
ਮਾਮਲੇ ਵਿਚ ਹੁਣ ਤਕ ਹੋਈ ਕੁੱਲ 8.6 ਕਰੋੜ ਦੀ ਜ਼ਬਤੀ
ਨਵੀਂ ਦਿੱਲੀ: ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਟਰਾਂਸਪੋਰਟ ਟੈਂਡਰ ਘੁਟਾਲੇ ਵਿੱਚ ਵੱਡੀ ਕਾਰਵਾਈ ਕੀਤੀ ਹੈ। ਈ. ਡੀ. ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ ਇਕ ਤਾਜ਼ਾ ਕਾਰਵਾਈ ਵਿਚ ਪੰਜਾਬ ਵਿਚ 2.12 ਕਰੋੜ ਰੁਪਏ ਦਾ ਸੋਨਾ ਅਤੇ ਗਹਿਣੇ ਜ਼ਬਤ ਕੀਤੇ ਹਨ। ਇਹ ਜ਼ਬਤੀ ਪੰਜਾਬ ਦੇ ਸਾਬਕਾ ਮੰਤਰੀ ਅਤੇ ਕਾਂਗਰਸ ਨੇਤਾ ਭਾਰਤ ਭੂਸ਼ਣ ਆਸ਼ੂ ਦੇ ਕਥਿਤ ਟੈਂਡਰ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਜਾਂਚ ਦੇ ਹਿੱਸੇ ਵਜੋਂ ਕੀਤੀ ਗਈ ਸੀ।
ਇਹ ਵੀ ਪੜ੍ਹੋ: ਅਕਾਲੀ ਵਰਕਰਾਂ ਤੇ ਨੌਜਵਾਨਾਂ ਵਿਚਾਲੇ ਝੜਪ ਦਾ ਮਾਮਲਾ: ਅਕਾਲੀ ਆਗੂਆਂ ਸਣੇ 6 ਵਿਰੁਧ ਮਾਮਲਾ ਦਰਜ
ਈ.ਡੀ. ਮੁਤਾਬਕ ਸੋਮਵਾਰ ਨੂੰ ਲੁਧਿਆਣਾ ਦੇ ਇਕ ਬੈਂਕ ਲਾਕਰ ਵਿਚੋਂ ਕਰੀਬ ਚਾਰ ਕਿਲੋ ਸੋਨਾ ਜ਼ਬਤ ਕੀਤਾ ਗਿਆ। ਮਾਮਲੇ ਨਾਲ ਸਬੰਧਤ ਹੋਰ ਮੁਲਜ਼ਮਾਂ ਦੀਆਂ ਕਈ ਜਾਇਦਾਦਾਂ ਵੀ ਜ਼ਬਤ ਕੀਤੀਆਂ ਗਈਆਂ ਸਨ। ਈ.ਡੀ. ਨੇ 24 ਅਗਸਤ ਨੂੰ ਇਨ੍ਹਾਂ ਲਾਕਰਾਂ ਦੀ ਵਰਤੋਂ 'ਤੇ ਪਾਬੰਦੀ ਲਗਾ ਦਿਤੀ ਸੀ। ਉਸੇ ਦਿਨ, ਏਜੰਸੀ ਨੇ ਭਾਰਤ ਭੂਸ਼ਣ ਆਸ਼ੂ, ਲੁਧਿਆਣਾ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਰਮਨ ਬਾਲਾਸੁਬਰਾਮਨੀਅਮ ਅਤੇ ਕੁੱਝ ਹੋਰਾਂ ਵਿਰੁਧ ਮਨੀ ਲਾਂਡਰਿੰਗ ਰੋਕੂ ਕਾਨੂੰਨ ਦੀਆਂ ਧਾਰਾਵਾਂ ਤਹਿਤ ਛਾਪੇਮਾਰੀ ਕੀਤੀ ਸੀ।
ਇਹ ਵੀ ਪੜ੍ਹੋ: ਅਬੋਹਰ ਦੇ ਸਰਕਾਰੀ ਸਕੂਲ ਦੀਆਂ ਤਿੰਨ ਵਿਦਿਆਰਥਣਾਂ ਲਾਪਤਾ; ਪੁਲਿਸ ਨੇ ਮਹਿਲਾ ਨੂੰ ਹਿਰਾਸਤ ਵਿਚ ਲਿਆ
ਈ.ਡੀ. ਨੇ ਇਕ ਬਿਆਨ ਵਿਚ ਕਿਹਾ ਕਿ ਉਸ ਨੇ 6.5 ਕਰੋੜ ਰੁਪਏ ਦੀ ਨਕਦੀ ਅਤੇ ਹੋਰ ਜਮ੍ਹਾਂ ਰਾਸ਼ੀ ਜ਼ਬਤ ਕੀਤੀ ਹੈ। ਇਸ ਤਰ੍ਹਾਂ ਹੁਣ ਤਕ ਕੁੱਲ 8.6 ਕਰੋੜ ਰੁਪਏ ਤੋਂ ਵੱਧ ਦੀ ਰਕਮ ਜ਼ਬਤ ਕੀਤੀ ਜਾ ਚੁੱਕੀ ਹੈ। ਇਹ ਮਾਮਲਾ ਪੰਜਾਬ ਵਿਜੀਲੈਂਸ ਬਿਊਰੋ ਵਲੋਂ ਸੂਬਾ ਸਰਕਾਰ ਦੀ ਟਰਾਂਸਪੋਰਟੇਸ਼ਨ ਅਤੇ ਲੇਬਰ ਕਾਰਟੇਜ ਨੀਤੀ, 2021 ਦੇ ਸਬੰਧ ਵਿਚ ਦਰਜ ਕੀਤੀ ਗਈ ਇਕ ਐਫ.ਆਈ.ਆਰ. ਨਾਲ ਸਬੰਧਤ ਹੈ।