
Supreme Court: ਸਿਖਰਲੀ ਅਦਾਲਤ ਨੇ ਤੇਲੰਗਾਨਾ ਹਾਈ ਕੋਰਟ ਦਾ ਫ਼ੈਸਲਾ ਪਲਟਿਆ
Supreme Court: ਪਤੀ ਤੋਂ ਵੱਖ ਹੋਣ ਤੋਂ ਬਾਅਦ ਪਤਨੀ ਦੇ ਗੁਜ਼ਾਰੇ ਨੂੰ ਲੈ ਕੇ ਸੁਪਰੀਮ ਕੋਰਟ ਨੇ ਵੱਡਾ ਫ਼ੈਸਲਾ ਸੁਣਾਇਆ ਹੈ। ਅਦਾਲਤ ਦਾ ਕਹਿਣਾ ਹੈ ਕਿ ਇਕ ਔਰਤ ਅਪਣੇ ਦੂਜੇ ਪਤੀ ਤੋਂ ਗੁਜ਼ਾਰਾ ਲੈਣ ਦੀ ਹੱਕਦਾਰ ਹੈ ਭਾਵੇਂ ਉਸਦਾ ਪਹਿਲਾ ਵਿਆਹ ਕਾਨੂੰਨੀ ਤੌਰ ’ਤੇ ਖ਼ਤਮ ਨਾ ਹੋਇਆ ਹੋਵੇ। ਸਿਖਰਲੀ ਅਦਾਲਤ ਦਾ ਕਹਿਣਾ ਹੈ ਕਿ ਜੇਕਰ ਔਰਤ ਅਤੇ ਪਹਿਲੇ ਪਤੀ ਸਹਿਮਤੀ ਨਾਲ ਵੱਖ ਹੋ ਗਏ ਹਨ, ਤਾਂ ਕਾਨੂੰਨੀ ਤੌਰ ’ਤੇ ਤਲਾਕ ਨਾ ਹੋਣਾ ਉਸ ਨੂੰ ਦੂਜੇ ਪਤੀ ਤੋਂ ਗੁਜ਼ਾਰੇ ਦੀ ਮੰਗ ਕਰਨ ਤੋਂ ਨਹੀਂ ਰੋਕਦਾ ਹੈ।
ਤੇਲੰਗਾਨਾ ਹਾਈ ਕੋਰਟ ਨੇ ਇਕ ਹੁਕਮ ਜਾਰੀ ਕੀਤਾ ਸੀ ਜਿਸ ਵਿਚ ਔਰਤ ਨੂੰ ਸੀਆਰਪੀਸੀ ਦੀ ਧਾਰਾ 125 ਤਹਿਤ ਉਸਦੇ ਦੂਜੇ ਪਤੀ ਤੋਂ ਗੁਜ਼ਾਰਾ ਭੱਤਾ ਦੇਣ ਤੋਂ ਇਨਕਾਰ ਕਰ ਦਿਤਾ ਗਿਆ ਸੀ ਕਿਉਂਕਿ ਉਸਨੇ ਅਪਣੇ ਪਹਿਲੇ ਪਤੀ ਨਾਲ ਵਿਆਹ ਨੂੰ ਕਾਨੂੰਨੀ ਤੌਰ ’ਤੇ ਭੰਗ ਨਹੀਂ ਕੀਤਾ ਸੀ। ਹੁਣ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਹੁਕਮਾਂ ਵਿਰੁਧ ਮਹਿਲਾ ਦੀ ਅਪੀਲ ਨੂੰ ਸਵੀਕਾਰ ਕਰ ਲਿਆ ਹੈ। ਜਸਟਿਸ ਬੀਵੀ ਨਾਗਰਤਨਾ ਅਤੇ ਜਸਟਿਸ ਸਤੀਸ਼ ਚੰਦਰ ਸ਼ਰਮਾ ਦਾ ਬੈਂਚ ਮਾਮਲੇ ਦੀ ਸੁਣਵਾਈ ਕਰ ਰਹੀ ਸੀ। ਅਦਾਲਤ ਨੇ ਕਿਹਾ, ‘‘ਯਾਦ ਰਹੇ ਕਿ ਸੀਆਰਪੀਸੀ ਦੀ ਧਾਰਾ 125 ਦੇ ਤਹਿਤ ਗੁਜ਼ਾਰੇ ਦਾ ਹੱਕ ਪਤਨੀ ਨੂੰ ਮਿਲਣ ਵਾਲਾ ਕੋਈ ਲਾਭ ਨਹੀਂ ਹੈ, ਸਗੋਂ ਇਹ ਪਤੀ ਦੀ ਕਾਨੂੰਨੀ ਅਤੇ ਨੈਤਿਕ ਜ਼ਿੰਮੇਵਾਰੀ ਹੈ।’’
ਮਾਮਲੇ ਮੁਤਾਬਕ ਅਪੀਲਕਰਤਾ ਔਰਤ ਨੇ ਅਪਣੇ ਪਹਿਲੇ ਪਤੀ ਨੂੰ ਰਸਮੀ ਤੌਰ ’ਤੇ ਤਲਾਕ ਦਿਤੇ ਬਿਨਾਂ ਦੂਜੇ ਵਿਅਕਤੀ ਅਤੇ ਇਸ ਮਾਮਲੇ ’ਚ ਪ੍ਰਤੀਵਾਦੀ ਨਾਲ ਵਿਆਹ ਕਰ ਲਿਆ ਸੀ। ਪ੍ਰਤੀਵਾਦੀ ਨੂੰ ਔਰਤ ਦੇ ਪਹਿਲੇ ਵਿਆਹ ਬਾਰੇ ਪਤਾ ਸੀ। ਦੋਵੇਂ ਇਕੱਠੇ ਰਹਿ ਰਹੇ ਸਨ ਅਤੇ ਉਨ੍ਹਾਂ ਦਾ ਇਕ ਬੱਚਾ ਵੀ ਸੀ ਪਰ ਵਿਵਾਦ ਕਾਰਨ ਉਹ ਵੱਖ ਹੋ ਗਏ। ਹੁਣ ਔਰਤ ਨੇ ਸੀਆਰਪੀਸੀ ਦੀ ਧਾਰਾ 125 ਤਹਿਤ ਗੁਜ਼ਾਰੇ ਦੀ ਮੰਗ ਕੀਤੀ ਸੀ, ਜਿਸ ਨੂੰ ਫ਼ੈਮਿਲੀ ਕੋਰਟ ਨੇ ਸਵੀਕਾਰ ਕਰ ਲਿਆ ਸੀ। ਬਾਅਦ ਵਿਚ ਹਾਈ ਕੋਰਟ ਨੇ ਫ਼ੈਮਿਲੀ ਕੋਰਟ ਦੇ ਹੁਕਮ ਨੂੰ ਰੱਦ ਕਰ ਦਿਤਾ, ਕਿਉਂਕਿ ਪਹਿਲਾ ਵਿਆਹ ਕਾਨੂੰਨੀ ਤੌਰ ’ਤੇ ਖ਼ਤਮ ਨਹੀਂ ਹੋਇਆ ਸੀ। ਬਚਾਅ ਪੱਖ ਦੀ ਦਲੀਲ ਹੈ ਕਿ ਔਰਤ ਨੂੰ ਉਸਦੀ ਪਤਨੀ ਨਹੀਂ ਮੰਨਿਆ ਜਾ ਸਕਦਾ ਹੈ ਕਿਉਂਕਿ ਉਸਨੇ ਅਪਣੇ ਪਹਿਲੇ ਪਤੀ ਨਾਲ ਕਾਨੂੰਨੀ ਤੌਰ ’ਤੇ ਵਿਆਹ ਖ਼ਤਮ ਨਹੀਂ ਕੀਤਾ ਹੈ। ਜਿਸ ਨੂੰ ਹੁਣ ਸੁਪਰੀਮ ਕੋਰਟ ਨੇ ਪਲਟ ਦਿਤਾ ਹੈ।