੇ ਤਣਾਅਪੂਰਨ ਸਬੰਧਾਂ ਨੂੰ ਪ੍ਰਭਾਵਤ ਕਰਨ ਵਾਲੇ ਫੈਸਲੇ ’ਚ ਬੈਂਚ ਨੇ ਕਿਹਾ ਕਿ 1993 ’ਚ ਸੋਧਿਆ ਗਿਆ ਦਿੱਲੀ ਨਗਰ ਨਿਗਮ ਐਕਟ ‘‘ਉਪ ਰਾਜਪਾਲ ਨੂੰ ਨਿਗਮ ਦੀ ਵਿਸ਼ੇਸ਼ ਜਾਣਕਾਰੀ ਰੱਖਣ ਵਾਲੇ ਵਿਅਕਤੀਆਂ ਨੂੰ ਨਾਮਜ਼ਦ ਕਰਨ ਦਾ ਸਪੱਸ਼ਟ ਅਧਿਕਾਰ ਦਿੰਦਾ ਹੈ।’’
ਫ਼ੈਸਲੇ ’ਚ ਕਿਹਾ ਗਿਆ ਹੈ ਕਿ ਕਾਨੂੰਨ ਵਿਚ ਉਪ ਰਾਜਪਾਲ ਨੂੰ ਦਿਤੀ ਗਈ ਸ਼ਕਤੀ ਵਿਧਾਨਕ ਯੋਜਨਾ ਨੂੰ ਦਰਸਾਉਂਦੀ ਹੈ ਜਿਸ ਦੀਆਂ ਸ਼ਕਤੀਆਂ ਅਤੇ ਕਰਤੱਵ ਕਾਨੂੰਨ ਦੇ ਤਹਿਤ ਅਧਿਕਾਰੀਆਂ ਵਿਚ ਵੰਡੇ ਜਾਂਦੇ ਹਨ।
ਬੈਂਚ ਵਲੋਂ ਫੈਸਲਾ ਸੁਣਾਉਂਦੇ ਹੋਏ ਜਸਟਿਸ ਨਰਸਿਮਹਾ ਨੇ ਕਿਹਾ, ‘‘ਸ਼ਕਤੀ ਦੇ ਲਿਹਾਜ਼ ਨਾਲ ਇਹ ਸਪੱਸ਼ਟ ਹੈ ਕਿ ਉਪ ਰਾਜਪਾਲ ਨੂੰ ਕਾਨੂੰਨ ਦੇ ਅਨੁਸਾਰ ਕੰਮ ਕਰਨਾ ਹੁੰਦਾ ਹੈ ਨਾ ਕਿ ਕੈਬਨਿਟ ਦੀ ਸਲਾਹ ਅਨੁਸਾਰ। ਵਰਤੋਂ ਕੀਤੀ ਜਾਣ ਵਾਲੀ ਸ਼ਕਤੀ ਉਪ ਰਾਜਪਾਲ ਦਾ ਕਾਨੂੰਨੀ ਫਰਜ਼ ਹੈ ਨਾ ਕਿ ਕਿਸੇ ਸੂਬੇ ਦੀ ਕਾਰਜਕਾਰੀ ਸ਼ਕਤੀ। ਇਸ ਤਰ੍ਹਾਂ ਅਸੀਂ ਸੰਵਿਧਾਨਕ ਵਿਵਸਥਾਵਾਂ ਦਾ ਮੁਲਾਂਕਣ ਕਰਦੇ ਹਾਂ।’’
ਪਿਛਲੇ ਸਾਲ 17 ਮਈ ਨੂੰ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਉਪ ਰਾਜਪਾਲ ਨੂੰ ਐਮ.ਸੀ.ਡੀ. ’ਚ ‘ਐਲਡਰਮੈਨ’ ਨਾਮਜ਼ਦ ਕਰਨ ਦਾ ਅਧਿਕਾਰ ਦੇਣ ਦਾ ਮਤਲਬ ਇਹ ਹੋਵੇਗਾ ਕਿ ਉਹ ਚੁਣੀ ਹੋਈ ਨਗਰ ਨਿਗਮ ਨੂੰ ਅਸਥਿਰ ਕਰ ਸਕਦੇ ਹਨ। ਐਮ.ਸੀ.ਡੀ. ’ਚ 250 ਚੁਣੇ ਹੋਏ ਅਤੇ 10 ਨਾਮਜ਼ਦ ਮੈਂਬਰ ਹਨ।
ਦਸੰਬਰ 2022 ’ਚ ‘ਆਪ’ ਨੇ ਨਗਰ ਨਿਗਮ ਚੋਣਾਂ ’ਚ 134 ਵਾਰਡਾਂ ’ਚ ਜਿੱਤ ਨਾਲ ਐਮ.ਸੀ.ਡੀ. ’ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ 15 ਸਾਲਾਂ ਦੇ ਸ਼ਾਸਨ ਨੂੰ ਖਤਮ ਕਰ ਦਿਤਾ ਸੀ। ਭਾਜਪਾ ਨੇ 104 ਸੀਟਾਂ ਜਿੱਤੀਆਂ ਸਨ ਜਦਕਿ ਕਾਂਗਰਸ 9 ਸੀਟਾਂ ਨਾਲ ਤੀਜੇ ਸਥਾਨ ’ਤੇ ਸੀ।
ਸੁਣਵਾਈ ਦੌਰਾਨ ਦਿੱਲੀ ਸਰਕਾਰ ਵਲੋਂ ਪੇਸ਼ ਹੋਏ ਸੀਨੀਅਰ ਵਕੀਲ ਅਭਿਸ਼ੇਕ ਸਿੰਘਵੀ ਨੇ ਦਲੀਲ ਦਿਤੀ ਸੀ ਕਿ ਸੂਬਾ ਸਰਕਾਰ ਨੂੰ ਐਮ.ਸੀ.ਡੀ. ’ਚ ‘ਐਲਡਰਮੈਨ’ ਨਾਮਜ਼ਦ ਕਰਨ ਲਈ ਕੋਈ ਵੱਖਰੀ ਤਾਕਤ ਨਹੀਂ ਦਿਤੀ ਗਈ ਹੈ। ਉਨ੍ਹਾਂ ਕਿਹਾ ਕਿ ਪਿਛਲੇ 30 ਸਾਲਾਂ ਤੋਂ ਦਿੱਲੀ ਸਰਕਾਰ ਦੀ ਸਲਾਹ ’ਤੇ ਉਪ ਰਾਜਪਾਲ ਵਲੋਂ ‘ਐਲਡਰਮੈਨ’ ਨਾਮਜ਼ਦ ਕਰਨ ਦੀ ਪ੍ਰਕਿਰਿਆ ਦੀ ਪਾਲਣਾ ਕੀਤੀ ਜਾ ਰਹੀ ਹੈ।
ਉਪ ਰਾਜਪਾਲ ਦਫ਼ਤਰ ਵਲੋਂ ਪੇਸ਼ ਹੋਏ ਵਧੀਕ ਸਾਲਿਸਿਟਰ ਜਨਰਲ ਸੰਜੇ ਜੈਨ ਨੇ ਕਿਹਾ ਕਿ ਕਿਉਂਕਿ 30 ਸਾਲਾਂ ਤੋਂ ਪ੍ਰਕਿਰਿਆ ਦਾ ਪਾਲਣ ਕੀਤਾ ਜਾ ਰਿਹਾ ਹੈ, ਇਸ ਦਾ ਮਤਲਬ ਇਹ ਨਹੀਂ ਹੈ ਕਿ ਇਹ ਸਹੀ ਹੈ।
ਸੁਪਰੀਮ ਕੋਰਟ ਨੇ ਪਹਿਲਾਂ ਕਿਹਾ ਸੀ ਕਿ ਉਪ ਰਾਜਪਾਲ ਨੂੰ ‘ਐਲਡਰਮੈਨ’ ਨਾਮਜ਼ਦ ਕਰਨ ਦੀ ਸ਼ਕਤੀ ਦੇਣ ਦਾ ਮਤਲਬ ਹੈ ਕਿ ਉਹ ਲੋਕਤੰਤਰੀ ਢੰਗ ਨਾਲ ਚੁਣੇ ਗਏ ਐਮ.ਸੀ.ਡੀ. ਨੂੰ ਅਸਥਿਰ ਕਰ ਸਕਦੇ ਹਨ ਕਿਉਂਕਿ ਇਨ੍ਹਾਂ ਐਲਡਰਮੈਨਾਂ ਨੂੰ ਸਥਾਈ ਕਮੇਟੀਆਂ ’ਚ ਨਿਯੁਕਤ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਵੋਟ ਪਾਉਣ ਦਾ ਅਧਿਕਾਰ ਹੁੰਦਾ ਹੈ।
ਪਿਛਲੇ ਸਾਲ 12 ਮਈ ਨੂੰ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਉਪ ਰਾਜਪਾਲ ਨੂੰ ਦਿੱਲੀ ਸਰਕਾਰ ਦੇ ਕੈਬਨਿਟ ਦੀ ਸਲਾਹ ਦੀ ਪਾਲਣਾ ਕਰਨੀ ਹੋਵੇਗੀ।
ਲੋਕਤੰਤਰ ਨੂੰ ਵੱਡਾ ਝਟਕਾ: ‘ਆਪ’
ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਨੇਤਾ ਸੰਜੇ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ ਪਾਰਟੀ ਦਿੱਲੀ ਨਗਰ ਨਿਗਮ (ਐੱਮ.ਸੀ.ਡੀ.) ’ਚ ‘ਐਲਡਰਮੈਨ’ ਨਾਮਜ਼ਦ ਕਰਨ ਦੇ ਉਪ ਰਾਜਪਾਲ ਦੇ ਅਧਿਕਾਰ ਨੂੰ ਬਰਕਰਾਰ ਰੱਖਣ ਦੇ ਸੁਪਰੀਮ ਕੋਰਟ ਦੇ ਫੈਸਲੇ ਨਾਲ ‘ਸਤਿਕਾਰ’ ਨਾਲ ਅਸਹਿਮਤ ਹੈ।
ਸੰਜੇ ਸਿੰਘ ਨੇ ਇਸ ਫੈਸਲੇ ਨੂੰ ਭਾਰਤ ਦੇ ਲੋਕਤੰਤਰ ਲਈ ਵੱਡਾ ਝਟਕਾ ਦਸਿਆ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦਾ ਫੈਸਲਾ ਉਪ ਰਾਜਪਾਲ ਨੂੰ ਚੁਣੀ ਹੋਈ ਸਰਕਾਰ ਨੂੰ ਨਜ਼ਰਅੰਦਾਜ਼ ਕਰਨ ਦਾ ਅਧਿਕਾਰ ਦਿੰਦਾ ਹੈ।
ਸੁਪਰੀਮ ਕੋਰਟ ਦੇ ਹੁਕਮ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਸੰਜੇ ਸਿੰਘ ਨੇ ਇਕ ਬਿਆਨ ’ਚ ਕਿਹਾ, ‘‘ਇਹ ਭਾਰਤ ਦੇ ਲੋਕਤੰਤਰ ਅਤੇ ਸੰਵਿਧਾਨ ਲਈ ਚੰਗਾ ਨਹੀਂ ਹੈ। ਅਸੀਂ ਸੁਪਰੀਮ ਕੋਰਟ ਦੇ ਫੈਸਲੇ ਨਾਲ ਸਤਿਕਾਰ ਨਾਲ ਅਸਹਿਮਤ ਹਾਂ।’’ ਉਨ੍ਹਾਂ ਕਿਹਾ ਕਿ ਇਹ ਫੈਸਲਾ ‘ਮੰਦਭਾਗਾ’ ਅਤੇ ਲੋਕਤੰਤਰ ਦੀ ਭਾਵਨਾ ਦੇ ਵਿਰੁਧ ਹੈ।
ਭਾਜਪਾ ਨੇ ਐਮ.ਸੀ.ਡੀ. ’ਚ ‘ਐਲਡਰਮੈਨ’ ਨਾਮਜ਼ਦ ਕਰਨ ਦੇ ਅਧਿਕਾਰ ’ਤੇ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕੀਤਾ
ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਦਿੱਲੀ ਨਗਰ ਨਿਗਮ (ਐੱਮ.ਸੀ.ਡੀ.) ’ਚ ‘ਐਲਡਰਮੈਨ’ ਨਾਮਜ਼ਦ ਕਰਨ ਦੀ ਸ਼ਕਤੀ ਨੂੰ ਉਪ ਰਾਜਪਾਲ ਕੋਲ ਬਰਕਰਾਰ ਰੱਖਣ ਦੇ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਨੂੰ ਉਪ ਰਾਜਪਾਲ ਦੇ ਹਰ ਕੰਮ ’ਤੇ ਸਵਾਲ ਚੁੱਕਣ ਦੀ ਆਦਤ ਹੋ ਗਈ ਹੈ।
ਇੱਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਲੀ ਭਾਜਪਾ ਦੇ ਪ੍ਰਧਾਨ ਵੀਰੇਂਦਰ ਸਚਦੇਵਾ ਨੇ ਕਿਹਾ ਕਿ ਉਪ ਰਾਜਪਾਲ ਦਹਾਕਿਆਂ ਤੋਂ ਐਮ.ਸੀ.ਡੀ. ’ਚ ‘ਐਲਡਰਮੈਨ’ ਨਾਮਜ਼ਦ ਕਰਨ ਦੀ ਸ਼ਕਤੀ ਦੀ ਵਰਤੋਂ ਕਰ ਰਹੇ ਹਨ।
ਉਨ੍ਹਾਂ ਕਿਹਾ, ‘‘ਆਮ ਆਦਮੀ ਪਾਰਟੀ ਨੇ ਉਪ ਰਾਜਪਾਲ ਵਲੋਂ ਕੀਤੇ ਗਏ ਹਰ ਕੰਮ ’ਤੇ ਸਵਾਲ ਚੁੱਕਣ ਦੀ ਆਦਤ ਬਣਾ ਲਈ ਹੈ। ਅਸੀਂ ਸੁਪਰੀਮ ਕੋਰਟ ਦੇ ਫੈਸਲੇ ’ਤੇ ‘ਆਪ’ ਸੰਸਦ ਮੈਂਬਰ ਸੰਜੇ ਸਿੰਘ ਦੀ ਪ੍ਰਤੀਕਿਰਿਆ ਦੀ ਸਖ਼ਤ ਨਿੰਦਾ ਕਰਦੇ ਹਾਂ ਜੋ ਉਨ੍ਹਾਂ ਦੀ ਪਾਰਟੀ ਦੀ ਅਰਾਜਕ ਮਾਨਸਿਕਤਾ ਨੂੰ ਦਰਸਾਉਂਦਾ ਹੈ।’’