
ਰਾਜਪਾਲ ਦਾ ਭਾਸ਼ਣ ਪੜ੍ਹੇ ਬਿਨਾਂ ਸਦਨ ਤੋਂ ਚਲੇ ਜਾਣਾ ਬਚਕਾਨਾ : ਮੁੱਖ ਮੰਤਰੀ
ਚੇਨਈ : ਤਾਮਿਲਨਾਡੂ ਦੇ ਰਾਜਪਾਲ ਆਰ.ਐਨ. ਰਵੀ ਨੇ ਸੰਵਿਧਾਨ ਅਤੇ ਕੌਮੀ ਗੀਤ ਦਾ ‘ਅਪਮਾਨ’ ਕਰਨ ਕਾਰਨ ਸੋਮਵਾਰ ਨੂੰ ਵਿਧਾਨ ਸਭਾ ਤੋਂ ਚਲੇ ਗਏ ਅਤੇ ਅਪਣਾ ਰਵਾਇਤੀ ਭਾਸ਼ਣ ਵੀ ਨਹੀਂ ਦਿਤਾ। ਰਾਜਪਾਲ ਦੇ ਭਾਸ਼ਣ ਸ਼ੁਰੂ ਹੋਣ ਤੋਂ ਕੁੱਝ ਮਿੰਟ ਪਹਿਲਾਂ ਮੁੱਖ ਵਿਰੋਧੀ ਧਿਰ ਏ.ਆਈ.ਏ.ਡੀ.ਐਮ.ਕੇ. ਦੇ ਮੈਂਬਰ ਸਦਨ ਦੇ ਵਿਚਕਾਰ ਆ ਗਏ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿਤੀ। ਵਿਧਾਨ ਸਭਾ ਸਪੀਕਰ ਐਮ. ਅੱਪਾਵੂ ਦੇ ਹੁਕਮਾਂ ’ਤੇ ਮਾਰਸ਼ਲਾਂ ਨੇ ਉਨ੍ਹਾਂ ਨੂੰ ਸਮੂਹਿਕ ਤੌਰ ’ਤੇ ਬਾਹਰ ਕੱਢ ਦਿਤਾ।
ਇਸ ਦੌਰਾਨ ਕਾਂਗਰਸ ਮੈਂਬਰਾਂ ਨੇ ਕਾਲੇ ਬਿੱਲੇ ਵੀ ਪਹਿਨੇ ਅਤੇ ਰਾਜਪਾਲ ਵਿਰੁਧ ਨਾਅਰੇਬਾਜ਼ੀ ਕੀਤੀ। ਇਸ ਤੋਂ ਬਾਅਦ ਭਾਜਪਾ ਅਤੇ ਪੀ.ਐਮ.ਕੇ. ਦੇ ਮੈਂਬਰ ਸਦਨ ਤੋਂ ਵਾਕਆਊਟ ਕਰ ਗਏ। ਰਾਜਪਾਲ ਦੇ ਦਫਤਰ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਇਕ ਪੋਸਟ ਵਿਚ ਦੋਸ਼ ਲਾਇਆ ਕਿ ਤਾਮਿਲਨਾਡੂ ਵਿਧਾਨ ਸਭਾ ਵਿਚ ਇਕ ਵਾਰ ਫਿਰ ਸੰਵਿਧਾਨ ਅਤੇ ਕੌਮੀ ਗੀਤ ਦਾ ਅਪਮਾਨ ਕੀਤਾ ਗਿਆ। ਉਨ੍ਹਾਂ ਕਿਹਾ, ‘‘ਕੌਮੀ ਗੀਤ ਦਾ ਸਨਮਾਨ ਕਰਨਾ ਸਾਡੇ ਸੰਵਿਧਾਨ ਦੇ ਪਹਿਲੇ ਬੁਨਿਆਦੀ ਫਰਜ਼ਾਂ ਵਿਚੋਂ ਇਕ ਹੈ। ਇਹ ਰਾਜਪਾਲ ਦੇ ਭਾਸ਼ਣ ਦੇ ਸ਼ੁਰੂ ਅਤੇ ਅੰਤ ’ਚ ਸਾਰੀਆਂ ਰਾਜ ਵਿਧਾਨ ਸਭਾਵਾਂ ’ਚ ਗਾਇਆ ਜਾਂਦਾ ਹੈ। ਅੱਜ ਜਦੋਂ ਰਾਜਪਾਲ ਸਦਨ ’ਚ ਆਏ ਤਾਂ ਸਿਰਫ ਤਾਮਿਲ ਥਾਈ ਵਜਾਥੂ (ਰਾਜ ਗੀਤ) ਗਾਇਆ ਗਿਆ ਸੀ। ਰਾਜਪਾਲ ਨੇ ਸਦਨ ਨੂੰ ਉਸ ਦੇ ਸੰਵਿਧਾਨਕ ਫਰਜ਼ ਦੀ ਯਾਦ ਦਿਵਾਈ ਅਤੇ ਸਦਨ ਦੇ ਨੇਤਾ, ਮਾਣਯੋਗ ਮੁੱਖ ਮੰਤਰੀ ਅਤੇ ਮਾਣਯੋਗ ਸਪੀਕਰ ਨੂੰ ਵਾਰ-ਵਾਰ ਕੌਮੀ ਗੀਤ ਗਾਉਣ ਦੀ ਅਪੀਲ ਕੀਤੀ। ਪਰ ਉਸ ਨੇ ਬਦਤਮੀਜ਼ੀ ਨਾਲ ਇਨਕਾਰ ਕੀਤਾ।’’
ਰਾਜਭਵਨ ਨੇ ਕਿਹਾ, ‘‘ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ। ਰਾਜਪਾਲ ਸੰਵਿਧਾਨ ਅਤੇ ਕੌਮੀ ਗੀਤ ਦੇ ਇਸ ਤਰ੍ਹਾਂ ਦੇ ਅਪਮਾਨ ’ਤੇ ਗੁੱਸੇ ’ਚ ਸਦਨ ਤੋਂ ਬਾਹਰ ਚਲੇ ਗਏ।’’ ਸਦਨ ਦੇ ਨੇਤਾ ਅਤੇ ਸੀਨੀਅਰ ਮੰਤਰੀ ਦੁਰਈਮੁਰੂਗਨ ਨੇ ਕਿਹਾ ਕਿ ਰਾਜਪਾਲ ਨੇ ਉਹੀ ਦੁਹਰਾਇਆ ਹੈ ਜੋ ਉਨ੍ਹਾਂ ਨੇ ਪਿਛਲੇ ਸਾਲਾਂ ’ਚ ਕੀਤਾ ਸੀ।
ਕੌਮੀ ਗੀਤ ਬਾਰੇ ਰਵੀ ਦੇ ਦੋਸ਼ਾਂ ਦਾ ਜ਼ਿਕਰ ਕਰਦਿਆਂ ਮੰਤਰੀ ਨੇ ਕਿਹਾ ਕਿ ਜਦੋਂ ਰਾਜਪਾਲ ਨੇ ਪਿਛਲੇ ਸਾਲ ਇਸੇ ਵਿਸ਼ੇ ’ਤੇ ਸਪੀਕਰ ਨੂੰ ਚਿੱਠੀ ਭੇਜੀ ਸੀ ਤਾਂ ਇਹ ਸਪੱਸ਼ਟ ਕੀਤਾ ਗਿਆ ਸੀ ਕਿ ਭਾਸ਼ਣ ਤੋਂ ਪਹਿਲਾਂ ਰਾਜ ਗੀਤ ਗਾਉਣ ਦੀ ਪਰੰਪਰਾ ਸੀ ਅਤੇ ਭਾਸ਼ਣ ਦੀ ਸਮਾਪਤੀ ’ਤੇ ਕੌਮੀ ਗੀਤ ਵਜਾਇਆ ਜਾਂਦਾ ਸੀ। ਉਨ੍ਹਾਂ ਕਿਹਾ, ‘‘ਇਸ ਤੋਂ ਬਾਅਦ ਵੀ ਰਾਜਪਾਲ ਵਲੋਂ ਉਸੇ ਮੁੱਦੇ ਦਾ ਦੁਬਾਰਾ ਜ਼ਿਕਰ ਕਰਨਾ ਅਤੇ ਭਾਸ਼ਣ ਪੜ੍ਹੇ ਬਿਨਾਂ ਚਲੇ ਜਾਣਾ ਉਨ੍ਹਾਂ ਦੇ ਅਸਲ ਇਰਾਦਿਆਂ ’ਤੇ ਸਵਾਲੀਆ ਨਿਸ਼ਾਨ ਪੈਦਾ ਕਰਦਾ ਹੈ।’’
ਉਧਰ ਤਾਮਿਲਨਾਡੂ ਦੇ ਮੁੱਖ ਮੰਤਰੀ ਐਮ.ਕੇ. ਸਟਾਲਿਨ ਨੇ ਰਾਜਪਾਲ ਵਲੋਂ ਅਪਣਾ ਰਵਾਇਤੀ ਭਾਸ਼ਣ ਦਿਤੇ ਬਿਨਾਂ ਵਿਧਾਨ ਸਭਾ ਛੱਡਣ ਲਈ ਆਲੋਚਨਾ ਕੀਤੀ ਅਤੇ ਇਸ ਨੂੰ ਬਚਕਾਨਾ ਕੰਮ ਕਰਾਰ ਦਿਤਾ ਅਤੇ ਉਨ੍ਹਾਂ ’ਤੇ ਸੂਬੇ ਦੇ ਲੋਕਾਂ ਦਾ ਲਗਾਤਾਰ ਅਪਮਾਨ ਕਰਨ ਦਾ ਦੋਸ਼ ਲਾਇਆ। ਸਟਾਲਿਨ ਨੇ ਕਿਹਾ, ‘‘ਸਵਾਲ ਉਠਾਇਆ ਗਿਆ ਸੀ ਕਿ ਰਾਜਪਾਲ ਰਵੀ ਅਪਣੇ ਅਹੁਦੇ ’ਤੇ ਕਿਉਂ ਬਣੇ ਰਹੇ ਜਦੋਂ ਉਹ ਅਪਣੇ ਸੰਵਿਧਾਨਕ ਫਰਜ਼ਾਂ ਨੂੰ ਨਿਭਾਉਣ ਲਈ ਤਿਆਰ ਨਹੀਂ ਹਨ।’’
ਜਦਕਿ ਰਾਜਪਾਲ ਨੇ ਬਾਅਦ ’ਚ ਜਾਰੀ ਇਕ ਹੋਰ ਬਿਆਨ ’ਚ ਕਿਹਾ ਕਿ ਤਾਮਿਲਨਾਡੂ ਵਿਧਾਨ ਸਭਾ ਦੀ ਕਾਰਵਾਈ ’ਤੇ ਪੂਰੀ ਸੈਂਸਰਸ਼ਿਪ ਦੇਸ਼ ਨੂੰ ਐਮਰਜੈਂਸੀ ਦੇ ਦਿਨਾਂ ਦੀ ਯਾਦ ਦਿਵਾਉਂਦੀ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨ ਵਲੋਂ ਦਿਤੀ ਗਈ ਆਜ਼ਾਦ ਪ੍ਰੈਸ ਦੇ ਬੁਨਿਆਦੀ ਅਧਿਕਾਰ ਨੂੰ ਬੇਸ਼ਰਮੀ ਨਾਲ ਦਬਾਉਣਾ ਲੋਕਤੰਤਰ ਲਈ ਚੰਗਾ ਸੰਕੇਤ ਨਹੀਂ ਹੈ।