
ਆਰਬੀਆਈ ਪਤਾ ਲਾਏਗਾ ਕਿ ਯੈੱਸ ਬੈਂਕ ਨੇ ਕੀ ਗ਼ਲਤ ਕੀਤਾ
ਨਵੀਂ ਦਿੱਲੀ : ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਨਕਦੀ ਸੰਕਟ ਨਾਲ ਜੂਝ ਰਹੇ ਯੈੱਸ ਬੈਂਕ ਦੇ ਖਾਤਾਧਾਰਕਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦਾ ਪੈਸਾ ਸੁਰੱਖਿਅਤ ਹੈ ਅਤੇ ਰਿਜ਼ਰਵ ਬੈਂਕ ਯੈੱਸ ਬੈਂਕ ਨਾਲ ਜੁੜੇ ਮੁੱਦਿਆਂ ਦਾ ਤੇਜ਼ੀ ਨਾਲ ਹੱਲ ਕੱਢਣ ਲਈ ਕੰਮ ਕਰ ਰਿਹਾ ਹੈ। ਸੀਤਾਰਮਣ ਨੇ ਕਿਹਾ ਕਿ ਸਰਕਾਰ ਨੇ ਰਿਜ਼ਰਵ ਬੈਂਕ ਨੂੰ ਇਹ ਪਤਾ ਲਾਉਣ ਲਈ ਕਿਹਾ ਹੈ ਕਿ ਯੈੱਸ ਬੈਂਕ ਵਿਚ ਕੀ ਗ਼ਲਤ ਹੋਇਆ ਅਤੇ ਇਸ ਵਿਚ ਨਿਜੀ ਪੱਧਰ 'ਤੇ ਜਵਾਬਦੇਹੀ ਤੈਅ ਕੀਤੀ ਜਾਣੀ ਚਾਹੀਦੀ ਹੈ।
Photo
ਪੱਤਰਕਾਰ ਸੰਮੇਲਨ ਵਿਚ ਉਨ੍ਹਾਂ ਕਿਹਾ ਕਿ ਬੈਂਕ ਦੀ 2017 ਤੋਂ ਨਿਗਰਾਨੀ ਕੀਤੀ ਜਾ ਰਹੀ ਸੀ ਅਤੇ ਇਸ ਨਾਲ ਸਬੰਧਤ ਗਤੀਵਿਧੀਆਂ ਦੀ ਹਰ ਦਿਨ ਨਿਗਰਾਨੀ ਕੀਤੀ ਗਈ। ਭਾਰਤੀ ਸਟੇਟ ਬੈਂਕ ਦੇ ਸਾਬਕਾ ਉਪ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਵਿੱਤੀ ਅਧਿਕਾਰੀ ਪ੍ਰਸ਼ਾਂਤ ਕੁਮਾਰ ਨੂੰ ਬੈਂਕ ਦਾ ਪ੍ਰਸ਼ਾਸਨ ਨਿਯੁਕਤ ਕਰ ਦਿਤਾ ਗਿਆ ਹੈ।
Photo
ਸੀਤਾਰਮਣ ਨੇ ਕਿਹਾ, 'ਮੈਂ ਰਿਜ਼ਰਵ ਬੈਂਕ ਨਾਲ ਲਗਾਤਾਰ ਸੰਪਰਕ ਵਿਚ ਹਾਂ। ਕੇਂਦਰੀ ਬੈਂਕ ਦੀ ਇਸ ਮਾਮਲੇ 'ਤੇ ਪੂਰੀ ਪਕੜ ਹੈ ਅਤੇ ਉਸ ਨੇ ਇਸ ਦੇ ਫ਼ੌਰੀ ਹੱਲ ਦਾ ਭਰੋਸਾ ਦਿਤਾ ਹੈ। ਮੈਂ ਭਰੋਸਾ ਦਿਵਾਉਣਾ ਚਾਹੁੰਦੀ ਹਾਂ ਕਿ ਯੈਸ ਬੈਂਕ ਦੇ ਹਰ ਜਮ੍ਹਾਂਕਾਰ ਦਾ ਪੈਸਾ ਸੁਰੱਖਿਅਤ ਹੈ।' ਉਨ੍ਹਾਂ ਕਿਹਾ ਕਿ ਇਹ ਕਦਮ ਜਮ੍ਹਾਂਕਾਰਾਂ, ਬੈਂਕ ਅਤੇ ਅਰਥਵਿਵਸਥਾ ਦੇ ਹਿੱਤ ਵਿਚ ਚੁਕੇ ਗਏ ਹਨ। ਰਿਜ਼ਰਵ ਬੈਂਕ ਦੇ ਗਵਰਨਰ ਨੇ ਭਰੋਸਾ ਦਿਤਾ ਹੈ ਕਿ ਬੈਂਕ ਦੇ ਕਿਸੇ ਵੀ ਗਾਹਕ ਦਾ ਕੋਈ ਨੁਕਸਾਨ ਨਹੀਂ ਹੋਵੇਗਾ। ਰਿਜ਼ਰਵ ਬੈਂਕ ਨੇ ਵੀਰਵਾਰ ਨੂੰ ਸਰਕਾਰ ਨਾਲ ਮਸ਼ਵਰਾ ਕਰਨ ਮਗਰੋਂ ਯੈੱਸ ਬੈਂਕ 'ਤੇ ਰੋਕ ਲਾ ਦਿਤੀ ਅਤੇ ਉਸ ਦੇ ਨਿਰਦੇਸ਼ਕ ਮੰਡਲ ਨੂੰ ਫ਼ੌਰੀ ਤੌਰ 'ਤੇ ਭੰਗ ਕਰ ਦਿਤਾ।
Photo
ਬੈਂਕ ਦੇ ਗਾਹਕਾਂ 'ਤੇ 50 ਹਜ਼ਾਰ ਰੁਪਏ ਮਹੀਨਾ ਤਕ ਕੱਢਣ ਦੀ ਹੱਦ ਕਰ ਦਿਤੀ ਗਈ ਹੈ। ਯੈਸ ਬੈਂਕ ਕਿਸੇ ਵੀ ਤਰ੍ਹਾਂ ਦੀ ਨਵਾਂ ਕਰਜ਼ਾ ਵੰਡ ਜਾਂ ਨਿਵੇਸ਼ ਵੀ ਨਹੀਂ ਕਰ ਸਕੇਗਾ। ਵਿੱਤ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਬੈਂਕ ਦੇ ਗਾਹਕ 50 ਹਜ਼ਾਰ ਰੁਪਏ ਦੀ ਹੱਦ ਵਿਚ ਪੈਸੇ ਕੱਢ ਸਕਣ, ਇਹ ਯਕੀਨੀ ਕਰਨਾ ਸੱਭ ਤੋਂ ਪਹਿਲੀ ਤਰਜੀਹ ਹੈ। ਅਗਲੇ ਇਕ ਮਹੀਨੇ ਲਈ ਰਿਜ਼ਰਵ ਬੈਂਕ ਨੇ ਭਾਰਤੀ ਸਟੇਟ ਬੈਂਕ ਦੇ ਸਾਬਕਾ ਮੁੱਖ ਵਿੱਤ ਅਧਿਕਾਰੀ ਪ੍ਰਸ਼ਾਂਤ ਕੁਮਾਰ ਨੂੰ ਯੈਸ ਬੈਂਕ ਦਾ ਪ੍ਰਸ਼ਾਸਕ ਨਿਯੁਕਤ ਕੀਤਾ ਹੈ। ਉਧਰ, ਦੇਸ਼ ਦੇ ਸੱਭ ਤੋਂ ਵੱਡੇ ਬੈਂਕ ਐਸਬੀਆਈ ਦੇ ਨਿਰਦੇਸ਼ਕ ਮੰਡਲ ਨੇ ਨਕਦੀ ਸੰਕਟ ਨਾਲ ਜੂਝ ਰਹੇ ਯੈਸ ਬੈਂਕ ਵਿਚ ਨਿਵੇਸ਼ ਲਈ ਸਿਧਾਂਤਕ ਪ੍ਰਵਾਨਗੀ ਦੇ ਦਿਤੀ ਹੈ।
Photo
ਬੇਹੱਦ ਪ੍ਰੇਸ਼ਾਨ ਹਨ ਯੈੱਸ ਬੈਂਕ ਦੇ ਗਾਹਕ : ਯੈੱਸ ਬੈਂਕ ਦੇ ਗਾਹਕਾਂ ਲਈ 50 ਹਜ਼ਾਰ ਰੁਪਏ ਦੀ ਨਿਕਾਸੀ ਹੱਦ ਤੈਅ ਕੀਤੇ ਜਾਣ ਮਗਰੋਂ ਬੈਂਕ ਦੀਆਂ ਵੱਖ ਵੱਖ ਸ਼ਾਖ਼ਾਵਾਂ ਵਿਚ ਗਾਹਕਾਂ ਦੇ ਫ਼ੋਨ ਆਉਂਦੇ ਰਹੇ ਅਤੇ ਲੰਮੀਆਂ ਕਤਾਰਾਂ ਵੀ ਵੇਖੀਆਂ ਗਈਆਂ। ਗਾਹਕਾਂ ਨੇ ਸੋਸ਼ਲ ਮੀਡੀਆ ਵਿਚ ਅਪਣਾ ਗੁੱਸਾ ਕਢਿਆ। ਨਿਜੀ ਖੇਤਰ ਦੇ ਯੈੱਸ ਬੈਂਕ ਦੇ ਗਾਹਕਾਂ ਨੇ ਸ਼ਿਕਾਇਤ ਕੀਤੀ ਕਿ ਨੈਟ ਬੈਂਕਿੰਗ ਕੰਮ ਨਹੀਂ ਕਰ ਰਹੀ ਅਤੇ ਲੋਕਾਂ ਦੇ ਏਟੀਐਮ ਵਿਚੋਂ ਪੈਸੇ ਨਹੀਂ ਨਿਕਲ ਰਹੇ। ਇਕ ਗਾਹਕ ਨੇ ਕਿਹਾ ਕਿ ਉਹ ਅਪਣਾ ਬੱਚਤ ਖਾਤਾ ਬੰਦ ਕਰਨਾ ਚਾਹੁੰਦਾ ਹੈ ਪਰ ਉਹ ਅਜਿਹਾ ਆਨਲਾਈਨ ਕਿਵੇਂ ਕਰ ਸਕਦਾ ਹੈ। ਬੈਂਕ ਨੇ ਅਪਣੇ ਟੋਲ ਫ਼ਰੀ ਨੰਬਰ ਨੂੰ ਵੀ 18002000 ਤੋਂ ਬਦਲ ਕੇ 18001200 ਕਰ ਦਿਤਾ ਹੈ।