
ਧਾਰਾ 370 ਹਟਾਏ ਜਾਣ ਤੋਂ ਬਾਅਦ ਜੰਮੂ-ਕਸ਼ਮੀਰ 'ਚ ਕੀ ਹੋਏ ਬਦਲਾਅ ?
Article 370 Abrogation : ਪੰਜ ਸਾਲ ਪਹਿਲਾਂ ਅੱਜ ਦੇ ਦਿਨ ਹੀ ਮੋਦੀ ਸਰਕਾਰ ਨੇ ਜੰਮੂ-ਕਸ਼ਮੀਰ ਨੂੰ ਲੈ ਕੇ ਵੱਡਾ ਫੈਸਲਾ ਲਿਆ ਸੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 5 ਅਗਸਤ 2019 ਨੂੰ ਸੰਸਦ ਵਿੱਚ ਧਾਰਾ 370 ਨੂੰ ਹਟਾਉਣ ਦਾ ਐਲਾਨ ਕੀਤਾ ਸੀ। ਸਰਕਾਰ ਨੇ ਜੰਮੂ-ਕਸ਼ਮੀਰ ਤੋਂ ਵਿਸ਼ੇਸ਼ ਦਰਜਾ ਵਾਪਸ ਲੈ ਲਿਆ ਅਤੇ ਰਾਜ ਦਾ ਦਰਜਾ ਖ਼ਤਮ ਕਰਕੇ ਇਸ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ, ਜੰਮੂ-ਕਸ਼ਮੀਰ ਅਤੇ ਲੱਦਾਖ ਵਿੱਚ ਵੰਡ ਦਿੱਤਾ।
ਇਸ ਦੌਰਾਨ ਘਾਟੀ 'ਚ ਕਿਸੇ ਤਰ੍ਹਾਂ ਦੇ ਹੰਗਾਮੇ ਤੋਂ ਬਚਣ ਲਈ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਅਤੇ ਕਈ ਨੇਤਾਵਾਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਸੀ। ਵਿਰੋਧੀ ਪਾਰਟੀਆਂ ਨੇ ਇਸ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਤੱਕ ਵੀ ਪਹੁੰਚ ਕੀਤੀ ਸੀ ਪਰ ਉਥੋਂ ਕੋਈ ਰਾਹਤ ਨਹੀਂ ਮਿਲੀ। ਆਓ ਜਾਣਦੇ ਹਾਂ ਇਨ੍ਹਾਂ ਪੰਜ ਸਾਲਾਂ 'ਚ ਜੰਮੂ-ਕਸ਼ਮੀਰ 'ਚ ਕੀ ਬਦਲਾਅ ਆਏ ਹਨ?
5 ਪੁਆਇੰਟਾਂ 'ਚ ਜਾਣੋ ਜੰਮੂ-ਕਸ਼ਮੀਰ 'ਚ ਕੀ-ਕੀ ਹੋਏ ਬਦਲਾਅ ?
ਧਾਰਾ 370 ਦੇ ਖਾਤਮੇ ਤੋਂ ਬਾਅਦ ਜੰਮੂ-ਕਸ਼ਮੀਰ ਵਿੱਚ ਪਹਿਲਾਂ ਦੇ ਮੁਕਾਬਲੇ ਸ਼ਾਂਤੀ ਹੈ ਅਤੇ ਸੂਬੇ ਦਾ ਵਿਕਾਸ ਤੇਜ਼ੀ ਨਾਲ ਹੋ ਰਿਹਾ ਹੈ। ਕਸ਼ਮੀਰ ਨੂੰ ਭਾਰਤ ਤੋਂ ਵੱਖ ਕਰਨ ਦੀ ਕੋਸ਼ਿਸ਼ ਕਰ ਰਹੀਆਂ ਵੱਖਵਾਦੀ ਤਾਕਤਾਂ ਨੂੰ ਪੂਰੀ ਤਰ੍ਹਾਂ ਕੁਚਲ ਦਿੱਤਾ ਗਿਆ ਹੈ।
ਜੰਮੂ-ਕਸ਼ਮੀਰ 'ਚ ਕਾਨੂੰਨ ਵਿਵਸਥਾ 'ਚ ਕਾਫੀ ਸੁਧਾਰ ਦੇਖਿਆ ਗਿਆ ਹੈ। ਸਥਾਨਕ ਪੱਧਰ 'ਤੇ ਰੋਸ ਮੁਜ਼ਾਹਰੇ ਖਤਮ ਹੋ ਗਏ। ਹੁਣ ਪੱਥਰਬਾਜ਼ੀ ਦੀ ਕੋਈ ਖ਼ਬਰ ਨਹੀਂ ਆਉਂਦੀਆਂ। ਆਮ ਨਾਗਰਿਕਾਂ ਦੀ ਹੱਤਿਆ 'ਤੇ ਰੋਕ ਲੱਗੀ। ਸਰਕਾਰੀ ਅੰਕੜਿਆਂ ਮੁਤਾਬਕ ਨਾਗਰਿਕਾਂ ਦੀ ਮੌਤ 'ਚ 81 ਫੀਸਦੀ ਅਤੇ ਫੌਜੀਆਂ ਦੀ ਸ਼ਹਾਦਤ 'ਚ 48 ਫੀਸਦੀ ਦੀ ਕਮੀ ਆਈ ਹੈ।
ਧਾਰਾ 370 ਹਟਾਏ ਜਾਣ ਤੋਂ ਬਾਅਦ ਸਰਕਾਰ ਨੇ ਅੱਤਵਾਦੀਆਂ 'ਤੇ ਸ਼ਿਕੰਜਾ ਕੱਸਿਆ, ਜਿਸ ਕਾਰਨ ਅੱਤਵਾਦੀ ਘਟਨਾਵਾਂ 'ਚ 70 ਫੀਸਦੀ ਕਮੀ ਆਈ ਹੈ। ਅੰਕੜਿਆਂ ਮੁਤਾਬਕ ਇਸ ਸਾਲ 21 ਜੁਲਾਈ ਤੱਕ 14 ਸੁਰੱਖਿਆ ਮੁਲਾਜ਼ਮ ਸ਼ਹੀਦ ਹੋਏ ਸਨ ਅਤੇ 14 ਲੋਕ ਮਾਰੇ ਗਏ ਸਨ, ਜਦਕਿ ਪਿਛਲੇ ਸਾਲ 2023 'ਚ 46 ਅੱਤਵਾਦੀ ਘਟਨਾਵਾਂ ਹੋਈਆਂ ਸਨ, ਜਿਨ੍ਹਾਂ 'ਚ 30 ਜਵਾਨ ਅਤੇ 14 ਲੋਕਾਂ ਦੀ ਜਾਨ ਗਈ ਸੀ।
ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਡੀਡੀਸੀ ਚੋਣਾਂ ਹੋਈਆਂ ਸੀ। ਧਾਰਾ 370 ਹਟਾਏ ਜਾਣ ਤੋਂ ਬਾਅਦ ਰਾਜ ਦੇ ਲੋਕਾਂ ਨੂੰ ਰਾਖਵੇਂਕਰਨ ਦਾ ਲਾਭ ਮਿਲਿਆ ਹੈ, ਜਿਸ ਵਿੱਚ ਵਾਲਮੀਕਿ ਭਾਈਚਾਰਾ, ਓਬੀਸੀ, ਪਹਾੜੀ, ਗੁੱਜਰ-ਬਕਰਵਾਲ, ਮਾਵਾਂ-ਭੈਣਾਂ ਸ਼ਾਮਲ ਹਨ। ਬੁਨਿਆਦੀ ਢਾਂਚੇ ਤਹਿਤ ਸੂਬੇ ਵਿੱਚ ਸਿਹਤ, ਸੈਰ ਸਪਾਟਾ, ਟਰਾਂਸਪੋਰਟ, ਉਦਯੋਗ, ਸਿੱਖਿਆ, ਹਵਾਈ ਅੱਡੇ ਸਮੇਤ ਹਰ ਖੇਤਰ ਵਿੱਚ ਵਿਕਾਸ ਹੋਇਆ।
ਹੁਣ ਜੰਮੂ-ਕਸ਼ਮੀਰ ਵਿੱਚ ਉਦਯੋਗਿਕ ਵਿਕਾਸ ਵੱਧ ਰਿਹਾ ਹੈ। ਕਾਰੋਬਾਰੀ ਘਾਟੀ ਵਿੱਚ ਜ਼ਮੀਨ ਖਰੀਦ ਕੇ ਉਥੇ ਕੰਪਨੀਆਂ ਸਥਾਪਤ ਕਰ ਰਹੇ ਹਨ, ਜਿਸ ਨਾਲ ਸੂਬੇ ਵਿੱਚ ਰੁਜ਼ਗਾਰ ਵਧਿਆ ਹੈ। ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਸਦੀਆਂ ਪੁਰਾਣੇ ਧਾਰਮਿਕ ਸਥਾਨਾਂ ਦਾ ਵਿਕਾਸ ਹੋ ਰਿਹਾ ਹੈ, ਜਿਸ ਕਾਰਨ ਸੈਲਾਨੀਆਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਇਸ ਸਾਲ ਅਮਰਨਾਥ ਯਾਤਰਾ 'ਚ ਸ਼ਰਧਾਲੂਆਂ ਦੀ ਗਿਣਤੀ ਵਧੀ ਹੈ।