
ਗ਼ਲਤੀ ਨਾਲ ਮਿਲੇ ਫ਼ੋਨ 'ਤੇ ਮ੍ਰਿਤਕ ਦੀ 'ਹੈਲੋ' ਸੁਣ ਹੋ ਗਿਆ ਹੰਗਾਮਾ
ਪਾਲਘਰ - ਪਾਲਘਰ ਵਿੱਚ ਇੱਕ ਫ਼ੋਨ ਕਾਲ ਨੇ ਹੰਗਾਮਾ ਮਚਾ ਦਿੱਤਾ। ਅਸਲ 'ਚ ਹੋਇਆ ਇਹ ਕਿ ਪਰਿਵਾਰ ਦਾ ਪਰਿਵਾਰ ਵਾਲੇ ਜਿਸ ਮੈਂਬਰ ਨੂੰ ਮ੍ਰਿਤਕ ਜਾਣ ਕੇ ਦਫ਼ਨਾ ਕੇ ਆਏ ਸੀ, ਉਹ ਜਿਉਂਦਾ ਨਿੱਕਲਿਆ।
ਸ਼ੇਖ ਨੂੰ ਕਬਰਸਤਾਨ 'ਚ ਦਫ਼ਨਾਉਣ ਤੋਂ ਬਾਅਦ ਉਸ ਦੇ ਇੱਕ ਦੋਸਤ ਨੇ ਗ਼ਲਤੀ ਨਾਲ ਸ਼ੇਖ ਦਾ ਨੰਬਰ ਡਾਇਲ ਕਰ ਦਿੱਤਾ, ਅਤੇ ਜਦੋਂ ਉੱਧਰੋਂ ਸ਼ੇਖ ਨੇ 'ਹੈਲੋ' ਕਿਹਾ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।
ਪੁਲਿਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਇਸ ਮਾਮਲੇ ਦਾ ਖੁਲਾਸਾ ਕੀਤਾ।
ਪੁਲਿਸ ਮੁਤਾਬਕ ਆਟੋ ਰਿਕਸ਼ਾ ਚਾਲਕ ਸ਼ੇਖ ਐਤਵਾਰ ਨੂੰ ਇੱਕ ਸ਼ੈਲਟਰ ਹੋਮ ਵਿੱਚ ਠਹਿਰਿਆ ਹੋਇਆ ਸੀ। ਜਿੱਥੇ ਇੱਕ ਦੋਸਤ ਨੇ ਉਸ ਨੂੰ ਗ਼ਲਤੀ ਨਾਲ ਫ਼ੋਨ ਕਰ ਦਿੱਤਾ, ਜਿਸ ਦੇ ਜਵਾਬ ਵਿੱਚ ਡਰਾਈਵਰ ਨੇ ਦੱਸਿਆ ਕਿ ਉਹ ਠੀਕ ਹੈ। ਦੋਸਤ ਨਾਲ ਗੱਲਬਾਤ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਪੁਲਿਸ ਨੇ ਦੱਸਿਆ ਕਿ 29 ਜਨਵਰੀ ਨੂੰ, ਬੋਈਸਰ ਅਤੇ ਪਾਲਘਰ ਸਟੇਸ਼ਨਾਂ ਵਿਚਕਾਰ ਪਟੜੀ ਪਾਰ ਕਰਦੇ ਸਮੇਂ ਇੱਕ ਅਣਪਛਾਤੇ ਵਿਅਕਤੀ ਦੀ ਰੇਲਗੱਡੀ ਹੇਠਾਂ ਆਉਣ ਨਾਲ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਪਾਲਘਰ ਦੇ ਇੱਕ ਵਿਅਕਤੀ ਨੇ ਜੀ.ਆਰ.ਪੀ. ਕੋਲ ਪਹੁੰਚ ਕੇ ਦਾਅਵਾ ਕੀਤਾ ਕਿ ਮ੍ਰਿਤਕ ਉਸ ਦਾ ਭਰਾ ਰਫ਼ੀਕ ਸ਼ੇਖ ਹੈ, ਜੋ ਦੋ ਮਹੀਨੇ ਪਹਿਲਾਂ ਲਾਪਤਾ ਹੋ ਗਿਆ ਸੀ, ਅਤੇ ਜਿਸ ਲਈ ਪਰਿਵਾਰ ਨੇ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਸੀ।
ਪਾਲਘਰ ਜੀ.ਆਰ.ਪੀ. ਨੇ 'ਮ੍ਰਿਤਕ' ਵਿਅਕਤੀ ਦੀ ਪਤਨੀ ਨਾਲ ਸੰਪਰਕ ਕੀਤਾ ਜੋ ਕੇਰਲ ਵਿੱਚ ਸੀ। ਅਧਿਕਾਰੀ ਨੇ ਦੱਸਿਆ ਕਿ ਉਹ ਪਾਲਘਰ ਆਈ ਅਤੇ ਲਾਸ਼ ਦੀ ਪਛਾਣ ਵੀ ਕੀਤੀ, ਜਿਸ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ। ਪਰਿਵਾਰਕ ਮੈਂਬਰਾਂ ਨੇ ਦੋ ਦਿਨ ਪਹਿਲਾਂ ਹੀ ਸ਼ੇਖ ਨੂੰ ਦਫ਼ਨਾਇਆ ਸੀ।
ਅਧਿਕਾਰੀ ਮੁਤਾਬਕ ਪੁਲਿਸ ਨੇ ਸ਼ੇਖ ਦੇ ਜਿਉਂਦੇ ਹੋਣ ਦੀ ਸੂਚਨਾ ਉਸ ਦੇ ਪਰਿਵਾਰ ਨੂੰ ਦੇ ਦਿੱਤੀ ਹੈ। ਇਸ ਦੇ ਨਾਲ ਹੀ ਪੁਲਿਸ ਨੇ ਅਣਪਛਾਤੇ ਮ੍ਰਿਤਕ ਵਿਅਕਤੀ (ਜਿਸ ਨੂੰ ਦਫ਼ਨਾਇਆ ਗਿਆ ਸੀ) ਦੇ ਰਿਸ਼ਤੇਦਾਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।