
ਯੂਟਿਊਬ ਵੀਡੀਓ ਤੋਂ ਲਿਆ ਨੁਕਤਾ, ਇੰਟਰਨੈੱਟ ਤੋਂ ਲੱਭੇ ਵੱਡੇ ਅਫ਼ਸਰਾਂ ਦੇ ਨੰਬਰ
ਨਵੀਂ ਦਿੱਲੀ - ਇਟਲੀ ਵਿੱਚ ਰਹਿਣ ਵਾਲੇ ਇੱਕ 22 ਸਾਲਾ ਭਾਰਤੀ ਨੌਜਵਾਨ ਨੂੰ ਉਪ-ਰਾਸ਼ਟਰਪਤੀ ਜਗਦੀਪ ਧਨਖੜ ਦੀ ਫ਼ੋਟੋ ਦੀ ਵਰਤੋਂ ਕਰਕੇ ਜਾਅਲੀ ਵਟਸਐਪ ਅਕਾਊਂਟ ਬਣਾਉਣ, ਅਤੇ ਸੀਨੀਅਰ ਅਧਿਕਾਰੀਆਂ ਤੋਂ ਲਾਭ ਲੈਣ ਲਈ ਖ਼ੁਦ ਨੂੰ ਉਪ-ਰਾਸ਼ਟਰਪਤੀ ਵਜੋਂ ਪੇਸ਼ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀ ਗਗਨਦੀਪ ਸਿੰਘ ਜੰਮੂ ਦਾ ਰਹਿਣ ਵਾਲਾ ਹੈ ਅਤੇ ਪਰਿਵਾਰ ਸਮੇਤ 2007 ਤੋਂ ਇਟਲੀ ਦੇ ਓਫ਼ਨੇਂਗੋ ਵਿਖੇ ਰਹਿੰਦਾ ਹੈ। ਉਸ ਨੇ ਨੌਵੀਂ ਤੱਕ ਪੜ੍ਹਾਈ ਭਾਰਤ 'ਚ ਕੀਤੀ ਅਤੇ 12ਵੀਂ ਤੱਕ ਇਟਲੀ 'ਚ ਪੜ੍ਹਾਈ ਕਰਨ ਤੋਂ ਬਾਅਦ ਕਿਸੇ ਕੰਪਨੀ 'ਚ ਮਜ਼ਦੂਰ ਵਜੋਂ ਕੰਮ ਕਰਦਾ ਹੈ।
ਪੁਲਿਸ ਨੇ ਕਿਹਾ ਕਿ ਸਿੰਘ ਨੂੰ ਉਪ-ਰਾਸ਼ਟਰਪਤੀ ਦਾ ਸਵਾਂਗ ਰਚ ਕੇ ਧੋਖਾਧੜੀ ਕਰਨ ਦਾ ਵਿਚਾਰ ਕਈ ਯੂਟਿਊਬ ਵੀਡੀਓ ਦੇਖਣ ਤੋਂ ਬਾਅਦ ਮਿਲੀ।
ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਉਸ ਦੇ ਸਾਥੀ ਅਸ਼ਵਨੀ ਕੁਮਾਰ (29) ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਨੇ ਜਾਅਲੀ ਵਟਸਐਪ ਖਾਤਾ ਬਣਾਉਣ ਲਈ ਸਿੰਘ ਨੂੰ ਓ.ਟੀ.ਪੀ. ਭਾਵ ਵਨ ਟਾਈਮ ਪਾਸਵਰਡ ਦਿੱਤਾ ਸੀ।
ਪੁਲਿਸ ਦੇ ਡਿਪਟੀ ਕਮਿਸ਼ਨਰ (ਇੰਟੈਲੀਜੈਂਸ ਅਤੇ ਰਣਨੀਤਕ ਆਪ੍ਰੇਸ਼ਨ) ਪ੍ਰਸ਼ਾਂਤ ਗੌਤਮ ਨੇ ਕਿਹਾ ਕਿ ਉਪ-ਰਾਸ਼ਟਰਪਤੀ ਦੀ ਤਸਵੀਰ ਨਾਲ ਇੱਕ ਫ਼ਰਜ਼ੀ ਵਟਸਐਪ ਖਾਤਾ ਬਣਾਉਣ ਤੋਂ ਪਹਿਲਾਂ, ਸਿੰਘ ਨੇ ਕਈ ਯੂਟਿਊਬ ਵੀਡੀਓ ਦੇਖੇ ਅਤੇ ਇੰਟਰਨੈਟ ਰਾਹੀਂ ਕਈ ਸਰਕਾਰੀ ਅਧਿਕਾਰੀਆਂ ਦੇ ਸੰਪਰਕ ਨੰਬਰ ਇਕੱਠੇ ਕੀਤੇ।
ਉਨ੍ਹਾਂ ਦੱਸਿਆ, "ਫਿਰ ਉਸ ਨੇ ਇੱਕ ਭਾਰਤੀ ਮੋਬਾਈਲ ਨੰਬਰ ਨਾਲ ਇੱਕ ਵਟਸਐਪ ਖਾਤਾ ਬਣਾਉਣ ਲਈ ਆਪਣੇ ਸਾਥੀ ਤੋਂ ਓ.ਟੀ.ਪੀ. ਹਾਸਲ ਕੀਤਾ। ਵਟਸਐਪ ਅਕਾਊਂਟ ਬਣਾਉਣ ਤੋਂ ਬਾਅਦ, ਉਸ ਨੇ ਉਪ-ਰਾਸ਼ਟਰਪਤੀ ਦੀ ਤਸਵੀਰ ਨੂੰ ਆਪਣੀ ਪ੍ਰੋਫ਼ਾਈਲ ਤਸਵੀਰ ਵਜੋਂ ਵਰਤਿਆ ਅਤੇ ਇਸ ਖਾਤੇ ਦੀ ਵਰਤੋਂ ਕਰਕੇ ਸੀਨੀਅਰ ਅਧਿਕਾਰੀਆਂ ਤੋਂ ਲਾਭ ਲੈਣ ਲਈ ਉਨ੍ਹਾਂ ਨੂੰ ਸੰਦੇਸ਼ ਭੇਜੇ।"
ਉਸ ਨੇ ਕਿਹਾ ਕਿ ਇਹ ਮਾਮਲਾ ਪੁਲਿਸ ਦੇ ਧਿਆਨ ਵਿੱਚ ਆਇਆ ਜਦੋਂ ਇੱਕ ਵਿਅਕਤੀ ਨੇ ਪੁਲਿਸ ਨੂੰ ਜਾਅਲਸਾਜ਼ੀ ਬਾਰੇ ਸੂਚਿਤ ਕੀਤਾ, ਅਤੇ ਉਸ ਤੋਂ ਬਾਅਦ ਐਫ਼.ਆਈ.ਆਰ. ਦਰਜ ਕੀਤੀ ਗਈ।