
ਗਿੱਲ ਦੇ ਸੀਈਓ ਬਣਨ ਦੀ ਖ਼ਬਰ 'ਤੇ ਬੈਂਕ ਦੇ ਸ਼ੇਅਰ ਹੋਏ ਮਜ਼ਬੂਤ....
ਨਵੀਂ ਦਿੱਲੀ : ਨਿੱਜੀ ਖੇਤਰ ਵਿਚ ਦੇਸ਼ ਦੇ ਮੰਨੇ ਪ੍ਰ੍ਰਮੰਨੇ 'ਯੈਸ ਬੈਂਕ' ਨੇ ਰਵਨੀਤ ਸਿੰਘ ਗਿੱਲ ਨੂੰ ਨਵਾਂ ਸੀਈਓ ਅਤੇ ਐਮਡੀ ਨਿਯੁਕਤ ਕਰ ਕੀਤਾ ਹੈ। ਭਾਰਤੀ ਰਿਜ਼ਰਵ ਬੈਂਕ ਦੀ ਮਨਜ਼ੂਰੀ ਮਗਰੋਂ ਹੀ ਯੈਸ ਬੈਂਕ ਨੇ ਇਸ ਦਾ ਐਲਾਨ ਕੀਤਾ ਹੈ। ਉਹ ਬੈਂਕ ਦੇ ਮੌਜੂਦਾ ਪ੍ਰੰਬਧਕ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਰਾਣਾ ਕਪੂਰ ਦੀ ਥਾਂ ਲੈਣਗੇ। ਰਾਣਾ ਕਪੂਰ ਦਾ ਕਾਰਜਕਾਲ 31 ਜਨਵਰੀ 2019 ਦੇ ਅੰਤ ਤਕ ਦਫ਼ਤਰ ਛੱਡਣ ਲਈ ਕਿਹਾ ਸੀ। ਰਵਨੀਤ ਗਿੱਲ 1 ਮਾਰਚ 2019 ਨੂੰ ਬੈਂਕ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਪ੍ਰਬੰਧ ਨਿਰਦੇਸ਼ਕ ਅਹੁਦੇ ਵਜੋਂ ਅਪਣਾ ਕਾਰਜਭਾਰ ਸੰਭਾਲਣਗੇ।
Yes Bank
ਰਵਨੀਤ ਸਿੰਘ ਗਿੱਲ ਦੇ ਬੈਂਕ ਦਾ ਸੀਈਓ ਬਣਨ ਦੀ ਖ਼ਬਰ ਤੋਂ ਬਾਅਦ ਯੈਸ ਬੈਂਕ ਦੇ ਸ਼ੇਅਰਾਂ ਵਿਚ ਤੇਜ਼ੀ ਦੇਖਣ ਨੂੰ ਮਿਲੀ ਅਤੇ ਸ਼ੇਅਰ 18 ਫ਼ੀਸਦੀ ਮਜ਼ਬੂਤ ਹੋ ਗਏ। ਹਾਲਾਂਕਿ ਬਾਅਦ ਵਿਚ ਇਹ ਵਾਧਾ ਸੀਮਤ ਹੋ ਗਿਆ ਅਤੇ ਬੈਂਕ ਦੇ ਸ਼ੇਅਰ ਕਰੀਬ 8 ਫ਼ੀਸਦੀ ਮਜ਼ਬੂਤ ਹੋ ਕੇ 214 ਰੁਪਏ 'ਤੇ ਬੰਦ ਹੋਏ। ਇਸ ਤੋਂ ਪਹਿਲਾਂ ਪਿਛਲੇ ਸਾਲ ਸਤੰਬਰ ਮਹੀਨੇ ਵਿਚ ਇਸ ਅਹੁਦੇ 'ਤੇ ਤਾਇਨਾਤ ਰਾਣਾ ਕਪੂਰ ਨੂੰ ਜਨਵਰੀ ਵਿਚ ਅਹੁਦੇ ਤੋਂ ਹਟਾਏ ਜਾਣ ਦੇ ਨਿਰਦੇਸ਼ ਤੋਂ ਬਾਅਦ ਯੈਸ ਬੈਂਕ ਦੇ ਸ਼ੇਅਰ ਲਗਭਗ ਦੋ ਤਿਹਾਈ ਟੁੱਟ ਚੁੱਕੇ ਸਨ। ਬੈਂਕ ਦੇ ਇਸ ਫੈਸਲੇ ਤੋਂ ਬਾਅਦ ਸਟਾਕ ਵਿਚ ਭਾਰੀ ਗਿਰਾਵਟ ਦਰਜ ਕੀਤੀ ਗਈ ਸੀ।
Ravneet Singh Gill
ਇਸ ਤੋਂ ਬਾਅਦ ਬੈਂਕ ਬੋਰਡ ਵਿਚ ਕਈ ਅਸਤੀਫਿਆਂ ਦਾ ਸਿਲਸਿਲਾ ਵੀ ਦੇਖਣ ਨੂੰ ਮਿਲਿਆ ਸੀ। ਪ੍ਰਾਈਵੇਟ ਖੇਤਰ ਦੇ ਇਸ ਬੈਂਕ ਨੂੰ ਮੌਜੂਦਾ ਵਿੱਤੀ ਸਾਲ ਦੀ ਤੀਜੀ ਤਿਮਾਹੀ ਵਿਚ 7 ਫ਼ੀਸਦੀ ਦਾ ਘਾਟਾ ਹੋਇਆ ਹੈ। ਜਿਸ ਨਾਲ ਕੰਪਨੀ ਨੂੰ ਕੁੱਲ 1,002 ਕਰੋੜ ਰੁਪਏ ਦਾ ਘਾਟਾ ਸਹਿਣਾ ਪਿਆ ਹੈ। ਜਦਕਿ ਪਿਛਲੇ ਵਿੱਤੀ ਸਾਲ ਦੀ ਬਰਾਬਰ ਤਿਮਾਹੀ ਵਿਚ ਇਹ ਘਾਟਾ 1,077 ਕਰੋੜ ਰੁਪਏ ਸੀ। ਇਸ ਤੋਂ ਪਹਿਲਾਂ ਮਾਹਿਰਾਂ ਨੇ ਬੈਂਕ ਨੂੰ 1060 ਕਰੋੜ ਰੁਪਏ ਦੇ ਘਾਟੇ ਦਾ ਅਨੁਮਾਨ ਲਗਾਇਆ ਸੀ।
Ravneet Singh Gill
ਰਵਨੀਤ ਸਿੰਘ ਗਿੱਲ ਨੂੰ ਬੈਂਕਿੰਗ ਖੇਤਰ ਦਾ 30 ਸਾਲ ਦਾ ਤਜਰਬਾ ਹੈ ਅਤੇ 6 ਸਾਲ ਤੋਂ ਉਹ ਡਿਊਸ਼ ਬੈਂਕ ਦੇ ਮੁਖੀ ਵੀ ਹਨ। ਯੈਸ ਬੈਂਕ ਦੇ ਸੀਨੀਅਰ ਗਰੁੱਪ ਪ੍ਰਧਾਨ ਰਜਤ ਮੋਂਗੀਆ ਸੀਈਓ ਬਣਨ ਦੀ ਦੌੜ ਵਿਚ ਦੂਜੇ ਸਥਾਨ 'ਤੇ ਸਨ। ਯੈੱਸ ਬੈਂਕ ਨੇ ਪਿਛਲੇ ਹਫ਼ਤੇ ਹੀ ਉਮੀਦਵਾਰਾਂ ਦੀ ਸੂਚੀ ਰਿਜ਼ਰਵ ਬੈਂਕ ਨੂੰ ਭੇਜੀ ਸੀ। ਜਿਨ੍ਹਾਂ ਵਿਚੋਂ ਰਵਨੀਤ ਸਿੰਘ ਗਿੱਲ ਨੂੰ ਇਸ ਅਹਿਮ ਅਹੁਦੇ ਲਈ ਚੁਣਿਆ ਗਿਆ। ਬੈਂਕ ਅਮਲੇ ਨੂੰ ਉਮੀਦ ਹੈ ਕਿ ਉਹ ਬੈਂਕ ਨੂੰ ਘਾਟੇ ਵਿਚੋਂ ਕੱਢ ਕੇ ਉਚ ਬੁਲੰਦੀਆਂ 'ਤੇ ਲਿਜਾਣਗੇ।