ਲੋਕਾਂ 'ਤੇ ਰੋਅਬ ਪਾਉਣ ਲਈ ਖ਼ੁਦ ਨੂੰ ਦੱਸਦਾ ਸੀ ਆਈ.ਏ.ਐਸ. ਅਧਿਕਾਰੀ
ਨਵੀਂ ਦਿੱਲੀ - ਖ਼ੁਦ ਨੂੰ ਇੱਕ ਆਈ.ਏ.ਐਸ. ਅਧਿਕਾਰੀ ਦੱਸਣ ਅਤੇ ਇੱਕ ਨਿੱਜੀ ਵਾਹਨ ਉੱਤੇ ਲਾਲ ਬੱਤੀ ਲਗਾਉਣ ਦੇ ਦੋਸ਼ ਵਿੱਚ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਦੇ ਇੱਕ ਕਰਮਚਾਰੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਪੁਲਿਸ ਨੇ ਦੱਸਿਆ ਕਿ ਦੋਸ਼ੀ ਦੀ ਪਛਾਣ ਮਨੋਜ ਕੁਮਾਰ ਗੁਪਤਾ ਵਾਸੀ ਗੰਗਾ ਵਿਹਾਰ, ਸ਼ਾਹਦਰਾ ਵਜੋਂ ਹੋਈ ਹੈ।
ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਵੀਰਵਾਰ ਸ਼ਾਮ ਕਰੀਬ 7 ਵਜੇ ਇੱਕ ਵਿਅਕਤੀ ਨੇ ਸ਼ਾਸਤਰੀ ਨਗਰ ਫਲ ਮੰਡੀ 'ਚ ਲਾਲ ਬੱਤੀ ਵਾਲੀ ਟਾਟਾ ਟਿਗੋਰ ਕਾਰ ਨੂੰ ਦੇਖਿਆ। ਉਨ੍ਹਾਂ ਨੂੰ ਇਹ ਸ਼ੱਕੀ ਲੱਗਿਆ ਕਿਉਂਕਿ ਗੱਡੀ ਵਿੱਚ ਸਿਰਫ਼ ਇੱਕ ਵਿਅਕਤੀ ਸੀ। ਇਸ ਦੀ ਸੂਚਨਾ ਟ੍ਰੈਫ਼ਿਕ ਪੁਲੀਸ ਦੇ ਏ.ਐਸ.ਆਈ. ਧਰਮਿੰਦਰ ਕੁਮਾਰ ਨੂੰ ਦਿੱਤੀ ਗਈ।
ਜਦੋਂ ਏ.ਐਸ.ਆਈ ਨੇ ਗੱਡੀ ਰੋਕ ਕੇ ਡਰਾਈਵਰ ਤੋਂ ਉਸ ਦੀ ਪਹਿਚਾਣ ਪੁੱਛੀ ਤਾਂ ਉਹ ਬਹਿਸ ਕਰਨ ਲੱਗਾ, ਜਿਸ ਤੋਂ ਬਾਅਦ ਮਾਮਲਾ ਸਥਾਨਕ ਪੁਲਿਸ ਥਾਣੇ ਪਹੁੰਚ ਗਿਆ।
ਪੁਲਿਸ ਨੇ ਦੱਸਿਆ ਕਿ ਗੁਪਤਾ ਨੂੰ ਇੱਕ ਵਾਹਨ ਚਲਾਉਂਦੇ ਹੋਏ ਦੇਖਿਆ ਗਿਆ ਸੀ ਜਿਸ ਦੇ ਬੋਨਟ 'ਤੇ 'ਭਾਰਤ ਸਰਕਾਰ' ਲਿਖਿਆ ਹੋਇਆ ਸੀ ਅਤੇ ਪਿਛਲੇ ਪਾਸੇ 'ਬਿਜਲੀ ਅਤੇ ਊਰਜਾ ਮੰਤਰਾਲਾ' ਲਿਖਿਆ ਹੋਇਆ ਸੀ।
ਪੁਲਿਸ ਨੇ ਦੱਸਿਆ ਕਿ ਵਾਹਨ ਦੀ ਸਾਈਡ ਖਿੜਕੀ 'ਤੇ ਵਕੀਲ ਦਾ ਸਟਿੱਕਰ ਵੀ ਚਿਪਕਿਆ ਹੋਇਆ ਸੀ, ਜਿਸ ਤੋਂ ਪੁਸ਼ਟੀ ਹੁੰਦੀ ਹੈ ਕਿ ਦੋਸ਼ੀ ਜਾਅਲਸਾਜ਼ੀ ਕਰ ਰਿਹਾ ਸੀ।
ਪੁਲਿਸ ਨੇ ਦੱਸਿਆ ਕਿ ਜਦੋਂ ਗੁਪਤਾ ਨੂੰ ਪੁੱਛਿਆ ਗਿਆ ਕਿ ਕੀ ਉਸ ਕੋਲ ਲਾਲ ਬੱਤੀ ਲਗਾਉਣ ਦਾ ਅਧਿਕਾਰ ਹੈ ਤਾਂ ਉਹ ਗੁੱਸੇ ਵਿੱਚ ਆ ਗਿਆ ਅਤੇ ਆਪਣੇ ਆਪ ਨੂੰ ਬਿਜਲੀ ਅਤੇ ਊਰਜਾ ਮੰਤਰਾਲੇ ਵਿੱਚ ਤਾਇਨਾਤ ਸੰਜੀਵ ਕੁਮਾਰ ਦੱਸ ਕੇ ਧਮਕੀਆਂ ਦੇਣ ਲੱਗਾ। ਉਸ ਨੇ ਕਿਹਾ ਕਿ ਉਸ ਕੋਲ ਲਾਲ ਬੱਤੀ ਲਗਾਉਣ ਦਾ ਅਧਿਕਾਰ ਹੈ।
ਪੁਲਸ ਨੇ ਦੱਸਿਆ ਕਿ ਗੁਪਤਾ ਜਿਸ ਕਾਰ ਨੂੰ ਚਲਾ ਰਿਹਾ ਸੀ, ਉਹ ਉਸ ਦੇ ਨਾਂਅ 'ਤੇ ਰਜਿਸਟਰਡ ਹੈ ਅਤੇ ਉਸ ਕੋਲ ਉਸ ਦਾ ਡਰਾਈਵਿੰਗ ਲਾਇਸੈਂਸ ਵੀ ਸੀ।
ਡਿਪਟੀ ਕਮਿਸ਼ਨਰ ਪੁਲਿਸ (ਉੱਤਰ-ਪੂਰਬ) ਸੰਜੇ ਕੁਮਾਰ ਸੇਨ ਨੇ ਕਿਹਾ ਕਿ ਪੁਲਿਸ ਨੂੰ ਉਸ ਕੋਲੋਂ ਇੱਕ ਪਛਾਣ ਪੱਤਰ ਮਿਲਿਆ, ਜੋ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਵੱਲੋਂ ਜਾਰੀ ਕੀਤਾ ਗਿਆ ਸੀ। ਉਸ ਤੋਂ ਪਤਾ ਲੱਗਾ ਕਿ ਉਹ ਮੈਟਰੋ ਵਿੱਚ ਹੈੱਡ ਕੇਅਰਟੇਕਰ ਵਜੋਂ ਕੰਮ ਕਰਦਾ ਸੀ।
ਇਸ ਤੋਂ ਬਾਅਦ ਪੁਲੀਸ ਨੇ ਉਸ ਖ਼ਿਲਾਫ਼ ਸੰਬੰਧਿਤ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਗੁਪਤਾ ਨੇ ਖੁਲਾਸਾ ਕੀਤਾ ਕਿ ਉਹ ਲੋਕਾਂ 'ਤੇ ਰੋਅਬ ਪਾਉਣ ਲਈ ਲਾਲ ਬੱਤੀ ਅਤੇ ਹੋਰ ਚਾਲਬਾਜ਼ੀਆਂ ਕਰਦਾ ਸੀ।
ਪੁਲਿਸ ਨੇ ਦੱਸਿਆ ਕਿ ਦਿੱਲੀ 'ਚ ਗਣਤੰਤਰ ਦਿਵਸ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ। ਇਸ ਦੌਰਾਨ ਲਾਲ ਬੱਤੀ ਦੀ ਅਣਅਧਿਕਾਰਤ ਵਰਤੋਂ ਸੁਰੱਖਿਆ ਪ੍ਰਣਾਲੀ ਨੂੰ ਵਿਗਾੜ ਸਕਦੀ ਹੈ।
ਘਟਨਾ ਦੀ ਜਾਣਕਾਰੀ ਖੁਫੀਆ ਏਜੰਸੀਆਂ, ਸਪੈਸ਼ਲ ਸੈੱਲ ਆਦਿ ਨਾਲ ਵੀ ਸਾਂਝੀ ਕੀਤੀ ਗਈ ਹੈ ਅਤੇ ਮਾਮਲੇ ਦੀ ਸਾਂਝੀ ਪੁੱਛਗਿੱਛ ਜਾਰੀ ਹੈ। ਪੁਲਿਸ ਅਨੁਸਾਰ ਗੁਪਤਾ 2004 ਵਿੱਚ ਡੀ.ਐਮ.ਆਰ.ਸੀ. ਵਿੱਚ ਨੌਕਰੀ ਲੱਗਿਆ ਸੀ।