
ਲਾਇਸੰਸ ਦੇਣ ਵਕਤ ਆਬਕਾਰੀ ਵਿਭਾਗ ਦੇ ਮੰਤਰੀ ਸਨ ਸੁਖਬੀਰ ਸਿੰਘ ਬਾਦਲ
ਚੰਡੀਗੜ੍ਹ: ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਸਨਸ਼ਨੀਖੇਜ ਖੁਲਾਸਾ ਕਰਦਿਆਂ ਦੱਸਿਆ ਕਿ ਫਾਜ਼ਿਲਕਾ ਜ਼ਿਲੇ ਦੇ ਪਿੰਡ ਹੀਰਾਂ ਵਾਲੀ ਵਿਖੇ ਜਿਸ ਸ਼ਰਾਬ ਫੈਕਟਰੀ ਦਾ ਵਿਰੋਧ ਇਲਾਕੇ ਦੇ ਲੋਕ ਕਰ ਰਹੇ ਹਨ ਅਤੇ ਜਿਸ ਮੁੱਦੇ ਤੇ ਅਕਾਲੀ ਦਲ ਤੇ ਭਾਜਪਾ ਸਿਆਸੀ ਰੋਟੀਆਂ ਸੇਕ ਰਹੇ ਹਨ, ਅਸਲ ਵਿਚ ਉਕਤ ਫੈਕਟਰੀ ਦਾ ਲਾਇਸੈਂਸ ਕਿਸੇ ਹੋਰ ਨੇ ਨਹੀਂ ਸਗੋਂ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੇ ਪਿੱਛਲੀ ਸਰਕਾਰ ਨੇ 28 ਅਗਸਤ 2015 ਨੂੰ ਦਿੱਤਾ ਸੀ। ਉਨਾਂ ਨੇ ਕਿਹਾ ਕਿ ਇਹ ਲਾਇਸੈਂਸ ਜਾਰੀ ਕਰਨ ਸਮੇਂ ਆਬਕਾਰੀ ਵਿਭਾਗ ਦੇ ਮੰਤਰੀ ਸ: ਸੁਖਬੀਰ ਸਿੰਘ ਬਾਦਲ ਖੁਦ ਸਨ।
Sunil Kumar Jakhar
ਅੱਜ ਇੱਥੇ ਫਾਜ਼ਿਲਕਾ ਦੇ ਵਿਧਾਇਕ ਸ: ਦਵਿੰਦਰ ਸਿੰਘ ਘੁਬਾਇਆ ਅਤੇ ਹੀਰਾਂ ਵਾਲੀ ਅਤੇ ਆਸਪਾਸ ਦੇ ਪਿੰਡਾਂ ਦੇ ਲੋਕਾਂ ਸਮੇਤ ਮੀਡੀਆ ਨਾਲ ਗੱਲਬਾਤ ਕਰਦਿਆਂ ਸੁਨੀਲ ਜਾਖੜ ਨੇ ਦੱਸਿਆ ਕਿ ਇਕ ਵਾਰ ਫਿਰ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਦੋਹਰਾ ਕਿਰਦਾਰ ਬੇਨਕਾਬ ਹੋਇਆ ਹੈ। ਉਨਾਂ ਨੇ ਕਿਹਾ ਕਿ ਉਕਤ ਸਰਕਾਰ ਵਿਚ ਭਾਰਤੀ ਜਨਤਾ ਪਾਰਟੀ ਵੀ ਬਰਾਬਰ ਦੀ ਭਾਈਵਾਲ ਸੀ ਜਦ ਕਿ ਅੱਜ ਭਾਜਪਾ ਆਗੂ ਸੁਰਜੀਤ ਕੁਮਾਰ ਜਿਆਣੀ ਵੀ ਧਰਨੇ ਵਿਚ ਜਾ ਕੇ ਸਿਆਸੀ ਡਰਾਮਾ ਕਰ ਰਹੇ ਹਨ।
Sunil Kumar Jakhar
ਇਸ ਮੌਕੇ ਉਨਾਂ ਨੇ ਜਾਣਕਾਰੀ ਦਿੱਤੀ ਕਿ ਬੀਤੇ ਦਿਨ ਪਿੰਡ ਦੇ ਲੋਕ ਸੁਖਬੀਰ ਸਿੰਘ ਬਾਦਲ ਨੂੰ ਵੀ ਬਤੌਰ ਹਲਕੇ ਦਾ ਸਾਂਸਦ ਹੋਣ ਕਾਰਨ ਮਿਲੇ ਸਨ ਅਤੇ ਸ: ਬਾਦਲ ਨੇ ਭਲਕੇ ਧਰਨੇ ਵਿਚ ਆਉਣ ਦਾ ਭਰੋਸਾ ਦਿੱਤਾ ਹੈ। ਇਸ ਤੇ ਸੁਨੀਲ ਜਾਖੜ ਨੇ ਸੁਖਬੀਰ ਬਾਦਲ ਨੂੰ ਕਿਹਾ ਕਿ ਉਹ ਪਿੰਡ ਜਾ ਕੇ ਲੋਕਾਂ ਨੂੰ ਸੱਚ ਜਰੂਰ ਦੱਸਣ ਅਤੇ ਆਪਣੇ ਗੁਨਾਹਾਂ ਦੀ ਮਾਫੀ ਮੰਗਣ ਜੋ ਇਸ ਇਲਾਕੇ ਵਿਚ ਲੋਕਾਂ ਦੀ ਸਹਿਮਤੀ ਤੋਂ ਬਿਨਾਂ ਇਸ ਤਰਾਂ ਦੀ ਫੈਕਟਰੀ ਲਗਾਉਣ ਦਾ ਲਾਇਸੈਂਸ ਜਾਰੀ ਕੀਤਾ।
ਜਾਖੜ ਨੇ ਕਿਹਾ ਕਿ ਉਕਤ ਲਾਇਸੈਂਸ ਅਕਾਲੀ ਦਲ ਦੇ ਕਿਸੇ ਚਹੇਤੇ ਨੂੰ ਦਿੱਤਾ ਗਿਆ ਜਿਸ ਨੇ ਹੁਣ ਕਿਸੇ ਉਦਯੋਗਪਤੀ ਨੂੰ ਉਕਤ ਲਾਇਸੈਂਸ 13 ਕਰੋੜ ਰੁਪਏ ਵਿਚ ਵੇਚ ਦਿੱਤਾ ਹੈ। ਉਨਾਂ ਨੇ ਕਿਹਾ ਕਿ ਉਹ ਉਕਤ ਉਦਯੋਗਪਤੀ ਨਾਲ ਵੀ ਗੱਲਬਾਤ ਕਰਕੇ ਉਸਨੂੰ ਇਸ ਇਲਾਕੇ ਵਿਚ ਇਸ ਤਰ੍ਹਾਂ ਦੀ ਸਨਅੱਤ ਨਾ ਲਗਾਉਣ ਲਈ ਰਾਜੀ ਕਰਣਗੇ ਪਰ ਉਨਾਂ ਨੇ ਅਕਾਲੀ ਲੀਡਰਸ਼ਿਪ ਨੂੰ ਵੰਗਾਰਿਆ ਕਿ ਉਹ ਉਨ੍ਹਾਂ ਦੇ ਨਾਂਅ ਜਨਤਕ ਕਰਨ ਜਿੰਨਾਂ ਦੀ ਸਿਫਾਰਸ਼ ਅਤੇ ਇਸ ਤਰਾਂ ਦੇ ਆਪਣੇ ਚਹੇਤੇ ਨੂੰ ਲਾਇਸੈਂਸ ਦਿੱਤਾ ਗਿਆ ਜੋ ਕਿ ਅੱਗੋਂ ਲਾਇਸੈਂਸ ਸ਼ਰੇਆਮ ਵੇਚ ਰਿਹਾ ਹੈ।
ਇਸ ਮੌਕੇ ਉਨਾਂ ਨੇ ਆਪ ਪਾਰਟੀ ਦੇ ਆਗੂਆਂ ਤੇ ਵੀ ਹਮਲਾ ਕਰਦਿਆਂ ਕਿਹਾ ਕਿ ਉਹ ਹੀਰਾਂ ਵਾਲੀ ਵਿਚ ਤਾਂ ਆਖ ਆਏ ਸਨ ਕਿ ਅਸੀਂ ਵਿਧਾਨ ਸਭਾ ਵਿਚ ਮੁੱਦਾ ਉਠਾਵਾਂਗੇ ਪਰ ਅਸਲ ਵਿਚ ਵਿਧਾਨ ਸਭਾ ਵਿਚ ਇਹ ਮੁੱਦਾ ਫਾਜ਼ਿਲਕਾ ਦੇ ਨੁੰਮਾਇੰਦੇ ਅਤੇ ਕਾਂਗਰਸ ਦੇ ਵਿਧਾਇਕ ਸ: ਦਵਿੰਦਰ ਸਿੰਘ ਘਬਰਾਇਆ ਨੇ ਹੀ ਉਠਾਇਆ ਹੈ।
ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਜਿਹਨਾਂ ਨੇ ਹੀਰਾਂ ਵਾਲੀ ਅਤੇ ਆਸਪਾਸ ਦੇ ਲੋਕਾਂ ਦੇ ਭਵਿੱਖ ਨਾਲ ਖਿਲਵਾੜ ਕਰਕੇ ਇੱਥੇ ਸ਼ਰਾਬ ਫੈਕਟਰੀ ਦਾ ਲਾਇਸੈਂਸ ਦਿੱਤਾ ਸੀ, ਉਹੀ ਲੋਕ ਅੱਜ ਲੋਕਾਂ ਦੇ ਹਿਤੂ ਹੋਣ ਦਾ ਡਰਾਮਾ ਕਰ ਰਹੇ ਹਨ, ਪਰ ਲੋਕ ਹੁਣ ਅਜਿਹੇ ਲੋਕਾਂ ਦੀਆਂ ਸਿਆਸੀ ਚਾਲਾਂ ਨੂੰ ਭਲੀਭਾਂਤ ਸਮਝਦੇ ਹਨ।