
1984 ਦੇ ਨਵੰਬਰ ਦੇ ਇਨ੍ਹਾਂ ਤਿੰਨ ਦਿਨਾਂ ਵਿਚ ਦਿੱਲੀ ’ਚ ਅਜਿਹੀਆਂ ਆਤਿਸ਼ਬਾਜ਼ੀਆਂ ਚਲੀਆਂ ਸਨ ਜਿਨ੍ਹਾਂ ਵਰਗੇ ਅੱਜ ਤਕ ਦੇ ਇਤਿਹਾਸ ਵਿਚ ਵਿਰਲੇ ਹੀ ਉਦਾਹਰਣ ਮਿਲਣਗੇ।
1984 ਦੇ ਨਵੰਬਰ ਦੇ ਇਨ੍ਹਾਂ ਤਿੰਨ ਦਿਨਾਂ ਵਿਚ ਦਿੱਲੀ ’ਚ ਅਜਿਹੀਆਂ ਆਤਿਸ਼ਬਾਜ਼ੀਆਂ ਚਲੀਆਂ ਸਨ ਜਿਨ੍ਹਾਂ ਵਰਗੇ ਅੱਜ ਤਕ ਦੇ ਇਤਿਹਾਸ ਵਿਚ ਵਿਰਲੇ ਹੀ ਉਦਾਹਰਣ ਮਿਲਣਗੇ। ਇਹ ਸਿੱਖ ਕੌਮ ਦੇ ਪੁਰਅਮਨ ਲੋਕ ਸਨ ਜਿਨ੍ਹਾਂ ਨੂੰ ਜ਼ਿੰਦਾ ਸਾੜ ਕੇ ਉਨ੍ਹਾਂ ਦੀਆਂ ਦਰਦ ਭਰੀਆਂ ਚੀਕਾਂ ਨੂੰ ਇਸ ਤਰ੍ਹਾਂ ਮਾਣਿਆ ਗਿਆ ਸੀ ਜਿਵੇਂ ਉਹ ਫੁਲਝੜੀਆਂ ਤੇ ਅਨਾਰ ਹੁੰਦੇ ਹਨ। ਦਿੱਲੀ ਵਿਚ ਅਜਿਹੀ ਹੈਵਾਨੀਅਨ ਭਰੇ ਦ੍ਰਿਸ਼ ਵੇਖਣ ਨੂੰ ਮਿਲੇ ਸਨ ਜਿਸ ਬਾਰੇ ਸੋਚ ਕੇ ਅੱਜ ਵੀ ਰੂਹ ਕੰਬ ਉਠਦੀ ਹੈ। ਦਿੱਲੀ ਨੇ ਵੀ ਇਹੀ ਸੋਚਿਆ ਹੋਵੇਗਾ ਕਿ ਅੱਜ ਤੋਂ ਬਾਅਦ ਕਦੇ ਮੌਤ ਦਾ ਅਜਿਹਾ ਤਾਂਡਵ ਫਿਰ ਤੋਂ ਉਸ ਦੀਆਂ ਗਲੀਆਂ ਵਿਚ ਨਹੀਂ ਆ ਸਕਦਾ।
ਪਰ 1984 ਸਿੱਖ ਕਤਲੇਆਮ ਤੋਂ ਬਾਅਦ, ਗੁਜਰਾਤ ਦਾ ਮੁਸਲਿਮ ਕਤਲੇਆਮ ਤੇ 2020 ਦੇ ਦਿੱਲੀ ਦੰਗੇ ਮੁੜ ਤੋਂ ਸੱਭ ਨੂੰ ਹੈਰਾਨ ਕਰ ਕੇ ਰਖ ਗਏ। ਗੁਜਰਾਤ, ਮੁਜ਼ੱਫ਼ਰਨਗਰ ਦੰਗੇ, ਦਿੱਲੀ ਦੀ ਨਸਲਕੁਸ਼ੀ ਤੋਂ ਘੱਟ ਦਰਦਨਾਕ ਨਹੀਂ ਸਨ। ਹਰ ਥਾਂ ਮਰਦਾਂ ਨੂੰ ਦਰਦਨਾਕ ਮੌਤ ਨਸੀਬ ਹੋਈ, ਔਰਤਾਂ ਦਾ ਬਲਾਤਕਾਰ ਹੋਇਆ ਤੇ ਫਿਰ ਮੌਤ ਨਸੀਬ ਹੋਈ, ਗਰਭਵਤੀ ਔਰਤਾਂ ਦੀਆਂ ਕੁੱਖਾਂ ਪਾੜ ਕੇ ਉਨ੍ਹਾਂ ਦੇ ਬੱਚੇ ਜਨਮ ਤੋਂ ਪਹਿਲਾਂ ਹੀ ਮੌਤ ਦੇ ਘਾਟ ਉਤਾਰੇ ਗਏ। ਇਨ੍ਹਾਂ ਸੱਭ ਦ੍ਰਿਸ਼ਾਂ ਦੀਆਂ ਯਾਦਾਂ ਅਸੀ ਭੁਲਾਉਣ ਦੇ ਲੱਖ ਯਤਨ ਕਰ ਲਈਏ, ਅਸੀ ਨਹੀਂ ਭੁਲਾ ਸਕਦੇ ਕਿਉਂਕਿ ਸਾਡੇ ਜ਼ਿਹਨ ਵਿਚ ਇਹ ਹੈਵਾਨੀਅਤ ਅਪਣੇ ਨਾ ਮਿਟ ਸਕਣ ਵਾਲੇ ਨਿਸ਼ਾਨ ਛੱਡ ਗਈ ਹੈ।
1984 Sikh Genocide
ਵੈਸੇ ਤਾਂ ਸਾਡੇ ਦੇਸ਼ ਦੀ ਆਜ਼ਾਦੀ ਦੀ ਸ਼ੁਰੂਆਤ ਹੀ ਖ਼ੂਨੀ ਸੀ ਅਤੇ ਨਵੇਂ ਦੇਸ਼ ਵਿਚ ਵੀ ਕਈ ਹਿੰਸਕ ਘਟਨਾਵਾਂ ਹੋਈਆਂ ਪਰ ਦਿੱਲੀ ਸਿੱਖ ਕਤਲੇਆਮ, ਪੰਜਾਬ ਵਿਚ ਸਾਕਾ ਨੀਲਾ ਤਾਰਾ, ਬਾਬਰੀ ਮਸਜਿਦ ਦੇ ਢਾਹੇ ਜਾਣ ਵਰਗੀਆਂ ਘਟਨਾਵਾਂ ਦਰਸਾਉਂਦੀਆਂ ਹਨ ਕਿ ਇਸ ਲੋਕਤੰਤਰ ਵਿਚ ਸਾਡੀ ਸੋਚ ਨੂੰ ਫ਼ਿਰਕੂ ਪਿੰਜਰੇ ’ਚੋਂ ਸੰਪੂਰਨ ਆਜ਼ਾਦੀ ਨਹੀਂ ਮਿਲ ਸਕੀ। ਇਨ੍ਹਾਂ ਸਾਰੀਆਂ ਹਿੰਸਕ ਘਟਨਾਵਾਂ ਦੇ ਪਿਛੇ ਸਿਆਸਤ ਕੰਮ ਕਰਦੀ ਸੀ ਤੇ ਬਹੁਗਿਣਤੀ ਦੇ ਆਗੂ ਜੋ ਮੁੱਠੀ ਭਰ ਘੱਟ ਗਿਣਤੀਆਂ ਤੋਂ ਅਪਣੇ ਆਪ ਨੂੰ ਖ਼ਤਰਾ ਮਹਿਸੂਸ ਕਰਦੇ ਸਨ ਜਾਂ ਕਰਨ ਦਾ ਵਿਖਾਵਾ ਕਰਦੇ ਸਨ, ਉਨ੍ਹਾਂ ਦੇ ਹਰ ਹਿੰਸਕ ਘਲੂਘਾਰੇ ਪਿਛੇ ਕੋਈ ਨਾ ਕੋਈ ਸਿਆਸੀ ਸਾਜ਼ਸ਼ ਜ਼ਰੂਰ ਕੰਮ ਕਰਦੀ ਹੁੰਦੀ ਸੀ ਜਿਸ ਦਾ ਮਕਸਦ, ਬਹੁਗਿਣਤੀ ਦੇ ਕਿਸੇ ਆਗੂ ਨੂੰ ਬਹੁਗਿਣਤੀ ਦਾ ਰਖਵਾਲਾ ਦਸ ਕੇ ਬੇਗੁਨਾਹਾਂ ਨੂੰ ਖ਼ਤਮ ਕਰਨ ਦੇ ਹੈਵਾਨੀ ਰਸਤੇ ਕੱਢੇ। ਹਿਟਲਰ ਦੇ ਕਦਮਾਂ ਤੇ ਚਲਣ ਵਾਲੇ ਮੁੜ ਕੇ ਨਹੀਂ ਮਿਲਦੇ, ਪਰ ਸਾਡੇ ਦੇਸ਼ ਦੇ ਆਗੂਆਂ ਵਿਚ ਹਿਟਲਰ ਦੇ ਸਾਥੀ ਬੜੀ ਅਸਾਨੀ ਨਾਲ ਮਿਲ ਜਾਣਗੇ।
1984
ਅਸੀ ਕਿੰਨਾ ਵੀ ਜ਼ੋਰ ਲਗਾ ਲਈਏ, ਉਨ੍ਹਾਂ ਵਿਛੜੀਆਂ ਰੂਹਾਂ ਦੇ ਆਖ਼ਰੀ ਪਲਾਂ ਨੂੰ ਨਹੀਂ ਬਦਲ ਸਕਦੇ, ਅਸੀ ਉਨ੍ਹਾਂ ਪ੍ਰਵਾਰਾਂ ਦੇ ਦਰਦ ਨੂੰ ਨਹੀਂ ਘਟਾ ਸਕਦੇ। ਜਿਸ ਬੱਚੀ ਨੇ ਅਪਣੇ ਬਾਪ ਨੂੰ ਜ਼ਿੰਦਾ ਸੁਲਗਦੇ ਵੇਖਿਆ ਹੋਵੇ ਜਾਂ ਅਪਣੀ ਮਾਂ ਨੂੰ ਹੈਵਾਨਾਂ ਦੀ ਹਵਸ ਦਾ ਸ਼ਿਕਾਰ ਬਣਦੇ ਵੇਖਿਆ ਹੋਵੇ, ਉਨ੍ਹਾਂ ਨੂੰ ਅਸੀ ਅਪਣਾ ਮੋਢਾ ਦੇ ਕੇ ਕੁੱਝ ਸਮੇਂ ਲਈ ਸਹਾਰਾ ਤਾਂ ਦੇ ਸਕਦੇ ਹਾਂ ਪਰ ਉਨ੍ਹਾਂ ਦਾ ਦਰਦ ਨਹੀਂ ਘਟਾ ਸਕਦੇ। ਪਰ ਅਸੀ ਇਹ ਤਾਂ ਕਰ ਸਕਦੇ ਹਾਂ ਕਿ ਮੁੜ ਤੋਂ ਅਸੀ ਅਪਣੇ ਦੇਸ਼ ਵਿਚ ਫਿਰ ਉਸੇ ਤਰ੍ਹਾਂ ਦੀ ਹਿੰਸਾ ਨਾ ਹੋਣ ਦੇਣ ਦਾ ਪ੍ਰਣ ਤਾਂ ਕਰ ਲਈਏ। ਸਿਆਸਤਦਾਨ ਅਸਲ ਵਿਚ ਅਪਣੇ ਧਰਮ ਕਾਰਨ ਕਮਜ਼ੋਰ ਨਹੀਂ ਹੁੰਦਾ, ਪਰ ਅਪਣੀ ਤਾਕਤ ਨੂੰ ਕਈ ਗੁਣਾਂ ਵਧਾਉਣ ਲਈ ਸਥਾਈ ਰੂਪ ਦੇਣ ਲਈ ਜਨਤਾ ਵਿਚ ਧਾਰਮਕ ਦੂਰੀਆਂ ਪਾ ਕੇ ਇਸ ਤਰ੍ਹਾਂ ਦੀ ਹੈਵਾਨੀਅਤ ਨੂੰ ਅੰਜਾਮ ਦੇਣ ਦੀ ਸੋਚ ਬਣਾ ਲੈਂਦਾ ਹੈ।
1984
ਸਾਡੀ ਚੁੱਪੀ ਉਸ ਦੀ ਸ਼ੈਤਾਨੀ ਵਾਸਤੇ ਹਾਮੀ ਭਰਨ ਦਾ ਰੂਪ ਧਾਰਨ ਕਰ ਲੈਂਦੀ ਹੈ। ਜਦ ਅਸੀ ਇਕ ਅਜਿਹੀ ਸੋਚ ਰੱਖਣ ਵਾਲੇ ਨੂੰ ਅਪਣੀ ਵੋਟ ਪਾਉਂਦੇ ਹਾਂ, ਤਾਂ ਸਮਝ ਲਉ ਉਹ ਤੀਲੀ ਤੁਸੀ ਆਪ ਬਾਲੀ ਸੀ ਜੋ ਤੁਹਾਡੇ ਅਤੇ ਤੁਹਾਡੇ ਸਮਾਜ ਦੀ ਇਨਸਾਨੀਅਤ ਨੂੰ ਜ਼ਿੰਦਾ ਸਾੜ ਕੇ ਰੱਖ ਸਕਦੀ ਹੈ। ਫਿਰ ਅਸੀ ਹੈਵਾਨ ਬਣ ਜਾਂਦੇ ਹਾਂ। ਸੋ ਇਨ੍ਹਾਂ ਗੱਲਾਂ ਬਾਰੇ ਸੋਚੋ, ਹੱਲ ਕਰੋ, ਜਾਗਰੂਕ ਹੋਵੋ ਤਾਕਿ ਤੁਹਾਡੇ ਹੱਥ ਪਾਪ, ਅਧਰਮ ਤੇ ਹੈਵਾਨੀਅਤ ਦਾ ਕੋਈ ਵੀ ਕੰਡਾ ਨਾ ਬੀਜ ਸਕਣ। -ਨਿਮਰਤ ਕੌਰ