
ਸਰਕਾਰ ਨੇ ਵਿਰੋਧੀ ਧਿਰ ਨੂੰ ਜ਼ਿੰਮੇਵਾਰ ਦਸਿਆ ,18 ਸਾਲ ਮਗਰੋਂ ਹੋਇਆ ਸੱਭ ਤੋਂ ਘੱਟ ਕੰਮ
ਲੋਕ ਸਭਾ ਵਿਚ ਹੰਗਾਮੇ ਕਾਰਨ ਅੱਜ ਲਗਾਤਾਰ 21ਵੇਂ ਦਿਨ ਵੀ ਕੋਈ ਕੰਮਕਾਜ ਨਹੀਂ ਹੋ ਸਕਿਆ। ਕਾਂਗਰਸ ਨੇ ਖ਼ੁਦ ਨੂੰ ਬੇਭਰੋਸਗੀ ਮਤੇ ਸਮੇਤ ਹਰ ਵਿਸ਼ੇ 'ਤੇ ਚਰਚਾ ਲਈ ਤਿਆਰ ਦਸਿਆ ਤਾਂ ਸਰਕਾਰ ਨੇ ਬਜਟ ਇਜਲਾਸ ਦੇ ਦੂਜੇ ਦੌਰ ਦੀ ਸ਼ੁਰੂਆਤ ਤੋਂ ਜਾਰੀ ਰੇੜਕੇ ਲਈ ਮੁੱਖ ਵਿਰੋਧੀ ਧਿਰ ਨੂੰ ਹੀ ਜ਼ਿੰਮੇਵਾਰ ਕਰਾਰ ਦਿਤਾ। ਸੰਸਦ ਦੇ ਬਜਟ ਇਜਲਾਸ ਦਾ ਦੂਜਾ ਦੌਰ ਪੂਰੀ ਤਰ੍ਹਾਂ ਹੰਗਾਮੇ ਦੀ ਭੇਟ ਚੜ੍ਹ ਚੁਕਾ ਹੈ ਅਤੇ ਹੁਣ ਇਸ ਦੇ ਖ਼ਤਮ ਹੋਣ ਵਿਚ ਇਕ ਦਿਨ ਦਾ ਸਮਾਂ ਬਚਿਆ ਹੈ। ਹੁਣ ਸੰਸਦ ਵਿਚ ਕੋਈ ਖ਼ਾਸ ਕੰਮ ਦੀ ਉਮੀਦ ਵੀ ਨਹੀਂ ਬਚੀ। ਅੱਜ ਵੀ ਅੰਨਾਡੀਐਮਕੇ ਦੇ ਮੈਂਬਰਾਂ ਦੇ ਹੰਗਾਮੇ ਕਾਰਨ ਸਦਨ ਵਿਚ ਪ੍ਰਸ਼ਨ ਕਾਲ ਅਤੇ ਸਿਫ਼ਰ ਕਾਲ ਨਹੀਂ ਚੱਲ ਸਕੇ। ਸਦਨ ਦੀ ਬੈਠਕ ਦੁਪਹਿਰ 12 ਵਜੇ ਸ਼ੁਰੂ ਹੋਈ ਤਾਂ ਤਾਮਿਲਨਾਡੂ ਦੀ ਸੱਤਾਧਿਰ ਪਾਰਟੀ ਦੇ ਮੈਂਬਰ ਪਿਛਲੇ ਦਿਨਾਂ ਵਾਂਗ ਹੀ ਕਾਵੇਰੀ ਬੋਰਡ ਦੇ ਗਠਨ ਦੀ ਮੰਗ ਸਬੰਧੀ ਨਾਹਰੇਬਾਜ਼ੀ ਕਰਦੇ ਹੋਏ ਸਦਨ ਦੇ ਨੇੜੇ ਆ ਗਏ।
Sansad
ਹੰਗਾਮੇ ਵਿਚਕਾਰ ਹੀ ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਨੇ ਜ਼ਰੂਰੀ ਕਾਗ਼ਜ਼ ਪੇਸ਼ ਕਰਵਾਏ। ਇਹ ਸਾਲ 2000 ਤੋਂ ਹੁਣ ਤਕ ਦਾ ਸੱਭ ਤੋਂ ਛੋਟਾ ਬਜਟ ਸੈਸ਼ਨ ਹੋਵੇਗਾ। ਭਾਵੇਂ ਸੰਸਦ ਵਿਚ 24 ਲੱਖ ਕਰੋੜ ਰੁਪਏ ਦਾ ਬਜਟ ਪਾਸ ਹੋਇਆ ਹੋਵੇ ਪਰ ਅਫ਼ਸੋਸ ਦੀ ਗੱਲ ਹੈ ਕਿ ਇਸ 'ਤੇ ਇਕ ਦਿਨ ਵੀ ਚਰਚਾ ਨਹੀਂ ਹੋ ਸਕੀ। ਸੰਸਦ ਮੈਂਬਰਾਂ ਨੇ ਲੋਕ ਸਭਾ ਵਿਚ ਬਜਟ 'ਤੇ ਚਰਚਾ ਵਿਚ ਸਿਰਫ਼ ਸਾਢੇ 14 ਘੰਟੇ ਲਗਾਏ, ਤੇ ਰਾਜਸਭਾ ਵਿਚ ਇਹ ਅੰਕੜਾ ਮਹਿਜ਼ 10.9 ਘੰਟੇ ਹੀ ਰਿਹਾ। ਆਮ ਤੌਰ 'ਤੇ ਸੈਸ਼ਨ ਦੇ ਕੁਲ ਸਮੇਂ ਦਾ ਕਰੀਬ 20 ਫ਼ੀ ਸਦ ਜਾਂ 33 ਘੰਟੇ ਬਜਟ ਸੈਸ਼ਨ 'ਤੇ ਚਰਚਾ ਵਿਚ ਲਗਦੇ ਸਨ ਪਰ ਇਸ ਵਾਰ ਇਹ ਅੰਕੜਾ ਕਾਫ਼ੀ ਹੇਠਾਂ ਪਹੁੰਚ ਗਿਆ ਹੈ। ਅੰਕੜਿਆਂ ਮੁਤਾਬਕ 18 ਸਾਲ ਮਗਰੋਂ ਸੰਸਦ ਵਿਚ ਇਸ ਵਾਰ ਸੱਭ ਤੋਂ ਘੱਟ ਕੰਮ ਹੋਇਆ। (ਏਜੰਸੀ)