
ਮੁਲਜ਼ਮ ਦਾ ਉਪ-ਨਾਂਅ ਵੀ 'ਸ਼ੂਟਰ' ਦੱਸਿਆ ਗਿਆ ਹੈ
ਨਵੀਂ ਦਿੱਲੀ - ਦੱਖਣੀ ਦਿੱਲੀ ਦੇ ਜੌਨਾਪੁਰ ਪਿੰਡ ਵਿੱਚ ਜਨਮ ਦਿਨ ਦੇ ਜਸ਼ਨ ਦੌਰਾਨ ਗੋਲੀਬਾਰੀ ਕਰਨ ਅਤੇ ਇੱਕ ਵਿਅਕਤੀ ਨੂੰ ਜ਼ਖਮੀ ਕਰਨ ਦੇ ਦੋਸ਼ ਵਿੱਚ ਇੱਕ 34 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲਿਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਦੋਸ਼ੀ ਦੀ ਪਛਾਣ ਰਣਪਾਲ ਉਰਫ 'ਸ਼ੂਟਰ' ਵਜੋਂ ਹੋਈ ਹੈ।
ਪੁਲਿਸ ਨੇ ਦੱਸਿਆ ਕਿ ਇਸ ਘਟਨਾ ਸ਼ੁੱਕਰਵਾਰ ਸ਼ਾਮ 8.24 ਵਜੇ ਸੂਚਨਾ ਮਿਲੀ। ਪੁਲਿਸ ਨੇ ਦੱਸਿਆ ਕਿ ਘਟਨਾ 'ਚ ਪ੍ਰਮੋਦ (37) ਨਾਂਅ ਦਾ ਵਿਅਕਤੀ ਜ਼ਖਮੀ ਹੋ ਗਿਆ।
ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਘਰ 'ਚ ਜਨਮਦਿਨ ਦਾ ਜਸ਼ਨ ਮਨਾਇਆ ਜਾ ਰਿਹਾ ਸੀ ਜਦ ਕਿ ਕੁਝ ਲੋਕ ਛੱਤ 'ਤੇ ਸ਼ਰਾਬ ਪੀ ਰਹੇ ਸਨ।
ਅਧਿਕਾਰੀ ਨੇ ਕਿਹਾ ਕਿ ਪ੍ਰਮੋਦ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਮੁਲਜ਼ਮ ਵੱਲੋਂ ਕੀਤੀ ਗੋਲੀਬਾਰੀ ਦੌਰਾਨ ਇੱਕ ਗੋਲੀ ਉਸ ਦੇ ਚਿਹਰੇ 'ਤੇ ਲੱਗੀ।
ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜ਼ਖਮੀ ਨੂੰ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ਦੇ ਟਰਾਮਾ ਸੈਂਟਰ 'ਚ ਭਰਤੀ ਕਰਵਾਇਆ ਗਿਆ ਹੈ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ।
ਡਿਪਟੀ ਪੁਲੀਸ ਕਮਿਸ਼ਨਰ (ਦੱਖਣੀ) ਚੰਦਨ ਚੌਧਰੀ ਨੇ ਦੱਸਿਆ ਕਿ ਮੁਲਜ਼ਮ ਨੂੰ ਰਾਣੀ ਬਾਗ਼ ਇਲਾਕੇ ਵਿੱਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਸ ਕੋਲੋਂ ਇੱਕ ਦੇਸੀ ਪਿਸਤੌਲ ਵੀ ਬਰਾਮਦ ਕੀਤਾ ਗਿਆ ਹੈ।
ਰਣਪਾਲ ਖ਼ਿਲਾਫ਼ ਫ਼ਤਿਹਪੁਰ ਬੇਰੀ ਪੁਲਿਸ ਸਟੇਸ਼ਨ 'ਚ ਭਾਰਤੀ ਦੰਡਾਵਲੀ ਦੀ ਧਾਰਾ 307 (ਕਤਲ ਦੀ ਕੋਸ਼ਿਸ਼) ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਮੁਲਜ਼ਮ ਖ਼ਿਲਾਫ਼ ਉਕਤ ਥਾਣੇ ਵਿੱਚ ਚਾਰ ਕੇਸ ਦਰਜ ਹਨ।