
ਨਕਸਲੀ ਹਿੰਸਾ ਪ੍ਰਭਾਵਤ ਇਲਾਕਿਆਂ ’ਚ ਫੈਲਾਇਆ ਜਾਵੇਗਾ ਕੌਮੀ ਵਿਚਾਰ
ਨਵੀਂ ਦਿੱਲੀ/ਬੀਜਾਪੁਰ: ਸੀ.ਆਰ.ਪੀ.ਐਫ. ਨੇ ਛੱਤੀਸਗੜ੍ਹ ਦੇ ਬਸਤਰ ਸਥਿਤ ਦੂਰ-ਦੁਰਾਡੇ ਨਕਸਲੀ ਹਿੰਸਾ ਪ੍ਰਭਾਵਤ ਇਲਾਕਿਆਂ ਵਿਚ ਕੌਮੀ ਸੋਚ ਫੈਲਾਉਣ ਅਤੇ ਸਥਾਨਕ ਲੋਕਾਂ ਨੂੰ ਮਾਉਵਾਦੀ ਵਿਚਾਰਧਾਰਾ ਤੋਂ ਦੂਰ ਕਰਨ ਲਈ ਇਕ ਵਿਸ਼ੇਸ਼ ਜਨਤਕ ਮੁਹਿੰਮ ਦੇ ਹਿੱਸੇ ਵਜੋਂ 10,000 ਤੋਂ ਵੱਧ ਰੇਡੀਓ ਸੈੱਟ ਵੰਡੇ ਹਨ। ਨੀਮ ਫ਼ੌਜੀ ਬਲ ਨੇ ਹਾਲ ਹੀ ਵਿਚ ਪਿੰਡਾਂ ਅੰਦਰ ਸੈਂਕੜੇ ਛੋਟੇ-ਵੱਡੇ ਜਨਤਕ ਸਮਾਗਮ ਕਰਨ ਤੋਂ ਬਾਅਦ ਲਗਭਗ ਚਾਰ ਮਹੀਨਿਆਂ ਤੱਕ ਚੱਲ ਰਹੇ ਅਭਿਆਸ ਨੂੰ ਪੂਰਾ ਕੀਤਾ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਗ੍ਰਹਿ ਮੰਤਰਾਲੇ ਨੇ ਇਸ ਸਾਲ ਦੀ ਸ਼ੁਰੂਆਤ ’ਚ 1.62 ਕਰੋੜ ਰੁਪਏ ਦਾ ਬਜਟ ਅਲਾਟ ਕਰ ਕੇ ਬਸਤਰ ਖੇਤਰ ਦੇ ਸੱਤ ਜ਼ਿਲ੍ਹਿਆਂ ਲਈ ਵਿਸ਼ੇਸ਼ ਨਾਗਰਿਕ ਐਕਸ਼ਨ ਪ੍ਰੋਗਰਾਮ ਸ਼ੁਰੂ ਕੀਤਾ ਸੀ।
ਬੀਜਾਪੁਰ ਜ਼ਿਲ੍ਹੇ ’ਚ ਸਥਿਤ ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀ.ਆਰ.ਪੀ.ਐੱਫ.) ਦੇ ਇਕ ਕਮਾਂਡਰ ਨੇ ਦੱਸਿਆ ਕਿ ਖੇਤਰ ਦੇ ਦੂਰ-ਦੁਰਾਡੇ ਅਤੇ ਅੰਦਰੂਨੀ ਟਿਕਾਣਿਆਂ ’ਚ ਤਾਇਨਾਤ ਅਰਧ ਸੈਨਿਕ ਬਲਾਂ ਦੀਆਂ 180 ਕੰਪਨੀਆਂ ਵੱਲੋਂ ਕੁੱਲ 10,800 ਰੇਡੀਓ ਸੈੱਟ ਵੰਡੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਵਿਸ਼ੇਸ਼ ਪ੍ਰੋਗਰਾਮ ਦਾ ਉਦੇਸ਼ ਲਗਭਗ 54,000 ਵਿਅਕਤੀਆਂ ਨੂੰ ਜੋੜਨਾ ਹੈ, ਹਰ ਪਰਵਾਰ ਨੂੰ ਪੰਜ ਮੈਂਬਰੀ ਇਕਾਈ ਮੰਨਦੇ ਹੋਏ।
ਦੂਜੇ ਅਧਿਕਾਰੀ ਨੇ ਦਸਿਆ ਕਿ ਕੇਂਦਰ ਸਰਕਾਰ ਨੇ ਫੋਰਸ ਨੂੰ ਦੂਰ-ਦੁਰਾਡੇ ਦੇ ਟਿਕਾਣਿਆਂ ਉਤੇ ਹੋਰ ਰੇਡੀਓ ਟਾਵਰ ਲਗਾਉਣ ਲਈ ਜਗ੍ਹਾ ਮੁਹੱਈਆ ਕਰਵਾਉਣ ਲਈ ਵੀ ਕਿਹਾ ਹੈ ਤਾਂ ਜੋ ਇਨ੍ਹਾਂ ਇਲਾਕਿਆਂ ਦੇ ਵਸਨੀਕ ਸੁਣ ਸਕਣ ਕਿ ਸੂਬੇ ਅਤੇ ਦੇਸ਼ ਵਿਚ ਕੀ ਹੋ ਰਿਹਾ ਹੈ।
ਵਿਸ਼ੇਸ਼ ਮੁਹਿੰਮ ਲਈ ਖਰੀਦੇ ਗਏ ਇਹ ਰੇਡੀਓ ਸੈੱਟ ਸੁੱਕੀ ਬੈਟਰੀਆਂ ਲਗਾ ਕੇ ਜਾਂ ਸਿੱਧੇ ਪਾਵਰ ਬੋਰਡ ਕਨੈਕਸ਼ਨ ਰਾਹੀਂ ਚਲਾਏ ਜਾ ਸਕਦੇ ਹਨ। ਉਨ੍ਹਾਂ ਨੇ ਦਸਿਆ ਕਿ ਹਰ ਰੇਡੀਓ ਸੈੱਟ ਦੀ ਕੀਮਤ ਲਗਭਗ 1,500 ਰੁਪਏ ਹੈ ਅਤੇ ਇਸ ਉਤੇ ਐਫ.ਐਮ., ਮੈਗਾਵਾਟ ਅਤੇ ਐਸ.ਡਬਲਯੂ. ਰੇਡੀਓ ਸਟੇਸ਼ਨ ਚਲਾਏ ਜਾ ਸਕਦੇ ਹਨ।