
ਪਹਿਲਾ ਕੱਟਿਆ ਕੇਕ, ਫਿਰ ਲਿਆ ਫਾਹਾ
ਅਗਰਾ: ਆਗਰਾ 'ਚ ਇਕ ਐੱਮਕਾਮ ਦੀ ਵਿਦਿਆਰਥਣ ਨੇ ਆਪਣੇ ਜਨਮ ਦਿਨ ਵਾਲੇ ਦਿਨ ਖੁਦਕੁਸ਼ੀ ਕਰ ਲਈ। ਦਰਅਸਲ ਵਿਦਿਆਰਥਣ ਆਪਣੇ ਦੋਸਤਾਂ ਨਾਲ ਪਾਰਟੀ ਕਰਨਾ ਚਾਹੁੰਦੀ ਸੀ ਪਰ ਪਰਿਵਾਰ ਵਾਲਿਆਂ ਨੇ ਉਸ ਨੂੰ ਜਾਣ ਨਹੀਂ ਦਿੱਤਾ। ਇਸ ਤੋਂ ਨਾਰਾਜ਼ ਹੋ ਕੇ ਵਿਦਿਆਰਥਣ ਨੇ ਪਹਿਲਾਂ ਕੇਕ ਕੱਟਿਆ। ਇਸ ਤੋਂ ਬਾਅਦ ਉਸ ਨੇ ਕਮਰੇ 'ਚ ਦੁਪੱਟੇ ਦੀ ਮਦਦ ਨਾਲ ਫਾਹਾ ਲੈ ਲਿਆ। ਵਿਦਿਆਰਥਣ ਦੇ ਇਸ ਕਦਮ ਮਗਰੋਂ ਪਰਿਵਾਰਕ ਮੈਂਬਰ ਸਦਮੇ ਵਿਚ ਹਨ। ਇਸ ਦੇ ਨਾਲ ਹੀ ਇਸੇ ਕਲੋਨੀ ਵਿਚ ਹੋਲੀ ਮੌਕੇ ਹੋਣ ਵਾਲੇ ਪ੍ਰੋਗਰਾਮ ਵੀ ਰੱਦ ਕਰ ਦਿੱਤੇ ਗਏ ਹਨ।
ਇਹ ਵੀ ਪੜ੍ਹੋ: ਬੇਕਾਬੂ ਕਾਰ ਨੇ ਚਾਰ ਲੋਕਾਂ ਨੂੰ ਕੁਚਲਿਆ: ਇਕੋ ਪਰਿਵਾਰ ਦੇ 4 ਜੀਆਂ ਦੀ ਹੋਈ ਮੌਤ
ਜਾਣਕਾਰੀ ਅਨੁਸਾਰ ਨਰਿੰਦਰ ਸਿੰਘ ਆਪਣੇ ਪਰਿਵਾਰ ਨਾਲ ਕਮਲਾ ਨਗਰ ਵਿਚ ਰਹਿੰਦਾ ਹੈ। ਉਹ ਦਸਤਕਾਰੀ ਦਾ ਕੰਮ ਕਰਦਾ ਹੈ। ਉਸ ਦੀਆਂ ਦੋ ਧੀਆਂ ਅਤੇ ਇਕ ਪੁੱਤਰ ਹੈ। ਵੱਡੀ ਧੀ ਵਿਆਹੀ ਹੋਈ ਹੈ। ਜਦਕਿ ਛੋਟੀ ਧੀ ਵੰਦਨਾ ਅਤੇ ਇਕ ਪੁੱਤਰ ਘਰ ਵਿਚ ਹੀ ਰਹਿੰਦੇ ਹਨ। ਵੰਦਨਾ ਐਮਕਾਮ ਦੀ ਵਿਦਿਆਰਥਣ ਸੀ ਅਤੇ 3 ਮਾਰਚ ਨੂੰ ਉਸ ਦਾ ਜਨਮ ਦਿਨ ਸੀ।
ਇਹ ਵੀ ਪੜ੍ਹੋ: ਅੰਦਰੂਨੀ ਬੀਮਾਰੀਆਂ ਦੇ ਸੂਚਕ ਹੁੰਦੇ ਹਨ ਸਰੀਰ ’ਤੇ ਪਏ ਨਿਸ਼ਾਨ
ਵੰਦਨਾ ਆਪਣਾ ਜਨਮਦਿਨ ਘਰ ਦੇ ਬਾਹਰ ਦੋਸਤਾਂ ਨਾਲ ਮਨਾਉਣਾ ਚਾਹੁੰਦੀ ਸੀ ਪਰ ਪਰਿਵਾਰ ਵਾਲਿਆਂ ਨੇ ਮਨ੍ਹਾ ਕਰ ਦਿੱਤਾ। ਇਸ ਤੋਂ ਬਾਅਦ ਰਾਤ ਨੂੰ ਹੀ ਉਸ ਨੇ ਪਰਿਵਾਰਕ ਮੈਂਬਰਾਂ ਅਤੇ ਜਾਣ-ਪਛਾਣ ਵਾਲਿਆਂ ਨਾਲ ਘਰ 'ਚ ਕੇਕ ਕੱਟਿਆ। ਇਸ ਮਗਰੋਂ ਜਨਮ ਦਿਨ ਮਨਾ ਕੇ ਸਾਰੇ ਸੌਂ ਗਏ। ਵੰਦਨਾ ਪਹਿਲੀ ਮੰਜ਼ਿਲ 'ਤੇ ਆਪਣੇ ਕਮਰੇ 'ਚ ਸੌਣ ਲਈ ਚਲੀ ਗਈ। ਅੱਧੀ ਰਾਤ ਨੂੰ ਜਦੋਂ ਉਸ ਦੇ ਪਿਤਾ ਕਮਰੇ ਵਿਚ ਗਏ ਤਾਂ ਦੇਖਿਆ ਕਿ ਵੰਦਨਾ ਦੁਪੱਟੇ ਨਾਲ ਲਟਕੀ ਹੋਈ ਸੀ। ਪਰਿਵਾਰਕ ਮੈਂਬਰ ਉਸ ਨੂੰ ਤੁਰੰਤ ਹਸਪਤਾਲ ਲੈ ਗਏ। ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ: ਖ਼ਾਲਸਾ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੋਲਾ-ਮਹੱਲਾ, ਪੂਰੀ ਸ਼ਾਨੋ-ਸ਼ੌਕਤ ਨਾਲ ਅੱਜ ਹੋਵੇਗਾ ਆਰੰਭ
ਰਿਸ਼ਤੇਦਾਰਾਂ ਨੇ ਦੱਸਿਆ ਕਿ ਆਪਣੇ ਜਨਮ ਦਿਨ ਵਾਲੇ ਦਿਨ ਵੰਦਨਾ ਦੋਸਤਾਂ ਨਾਲ ਪਾਰਟੀ ਲਈ ਬਾਹਰ ਜਾਣ ਦੀ ਗੱਲ ਕਰ ਰਹੀ ਸੀ ਪਰ ਉਸ ਨੂੰ ਇਜਾਜ਼ਤ ਨਹੀਂ ਦਿੱਤੀ ਗਈ। ਸ਼ਾਇਦ ਉਹ ਇਸ ਗੱਲ ਤੋਂ ਨਾਰਾਜ਼ ਸੀ। ਰਾਤ ਨੂੰ ਸਾਰਿਆਂ ਦੇ ਸੌਣ ਤੋਂ ਬਾਅਦ ਉਸ ਨੇ ਇਹ ਕਦਮ ਚੁੱਕਿਆ। ਪੁਲਿਸ ਵੰਦਨਾ ਦੀ ਲਾਸ਼ ਦੇ ਪੋਸਟਮਾਰਟਮ ਦੀ ਰਿਪੋਰਟ ਦਾ ਇੰਤਜ਼ਾਰ ਕਰ ਰਹੀ ਹੈ। ਪਰਿਵਾਰ ਵਾਲਿਆਂ ਨੇ ਵੀ ਅਜੇ ਤੱਕ ਕੋਈ ਸ਼ਿਕਾਇਤ ਨਹੀਂ ਦਿੱਤੀ ਹੈ। ਪੁਲਿਸ ਵੀ ਇਸ ਮਾਮਲੇ ਨੂੰ ਖ਼ੁਦਕੁਸ਼ੀ ਦਾ ਮਾਮਲਾ ਦੱਸ ਰਹੀ ਹੈ।