
ਇਕ ਹਫਤੇ ਤੋਂ ਫਰਾਰ ਹੈ ਹਰਿਆਣਾ ਕੈਡਰ ਦਾ ਸੁਨੀਲ ਚੌਧਰੀ
ਚੰਡੀਗੜ੍ਹ: ਡਰੱਗ ਲਾਇਸੈਂਸ ਦੇਣ ਦੇ ਨਾਂਅ 'ਤੇ 1 ਲੱਖ ਰੁਪਏ ਰਿਸ਼ਵਤ ਮੰਗਣ ਦੇ ਮੁਲਜ਼ਮ ਡਰੱਗ ਕੰਟਰੋਲ ਅਫ਼ਸਰ ਸੁਨੀਲ ਚੌਧਰੀ ਨੂੰ ਚੰਡੀਗੜ੍ਹ ਪ੍ਰਸ਼ਾਸਨ ਨੇ ਮੁਅੱਤਲ ਕਰ ਦਿਤਾ ਹੈ। ਇਸ ਮਾਮਲੇ ਵਿਚ ਵਿਜੀਲੈਂਸ ਜਾਂਚ ਤੋਂ ਬਾਅਦ ਸਿਹਤ ਵਿਭਾਗ ਨੇ ਚੌਧਰੀ ਨੂੰ ਮੁਅੱਤਲ ਕਰਨ ਲਈ ਮੁਅੱਤਲੀ ਦੇ ਹੁਕਮਾਂ ਦੀ ਫਾਈਲ ਬੁਧਵਾਰ ਨੂੰ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਨੂੰ ਭੇਜ ਦਿਤੀ। ਇਸ ’ਤੇ ਪ੍ਰਸ਼ਾਸਕ ਨੇ ਚੌਧਰੀ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿਤਾ ਗਿਆ ਹੈ। ਹਰਿਆਣਾ ਕੇਡਰ ਦੇ ਚੌਧਰੀ ਇਥੇ ਡੈਪੂਟੇਸ਼ਨ ’ਤੇ ਕੰਮ ਕਰ ਰਹੇ ਸਨ। ਪ੍ਰਸ਼ਾਸਨ ਤੋਂ ਮੁਅੱਤਲ ਕੀਤੇ ਜਾਣ ਤੋਂ ਬਾਅਦ ਹੁਣ ਹਰਿਆਣਾ ਸਰਕਾਰ ਅਪਣੇ ਪੱਧਰ 'ਤੇ ਇਸ ਮਾਮਲੇ 'ਚ ਕਾਰਵਾਈ ਕਰ ਸਕਦੀ ਹੈ। ਪ੍ਰਸ਼ਾਸਨ ਹੁਣ ਇਸ ਅਹੁਦੇ 'ਤੇ ਨਵੀਂ ਨਿਯੁਕਤੀ ਲਈ ਹਰਿਆਣਾ ਤੋਂ ਪੈਨਲ ਦੀ ਮੰਗ ਕਰੇਗਾ।
ਇਹ ਵੀ ਪੜ੍ਹੋ: 15 ਮਾਮਲਿਆਂ ਵਿਚ ਨਾਮਜ਼ਦ ਨਸ਼ਾ ਤਸਕਰ ਦੀ 22.70 ਲੱਖ ਰੁਪਏ ਦੀ ਜਾਇਦਾਦ ਜ਼ਬਤ
ਇਸ ਮਾਮਲੇ ਵਿਚ ਸ਼ਿਕਾਇਤ ਤੋਂ ਬਾਅਦ ਵਿਚੋਲੇ ਅਸ਼ੋਕ ਨਰੂਲਾ ਨੂੰ ਵਿਜੀਲੈਂਸ ਨੇ 30 ਸਤੰਬਰ ਨੂੰ ਸੈਕਟਰ-20 ਤੋਂ ਗ੍ਰਿਫਤਾਰ ਕੀਤਾ ਸੀ, ਜਦਕਿ ਚੌਧਰੀ ਫਰਾਰ ਹੋ ਗਿਆ ਸੀ। ਧਨਾਸ ਦੇ ਦੇਵ ਸ਼ਰਨ ਸਾਹ ਨੇ ਵਿਜੀਲੈਂਸ ਨੂੰ ਸ਼ਿਕਾਇਤ ਦਿਤੀ ਸੀ ਕਿ ਇਕ ਮਹੀਨਾ ਪਹਿਲਾਂ ਚੌਧਰੀ ਅਤੇ ਨਰੂਲਾ ਧਨਾਸ ਸਥਿਤ ਉਸ ਦੀ ਆਰਥੋਪੈਡਿਕਸ ਸਰਜੀਕਲ ਆਈਟਮਾਂ ਦੀ ਦੁਕਾਨ 'ਤੇ ਆਏ ਸਨ। ਚੌਧਰੀ ਨੇ ਕਿਹਾ ਸੀ ਕਿ ਦੁਕਾਨ ਵਿਚ ਕਈ ਬੇਨਿਯਮੀਆਂ ਹੋਈਆਂ ਹਨ ਅਤੇ ਇਸ ਨੂੰ ਸੀਲ ਕਰਨਾ ਹੋਵੇਗਾ। ਉਹ ਦੁਕਾਨ ਨੂੰ ਸੀਲ ਹੋਣ ਤੋਂ ਬਚਾ ਸਕਦਾ ਹੈ ਪਰ ਇਸ ਦੇ ਲਈ ਉਸ ਨੂੰ ਇਕ ਲੱਖ ਰੁਪਏ ਅਦਾ ਕਰਨੇ ਪੈਣਗੇ। ਉਸ ਨੇ ਇੰਨੀ ਰਕਮ ਦੇਣ ਤੋਂ ਅਸਮਰੱਥਾ ਜ਼ਾਹਰ ਕੀਤੀ ਸੀ।
ਇਹ ਵੀ ਪੜ੍ਹੋ: ਦੇਸ਼ ਦੇ 6 ਸੂਬਿਆਂ ਵਿਚ ਪਰਾਲੀ ਸਾੜਨ ਦੇ 682 ਮਾਮਲੇ ਦਰਜ; ਪੰਜਾਬ ‘ਚ 456 ਮਾਮਲੇ
ਵਿਜੀਲੈਂਸ ਦੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਸੁਨੀਲ ਚੌਧਰੀ ਅਤੇ ਅਸ਼ੋਕ ਨਰੂਲਾ ਮਿਲ ਕੇ ਸ਼ਹਿਰ 'ਚ ਡਰੱਗ ਲਾਇਸੈਂਸ ਲੈਣ ਦੇ ਨਾਂਅ 'ਤੇ ਰਿਸ਼ਵਤਖੋਰੀ ਦੀ ਖੇਡ ਚਲਾ ਰਹੇ ਸਨ। ਵਿਜੀਲੈਂਸ ਦੀ ਪੁਛਗਿਛ ਦੌਰਾਨ ਨਰੂਲਾ ਨੇ ਕਬੂਲ ਕੀਤਾ ਸੀ ਕਿ ਪਿਛਲੇ 6 ਮਹੀਨਿਆਂ ਦੌਰਾਨ ਹੀ ਉਸ ਨੇ ਚੌਧਰੀ ਤੋਂ 5-6 ਡਰੱਗ ਲਾਇਸੈਂਸ ਦੀਆਂ ਫਾਈਲਾਂ ਕਲੀਅਰ ਕਰਵਾਈਆਂ ਸਨ। ਉਸ ਨੇ ਹਰ ਫਾਈਲ ਕਲੀਅਰ ਕਰਨ ਲਈ ਚੌਧਰੀ ਨੂੰ ਰਿਸ਼ਵਤ ਦਿਤੀ ਸੀ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਵਿਚ ਕੰਮ ਕਰਦੇ ਹੋਰ ਡਰੱਗ ਇੰਸਪੈਕਟਰਾਂ ਵਿਰੁਧ ਵੀ ਰਿਸ਼ਵਤ ਮੰਗਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ। ਵਿਜੀਲੈਂਸ ਉਨ੍ਹਾਂ ਦੀ ਵੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ: ਨੀਰਜ ਚੋਪੜਾ ਨੇ ਨਹੀਂ ਡਿੱਗਣ ਦਿਤਾ ਤਿਰੰਗਾ; ਗੋਲਡਨ ਬੁਆਏ ਦੇ ਵਾਇਰਲ ਵੀਡੀਉ ਨੇ ਜਿੱਤਿਆ ਦਿਲ
ਸਿਹਤ ਸਕੱਤਰ ਅਜੈ ਚਗਤੀ ਨੇ ਦਸਿਆ ਕਿ ਡਰੱਗ ਕੰਟਰੋਲ ਅਫ਼ਸਰ ਵਿਰੁਧ ਸ਼ਿਕਾਇਤ ਮਿਲਣ ਤੋਂ ਬਾਅਦ ਜਾਂਚ ਕੀਤੀ ਗਈ। ਉਸ ਤੋਂ ਬਾਅਦ ਸਲਾਹਕਾਰ ਧਰਮਪਾਲ ਨੂੰ ਉਸ ਵਿਰੁਧ ਕਾਰਵਾਈ ਕਰਨ ਲਈ ਪੱਤਰ ਲਿਖਿਆ ਗਿਆ। ਸਲਾਹਕਾਰ ਨੇ ਬੁਧਵਾਰ ਸ਼ਾਮ ਨੂੰ ਇਹ ਫਾਈਲ ਪ੍ਰਸ਼ਾਸਕ ਨੂੰ ਭੇਜ ਦਿਤੀ ਸੀ। ਪ੍ਰਸ਼ਾਸਕ ਨੇ ਉਸ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਨ ਦੇ ਹੁਕਮ ਜਾਰੀ ਕਰ ਦਿਤੇ ਹਨ। ਮਾਮਲੇ ਦੀ ਜਾਂਚ ਅਜੇ ਵੀ ਜਾਰੀ ਹੈ।