ਲਗਭਗ 35 ਲੱਖ ਰੁਪਏ ਬਣਦੀ ਹੈ ਸ਼ਰਾਬ ਦੀ ਕੀਮਤ
ਮਥੁਰਾ - ਮਥੁਰਾ ਜ਼ਿਲ੍ਹਾ ਪੁਲਿਸ ਨੇ ਚੰਡੀਗੜ੍ਹ ਤੋਂ ਤਸਕਰੀ ਕਰ ਕੇ ਲਿਜਾਈ ਜਾ ਰਹੀ 35 ਲੱਖ ਰੁਪਏ ਦੀ ਅੰਗਰੇਜ਼ੀ ਸ਼ਰਾਬ ਦੀਆਂ 250 ਪੇਟੀਆਂ ਬਰਾਮਦ ਕਰਕੇ ਦੋ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਸੀਨੀਅਰ ਪੁਲੀਸ ਕਪਤਾਨ ਸ਼ੈਲੇਸ਼ ਕੁਮਾਰ ਪਾਂਡੇ ਨੇ ਦੱਸਿਆ ਕਿ ਮੁਖਬਰ ਤੋਂ ਮਿਲੀ ਸੂਚਨਾ ਦੇ ਆਧਾਰ ’ਤੇ ਕੋਸੀਕਲਾਂ ਪੁਲਿਸ ਨੇ ਵੀਰਵਾਰ ਰਾਤ ਰਾਸ਼ਟਰੀ ਰਾਜਮਾਰਗ ਨੰਬਰ-19 ’ਤੇ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਸ਼ੁਰੂ ਕੀਤੀ ਤਾਂ ਉਨ੍ਹਾਂ ਨੂੰ ਫ਼ਰਜ਼ੀ ਨੰਬਰ ਪਲੇਟ ਲੱਗਿਆ ਇੱਕ ਕੰਟੇਨਰ ਆਉਂਦਾ ਦਿਖਾਈ ਦਿੱਤਾ।
ਉਨ੍ਹਾਂ ਦੱਸਿਆ ਕਿ ਕੰਟੇਨਰ ਦੀ ਜਾਂਚ ਕਰਨ 'ਤੇ ਉਸ ਵਿੱਚ ਲਿਆਂਦੀ ਜਾ ਰਹੀ ਵੱਖ-ਵੱਖ ਮਾਅਰਕੇ ਦੀ ਅੰਗਰੇਜ਼ੀ ਸ਼ਰਾਬ ਦੀਆਂ 250 ਪੇਟੀਆਂ ਬਰਾਮਦ ਹੋਈਆਂ, ਜਿਨ੍ਹਾਂ ਦੀ ਕੀਮਤ 35 ਲੱਖ ਰੁਪਏ ਬਣਦੀ ਹੈ।
ਫ਼ੜੇ ਗਏ ਮੁਲਜ਼ਮਾਂ ਦੀ ਪਛਾਣ ਡਰਾਈਵਰ ਲਕਸ਼ਮਣ ਭਾਰਤੀ ਅਤੇ ਮਹਿੰਦਰ ਵਜੋਂ ਹੋਈ ਹੈ। ਦੋਵੇਂ ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ਦੇ ਰਹਿਣ ਵਾਲੇ ਹਨ।
ਉਨ੍ਹਾਂ ਦੱਸਿਆ ਕਿ ਇਹ ਸ਼ਰਾਬ ਚੰਡੀਗੜ੍ਹ ਤੋਂ ਉੱਤਰ ਪ੍ਰਦੇਸ਼ ਦੇ ਪੂਰਵਾਂਚਲ ਵਾਸਤੇ ਤਸਕਰੀ ਕੀਤੀ ਜਾ ਰਹੀ ਸੀ। ਐਸ.ਐਸ.ਪੀ. ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਬਣਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।